image caption:

ਅਸ਼ਲੀਲ ਵੀਡੀਓ ਮਾਮਲੇ 'ਚ ਲੰਗਾਹ ਤਨਖਾਹੀਆ ਕਰਾਰ, ਗੁਰਦੁਆਰਾ ਕਮੇਟੀ ਮੈਂਬਰ ਬਣਨ 'ਤੇ ਵੀ ਰੋਕ, 21 ਦਿਨ ਦੀ ਲੱਗੀ ਸੇਵਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ। ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਤੇ ਬਜਰ ਕੁੁਰਾਇਤ ਕਬੂਲ ਲਈ ਹੈ। ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। 1 ਘੰਟਾ ਕੀਰਤਨ ਪਰਿਕਰਮਾ 'ਚ ਕੀਰਤਨ ਸਰਵਨ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਸੇਵਾ ਲਗਾਈ ਹੈ। ਲੰਗਾਹ ਦੇ 5 ਸਾਲ ਲਈ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ 'ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਸਿੰਘ ਸਾਹਿਬਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਆਸੀ ਤੌਰ 'ਤੇ ਵਿਚਰ ਸਕਦੇ ਹਨ।

ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਦਿਨ ਢਾਡੀ ਜਥੇ ਦਾ ਸਤਿਕਾਰ ਕਰਦੇ ਹੋਏ ਹਰੇਕ ਢਾਡੀ ਜੱਥੇ ਨੂੰ 5100 ਰੁਪਏ ਭੇਟਾ ਦੇਣ ਅਤੇ ਲੰਗਰ ਤਿਆਰ ਕਰਕੇ ਛਕਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ। 5100 ਰੁਪਏ ਗੋਲਕ ਵਿਚ ਸੇਵਾ ਪਾਉਣ ਅਤੇ ਅਰਦਾਸ ਕਰਾਉਣ।

ਉੱਥੇ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੀਨ 'ਚੋਂ ਛਪਾਈ ਕਰਵਾਉਣ ਦੇ ਮਾਮਲੇ 'ਚ ਰਾਜਵੰਤ ਸਿੰਘ, ਭਜਨੀਕ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ। ਅਮਰੀਕਾ 'ਚ ਥਮਿੰਦਰ ਸਿੰਘ ਵੱਲੋਂ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ 'ਚ ਗੁਰਦਰਸ਼ਨ ਸਿੰਘ ਨੇ ਲਿਖਤੀ ਰੂਪ 'ਚ ਮਾਫ਼ੀਨਾਮਾ ਭੇਜਿਆ। ਇਨ੍ਹਾਂ ਉੱਪਰ ਪਾਵਨ ਸਰੂਪਾਂ ਨੂੰ ਡੱਬਿਆਂ 'ਚ ਪੈਕ ਕਰ ਕੇ ਪਾਰਸਲ ਕਰਾਉਣ ਦਾ ਦੋਸ਼ ਹੈ। ਪੰਜ ਸਿੰਘ ਸਾਹਿਬਾਨ ਨੇ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ।

ਲੰਗਾਹ ਖ਼ਿਲਾਫ਼ 29 ਸਤੰਬਰ 2017 ਨੂੰ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ &rsquoਤੇ ਕੇਸ ਦਰਜ ਕੀਤਾ ਗਿਆ ਸੀ। ਮਹਿਲਾ ਨੇ ਦੋਸ਼ ਲਾਇਆ ਸੀ ਕਿ ਲੰਗਾਹ 2009 ਤੋਂ ਉਸ ਦਾ ਜਿਣਸੀ ਸ਼ੋਸ਼ਣ ਕਰ ਰਿਹਾ ਸੀ। ਇਸ ਦੀ ਇਕ ਵੀਡੀਓ ਕਲਿੱਪ ਵੀ ਸਾਹਮਣੇ ਆਈ ਸੀ। ਬਾਅਦ ਵਿੱਚ ਗੁਰਦਾਸਪੁਰ ਪੁਲਿਸ ਨੇ ਲੰਗਾਹ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। 5 ਅਕਤੂਬਰ 2017 ਨੂੰ ਲੰਗਾਹ ਨੇ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ। ਹਾਲਾਂਕਿ ਅਦਾਲਤ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੋਂ ਪਿੱਛੇ ਹਟਣ ਤੋਂ ਬਾਅਦ ਲੰਗਾਹ ਨੂੰ ਬਰੀ ਕਰ ਦਿੱਤਾ ਸੀ।