image caption:

ਮਥੁਰਾ ‘ਚ 581 ਕਿਲੋ ਗਾਂਜਾ ਡਕਾਰ ਗਏ ਨਸ਼ੇੜੀ ਚੂਹੇ

ਮਥੁਰਾ ਵਿੱਚ ਨਸ਼ੇੜੀ ਚੂਹਿਆਂ ਤੋਂ ਸਥਾਨਕ ਪੁਲਿਸ ਵੀ ਪ੍ਰੇਸ਼ਾਨ ਹੈ। ਹਾਲਾਤ ਇਹ ਹਨ ਕਿ ਮਾਲਖਾਨੇ ਵਿੱਚ ਰੱਖੇ 581 ਕਿਲੋ ਗਾਂਜੇ ਨੂੰ ਵੀ ਚੂਹੇ ਡਕਾਰ ਗਏ । ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਦਾਲਤ ਨੇ ਇਸ ਸਬੰਧੀ ਪੁਲਿਸ ਤੋਂ ਜਵਾਬ ਮੰਗਿਆ । ਆਪਣੇ ਜਵਾਬ ਵਿੱਚ ਪੁਲਿਸ ਨੇ ਵੀ ਚੂਹਿਆਂ ਦੀ ਦਹਿਸ਼ਤ ਨਾਲ ਨਜਿੱਠਣ ਵਿੱਚ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ । ਦਰਅਸਲ, ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ 581 ਕਿਲੋ ਗਾਂਜੇ ਦੀ ਖੇਪ ਮਾਲਖਾਨੇ ਜਮ੍ਹਾਂ ਕਰਵਾਈ ਸੀ।

ਇਹ ਪੂਰਾ ਮਾਮਲਾ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਸਾਲ 2018 ਵਿੱਚ 386 ਅਤੇ 195 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਾਲ ਸਬੰਧਤ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਸਬੂਤ ਵਜੋਂ ਗਾਂਜੇ ਦੇ ਨਮੂਨੇ ਅਦਾਲਤ ਵਿੱਚ ਪੇਸ਼ ਕੀਤੇ ਸਨ । ਇਸ ਮਾਮਲੇ ਵਿੱਚ ਜੱਜ ਨੇ ਪੁਲਿਸ ਨੂੰ ਗਾਂਜੇ ਦੇ ਪੈਕੇਟ ਨੂੰ ਸੀਲ ਸਮੇਤ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਜਵਾਬ ਵਿੱਚ ਪੁਲਿਸ ਨੇ ਕਿਹਾ ਕਿ ਮਾਲਖਾਨੇ ਵਿੱਚ ਰੱਖੇ ਗਾਂਜੇ ਨੂੰ ਚੂਹੇ ਖਾ ਗਏ। ਇਸ ਲਈ ਗਾਂਜੇ ਦੀ ਖੇਪ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਜਾ ਸਕਦੀ।

ਦੱਸ ਦੇਈਏ ਕਿ ਇਸ ਦੇ ਨਾਲ ਹੀ ਪੁਲਿਸ ਵੱਲੋਂ ਅਦਾਲਤ ਅੱਗੇ ਬੇਵਸੀ ਵੀ ਜ਼ਾਹਰ ਕੀਤੀ ਗਈ ਹੈ । ਪੁਲਿਸ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਮਾਲਖਾਨੇ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਮਾਲ ਨੂੰ ਚੂਹਿਆਂ ਤੋਂ ਬਚਾਇਆ ਜਾ ਸਕੇ । ਪੁਲਿਸ ਵੱਲੋਂ ਦਿੱਤੇ ਜਵਾਬ ਵਿੱਚ ਕਿਹਾ ਗਿਆ ਕਿ ਜੋ ਵੀ ਗਾਂਜਾ ਬਚਿਆ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਦਾਲਤ ਨੇ ਥਾਣਾ ਮਾਲਖਾਨੇ ਵਿੱਚ ਵਧ ਰਹੇ ਚੂਹਿਆਂ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਨੂੰ ਕਾਰਗਰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ।