image caption:

ਇੰਡੀਗੋ ਫਲਾਈਟ 'ਚ ਦੋ ਯਾਤਰੀਆਂ ਨੇ ਦਾਰੂ ਪੀ ਕੇ ਕੀਤਾ ਹੰਗਾਮਾ

ਉਡਦੇ ਜਹਾਜ਼ ਵਿਚ ਯਾਤਰੀਆਂ ਵੱਲੋਂ ਹੰਗਾਮਾ, ਦੁਰਵਿਵਹਾਰ ਕਰਨ ਅਤੇ ਹਵਾਈ ਨਿਯਮਾਂ ਨੂੰ ਤੋੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ਵਿਚ ਸਾਹਮਣੇ ਆਇਆ ਹੈ। ਜਿੱਥੇ ਦੁਬਈ ਤੋਂ ਕੰਮ ਕਰਕੇ ਪਰਤ ਰਹੇ 2 ਯਾਤਰੀਆਂ ਨੇ ਸ਼ਰਾਬ ਪੀ ਕੇ ਹੰਗਾਮਾ ਕੀਤਾ ਅਤੇ ਨਸ਼ੇ ਦੀ ਹਾਲਤ 'ਚ ਫਲਾਈਟ ਦੇ ਕਰੂ ਮੈਂਬਰ ਅਤੇ ਸਹਿ ਯਾਤਰੀਆਂ ਨਾਲ ਬਦਸਲੂਕੀ ਕੀਤੀ। ਇਸ ਮਾਮਲੇ ਵਿਚ ਏਅਰਲਾਈਨਜ਼ ਦੀ ਸ਼ਿਕਾਇਤ ਉਤੇ ਮੁੰਬਈ ਪੁਲਿਸ ਨੇ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਰਿਪੋਰਟ ਮੁਤਾਬਕ ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਫਲਾਈਟ ਵਿਚ ਦੋ ਯਾਤਰੀਆਂ ਨੇ ਸ਼ਰਾਬ ਪੀ ਕੇ ਕਾਫੀ ਹੰਗਾਮਾ ਕੀਤਾ। ਦੋਵੇਂ ਵਿਅਕਤੀ ਇੱਕ ਸਾਲ ਦੁਬਈ ਵਿੱਚ ਕੰਮ ਕਰਨ ਤੋਂ ਬਾਅਦ ਭਾਰਤ ਪਰਤ ਰਹੇ ਸਨ। ਘਰ ਪਰਤਣ ਦੀ ਖੁਸ਼ੀ 'ਚ ਦੋਵਾਂ ਨੇ ਫਲਾਈਟ 'ਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਨਸ਼ੇ ਦੀ ਹਾਲਤ 'ਚ ਕਾਫੀ ਹੰਗਾਮਾ ਕੀਤਾ। ਇਸ ਤੋਂ ਬਾਅਦ ਫਲਾਈਟ 'ਚ ਮੌਜੂਦ ਹੋਰ ਯਾਤਰੀਆਂ ਤੇ ਕਰੂ ਮੈਂਬਰਾਂ ਨੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨਾਲ ਬਦਤਮੀਜ਼ੀ ਵਾਲਾ ਵਿਵਹਾਰ ਕੀਤਾ। ਮੁੰਬਈ ਪੁਲਿਸ ਨੇ ਏਅਰਲਾਈਨ ਸਟਾਫ਼ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰਕੇ ਨਾਲਾਸੋਪਾਰਾ ਦੇ ਜਾਨ ਜੀ ਡਿਸੂਜ਼ਾ (49) ਅਤੇ ਕੋਲਹਾਪੁਰ ਦੇ ਮਾਨਬੇਟ ਦੇ ਦੱਤਾਤ੍ਰੇਯ ਬਾਪਰਡੇਕਰ (47) ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਜਸ਼ਨ ਮਨਾਉਣ ਲਈ ਸ਼ਰਾਬ ਦੀ ਅੱਧੀ ਬੋਤਲ ਹਵਾ ਵਿਚ ਉਛਾਲੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਦੋਵਾਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਦੇ ਤਹਿਤ ਦੂਜਿਆਂ ਦੀ ਜਾਨ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਅਤੇ ਸੰਬੰਧਤ ਏਅਰਕ੍ਰਾਫਟ ਨਿਯਮਾਂ ਦੀ ਉਲੰਘਣਾ ਕਰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ 'ਚ ਅਜਿਹਾ 7ਵਾਂ ਮਾਮਲਾ ਹੈ। ਰਿਪੋਰਟ ਮੁਤਾਬਕ ਜਦੋਂ ਫਲਾਈਟ ਨੇ ਦੁਬਈ ਤੋਂ ਮੁੰਬਈ ਲਈ ਉਡਾਨ ਭਰੀ ਤਾਂ ਦੋਵੇਂ ਯਾਤਰੀਆਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਨਾਲ ਬੈਠੇ ਯਾਤਰੀਆਂ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਦੋਵੇਂ ਯਾਤਰੀ ਗੁੱਸੇ 'ਚ ਆ ਗਏ ਅਤੇ ਗਾਲੀ-ਗਲੋਚ ਕਰਨ ਲੱਗੇ |