image caption:

ਲੰਡਨ 'ਚ ਤਿਰੰਗਾ ਉਤਾਰੇ ਜਾਣ 'ਤੇ ਭੜਕੇ ਮਨਜਿੰਦਰ ਸਿਰਸਾ

 'ਵਾਰਿਸ ਪੰਜਾਬ ਦੇ' ਚੀਫ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਤੋਂ ਬਾਅਦ ਬਰਤਾਨੀਆ 'ਚ ਖਲਬਲੀ ਮਚ ਗਈ ਹੈ। ਐਤਵਾਰ ਨੂੰ ਖਾਲਿਸਤਾਨ ਸਮਰਥਕਾਂ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਹਾਤੇ ਵਿੱਚ ਹੰਗਾਮਾ ਕੀਤਾ। ਇਸ ਦੌਰਾਨ ਤਿਰੰਗਾ ਉਤਾਰ ਕੇ ਸੁੱਟ ਦਿੱਤਾ ਗਿਆ। ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਮਨਜਿੰਦਰ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਘਿਣਾਉਣਾ! ਇਹ ਕਾਇਰਤਾ ਭਰੀ ਕਾਰਵਾਈ ਹੈ। ਤਿਰੰਗਾ ਸਾਡਾ ਮਾਣ ਹੈ। ਬਹੁਤ ਸਾਰੇ ਸਿੱਖ ਸਿਪਾਹੀ ਇਸ ਦੀ ਰਾਖੀ ਕਰਦੇ ਹਨ। ਇਹ ਕਾਇਰਾਨਾ ਹਰਕਤਾਂ ਕਰਨ ਵਾਲੇ ਸਿੱਖਾਂ ਦੇ ਦੁਸ਼ਮਣ ਹਨ।

ਉਧਰ, ਭਾਰਤ ਨੇ ਇਸ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਦੇ ਉਪ ਮੁਖੀ ਨੂੰ ਤਲਬ ਕੀਤਾ ਹੈ। ਹਾਈ ਕਮਿਸ਼ਨਰ ਐਲੇਕਸ ਐਲਿਸ ਫਿਲਹਾਲ ਦਿੱਲੀ ਤੋਂ ਬਾਹਰ ਹਨ।

ਇੱਕ ਸਖ਼ਤ ਬਿਆਨ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਯੂਕੇ ਵਿੱਚ ਭਾਰਤੀ ਡਿਪਲੋਮੈਟਿਕ ਕੰਪਲੈਕਸਾਂ ਤੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਯੂਕੇ ਸਰਕਾਰ ਦੀ ਉਦਾਸੀਨਤਾ ਦੇਖੀ ਹੈ, ਜੋ ਅਸਵੀਕਾਰਨਯੋਗ ਹੈ।

ਭਾਰਤ ਵਿੱਚ ਬ੍ਰਿਟਿਸ਼ ਰਾਜਦੂਤ ਐਲੇਕਸ ਐਲਿਸ ਨੇ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹੰਗਾਮੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਲੋਕਾਂ ਅਤੇ ਅਹਾਤੇ ਵਿੱਚ ਹੋਏ ਅੱਜ ਦੇ ਸ਼ਰਮਨਾਕ ਕਾਰੇ ਦੀ ਨਿੰਦਾ ਕਰਦਾ ਹਾਂ।