image caption:

ਧਰਤੀ ਹੇਠਲੇ ਪਾਣੀ ਦੀ ਹਾਲਤ ਸੁਧਾਰਨ ਲਈ ਅਪਣਾਈ ਜਾਵੇ ਠੋਸ ਨੀਤੀ : SGPC ਪ੍ਰਧਾਨ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂਕੇ ਵੱਲੋਂ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ &lsquoਲਿਵਿੰਗ ਵਾਟਰ ਫਾਰ ਆਲ&rsquo ਸੰਮੇਲਨ ਦੇ ਦੂਸਰੇ ਦਿਨ ਸ਼ਿਰਕਤ ਕੀਤੀ। ਇਹ ਸੰਮੇਲਨ ਸੰਯੁਕਤ ਰਾਸ਼ਟਰ ਵੱਲੋਂ ਇਸ ਸਾਲ 2023 &rsquoਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਦੇ ਅੰਤਰਗਤ ਸਮਾਗਮਾਂ ਤਹਿਤ ਅਯੋਜਿਤ ਕੀਤਾ ਗਿਆ ਹੈ।

ਸੰਮੇਲਨ ਦੌਰਾਨ &lsquoਧਰਤੀ ਹੇਠਲੇ ਪਾਣੀ ਦੇ ਭੰਡਾਰਨ, ਨਿਘਾਰ ਅਤੇ ਸਥਿਰਤਾ-ਪੰਜਾਬ ਹਾਲਤ &rsquoਤੇ ਅਧਿਐਨ&rsquo ਵਿਸ਼ੇ ਉੱਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪਾਣੀ ''ਤੇ ਚਿੰਤਨ ਮੰਥਨ ਕਰਨਾ ਇਕ ਸੁਹਿਰਦ ਪਹੁੰਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਕਟ ਵੱਲ ਵੱਧ ਰਹੀ ਹੈ। ਪੰਜਾਬ ਵਿੱਚ ਇਸ ਅਹਿਮ ਅਤੇ ਅਤਿ ਸੰਵੇਦਨਸ਼ੀਲ ਵਿਸ਼ੇ ''ਤੇ ਬਿਨਾਂ ਕਿਸੇ ਦੇਰੀ ਵਿਚਾਰ ਚਰਚਾ ਕਰਨੀ ਅਤੇ ਸੁਧਾਰ ਲਈ ਲੋੜੀਦੀਆਂ ਠੋਸ ਨੀਤੀਆਂ ਅਪਣਾਉਣੀਆਂ ਬੇਹੱਦ ਜ਼ਰੂਰੀ ਹਨ।

ਐਡਵੋਕੇਟ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂਕੇ ਵੱਲੋਂ ਕਰਵਾਏ ਗਏ ਸੰਮੇਲਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਮੇਲਨ ਰਾਹੀਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੰਦੇਸ਼ ਨੂੰ ਵਿਚਾਰ ਦਾ ਹਿੱਸਾ ਬਣਾਉਣਾ ਸਾਰਥਿਕ ਅਮਲ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਸਾਨੂੰ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਸਿੱਖਿਆ ਦਿੰਦੀ ਹੈ, ਇਸ ਲਈ ਸਾਡੀ ਪਹਿਲ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੋਣੀ ਚਾਹੀਦੀ ਹੈ।

ਐਡਵੋਕੇਟ ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਪੰਜਾਬ ਅਤੇ ਵਿਸ਼ਵ ਪੱਧਰ ''ਤੇ ਜਲ ਜਾਗਰੂਕਤਾ ''ਤੇ ਸਾਂਝੇ ਰੂਪ ਵਿੱਚ ਕੰਮ ਕਰਨ ਲਈ ਇਸ ਸੰਮੇਲਨ ਰਾਹੀਂ ਵੱਖ-ਵੱਖ ਧਾਰਮਿਕ ਆਗੂਆਂ ਅਤੇ ਪੇਸ਼ੇਵਰ ਮਾਹਿਰਾਂ ਨੂੰ ਇਕੱਠਾ ਕਰਨ ਦਾ ਕਾਰਜ ਕਰਨਾ ਸ਼ਲਾਘਾਯੋਗ ਹੈ।

ਸੰਮੇਲਨ ਵਿੱਚ ਸੰਬੋਧਨ ਕਰਦਿਆਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂਕੇ ਨੇ ਕਿਹਾ ਕਿ ਦਇਆ, ਜ਼ੁੰਮੇਵਾਰੀ, ਸੰਤੁਸ਼ਟੀ, ਨਿਮਰਤਾ, ਆਸ਼ਾਵਾਦ ਅਤੇ ਪਿਆਰ ਦੀ ਭਰਪੂਰਤਾ ਵਰਗੇ ਗੁਣਾਂ ਅਤੇ ਕਦਰਾਂ-ਕੀਮਤਾਂ ਵਾਲੇ ਚੰਗੇ ਮਨੁੱਖਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਤਬਦੀਲੀ ਨੂੰ ਤੇਜ਼ ਕਰਨ ਅਤੇ ਹਾਲਤ ਵਿੱਚ ਅੰਤਰ ਲਿਆਉਣ ਲਈ ਸਾਨੂੰ ਵਿਗਿਆਨਕ ਗਿਆਨ ਅਤੇ ਧਾਰਮਿਕ ਬੁੱਧੀ ਦੋਵਾਂ ਦੀ ਲੋੜ ਹੈ। ਕੁਦਰਤੀ ਸੋਮੇ ਤੇ ਖਾਸਕਰ ਪਾਣੀ ਮਨੁੱਖ ਲਈ ਅਹਿਮ ਹਨ, ਜਿਨ੍ਹਾਂ ਲਈ ਸਾਰਥਕ ਸੋਚ ਤੇ ਚਿੰਤਨ ਲਾਜਮੀ ਹੈ।

ਇਸ ਸੰਮੇਲਨ ਦੌਰਾਨ ਦਲਾਈ ਲਾਮਾ ਨੇ ਰਿਮੋਟ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਇਸ ਤੋਂ ਇਲਾਵਾ ਲਿਵਿੰਗ ਪੀਸ ਪ੍ਰੋਜੈਕਟਸ ਤੋਂ ਬ੍ਰਿਗੇਟ ਵਾਨ ਬੈਰੇਨ, ਸਵਾਮੀ ਅਵੇਸ਼ਾਨੰਦ ਗਿਰੀ, ਸਵਾਮੀ ਚਿਦਾਨੰਦ ਸਰਸਵਤੀ, ਜੋਨਾਥਨ ਗ੍ਰੈਨੋਫ, ਆਈਆਈਟੀ ਰੁੜਕੀ ਦੇ ਪ੍ਰੋਫੈਸਰ ਡਾ. ਸ਼ਰਦ ਜੈਨ ਅਤੇ ਡਾ. ਭੁਪਿੰਦਰ ਸਿੰਘ ਅਤੇ ਹੋਰ ਮਾਹਰਾਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਭਾਈ ਇੰਦਰਜੀਤ ਸਿੰਘ ਬਿੱਟੂ ਸਹ ਆਯੋਜਕ, ਭਾਈ ਅਮਰੀਕ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ਼ਾਹਬਾਜ਼ ਸਿੰਘ ਆਦਿ ਹਾਜ਼ਰ ਰਹੇ।