image caption:

ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਹੋਵੇਗਾ ਸੁਰੱਖਿਆ ਸਮਝੌਤਾ

 ਕੈਨਬਰਾ- ਪਾਪੂਆ ਨਿਊ ਗਿਨੀ ਆਸਟ੍ਰੇਲੀਆ ਨਾਲ ਸੁਰੱਖਿਆ ਸਮਝੌਤਾ ਕਰਨ ਜਾ ਰਿਹਾ ਹੈ। ਇਸ ਦਾ ਐਲਾਨ ਕੀਤਾ ਗਿਆ ਹੈ।ਇਸ ਫ਼ੈਸਲੇ ਨੂੰ ਇਲਾਕੇ ਵਿਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣ ਦੇ ਤੌਰ ਉਤੇ ਦੇਖਿਆ ਜਾ ਰਿਹਾ ਹੈ।ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਵਿਚਾਲੇ ਵਿਦੇਸ਼ ਮੰਤਰੀ ਪੱਧਰੀ ਮੀਟਿੰਗਾਂ ਤੋਂ ਬਾਅਦ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਗਿਆ।ਚੀਨ ਨੇ ਵੀ ਕੁਝ ਮਹੀਨੇ ਪਹਿਲਾਂ ਹੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਸੋਲੋਮਨ ਟਾਪੂ ਨਾਲ ਸੁਰੱਖਿਆ ਸਮਝੌਤਾ ਕੀਤਾ ਸੀ।ਸਮਝੌਤੇ ਤਹਿਤ ਚੀਨੀ ਫੌਜ ਨੂੰ ਸੋਲੋਮਨ ਟਾਪੂ 'ਚ ਰਹਿਣ ਅਤੇ ਐਮਰਜੈਂਸੀ 'ਚ ਬਲ ਦੀ ਵਰਤੋਂ ਕਰਨ ਦਾ ਅਧਿਕਾਰ ਮਿਲ ਗਿਆ ਹੈ।ਜਾਣਕਾਰੀ ਮੁਤਾਬਿਕ ਚੀਨ ਅਤੇ ਸੋਲੋਮਨ ਟਾਪੂ ਨਾਲ ਹੋਏ ਸੁਰੱਖਿਆ ਸਮਝੌਤੇ ਤੋਂ ਆਸਟ੍ਰੇਲੀਆ ਪਰੇਸ਼ਾਨ ਸੀ।ਆਸਟ੍ਰੇਲੀਆ ਨੇ ਸਿੱਧੇ ਤੌਰ 'ਤੇ ਇਸ ਸਮਝੌਤੇ ਨੂੰ ਆਪਣੀ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਿਆ ਸੀ।ਇਸੇ ਪ੍ਰੇਸ਼ਾਨੀ ਕਾਰਨ ਆਸਟ੍ਰੇਲੀਆ ਵਿਚ ਸੱਤਾ ਤਬਦੀਲੀ ਤੋਂ ਬਾਅਦ ਵਿਦੇਸ਼ ਮੰਤਰੀ ਬਣੇ ਪੈਨੀ ਵੋਂਗ ਨੇ ਫਿਜੀ, ਸਮੋਆ, ਟੋਂਗਾ, ਨਿਊਜ਼ੀਲੈਂਡ ਅਤੇ ਸੋਲੋਮਨ ਟਾਪੂ ਦੇ ਵੱਖ-ਵੱਖ ਦੌਰੇ ਵੀ ਕੀਤੇ।ਇਸ ਤੋਂ ਇਲਾਵਾ ਉਨ੍ਹਾਂ ਨੇ ਪੈਸੀਫਿਕ ਆਈਲੈਂਡ ਫੋਰਮ ਸੰਮੇਲਨ ਦੌਰਾਨ ਪ੍ਰਸ਼ਾਂਤ ਮਹਾਸਾਗਰ ਦੇ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਗੱਲਬਾਤ ਜਾਰੀ ਰੱਖੀ।ਪਾਪੂਆ ਨਿਊ ਗਿਨੀ ਨੇ ਨਾ ਸਿਰਫ ਆਸਟ੍ਰੇਲੀਆ ਨਾਲ ਸੁਰੱਖਿਆ ਸਮਝੌਤੇ 'ਚ ਦਿਲਚਸਪੀ ਦਿਖਾਈ ਹੈ, ਸਗੋਂ ਟਿਮੋਰ-ਲੇਸਟੇ ਨੇ ਹੁਣੇ-ਹੁਣੇ ਰੱਖਿਆ ਸਹਿਯੋਗ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।