ਗੜਗੱਜ ਨੂੰ ਜਥੇਦਾਰੀ ਤੋਂ ਲੁਹਾ ਕੇ ਸਾਹ ਲੈਣਗੇ ਹਰਨਾਮ ਧੁੰਮਾ!
ਅੰਮ੍ਰਿਤਸਰ : ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ &rsquoਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਪੈਦਾ ਹੋਈ ਸੰਕਟ ਦੀ ਸਥਿਤੀ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਧੁੰਮਾ ਨਾਲ ਮੁਲਾਕਾਤ ਕਰਨ ਲਈ ਪੁੱਜਿਆ, ਜਿੱਥੇ 2 ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਨਿਯੁਕਤੀ ਅਤੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ ਪਰ ਜਿਸ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਅਤੇ ਰਾਤ ਦੇ ਸਮੇਂ ਉਹਨਾਂ ਨੂੰ ਅਹੁਦੇ &rsquoਤੇ ਬਿਠਾਇਆ ਗਿਆ ਉਹ ਮਰਿਆਦਾ ਦਾ ਘਾਣ ਹੈ ਕਿਉਂਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਸਾਰੀਆਂ ਸੰਪਰਦਾਵਾਂ ਸਿੱਖ ਜਥੇਬੰਦੀਆਂ ਤੇ ਟਕਸਾਲ ਜਾ ਕੇ ਉਹਨਾਂ ਦੀ ਦਸਤਾਰਬੰਦੀ ਕਰਦੀਆਂ ਹਨ ਪਰ ਰਾਤ ਦੇ ਸਮੇਂ ਉਹਨਾਂ ਦੀ ਇਸ ਤਰੀਕੇ ਦਸਤਾਰਬੰਦੀ ਕਰਨੀ ਮਰਿਆਦਾ ਦੀ ਉਲੰਘਣਾ ਹੈ।