ਕੈਨੇਡਾ ਪੋਸਟ ਵੱਲੋਂ ਸਿੱਖ ਸੈਨਿਕਾਂ ਦੇ ਸਨਮਾਨ ’ਚ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਦਾ ਐਲਾਨ

ਕੈਨੇਡਾ ਪੋਸਟ ਵੱਲੋਂ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸੇਵਾ ਨੂੰ ਸਲਾਮ ਕਰਦੇ ਹੋਏ ਇੱਕ ਵਿਸ਼ੇਸ਼ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਡਾਕ ਟਿਕਟ 2 ਨਵੰਬਰ ਨੂੰ ਹੋਣ ਵਾਲੇ 18ਵੇਂ ਸਾਲਾਨਾ ਸਿੱਖ ਰਿਮੈਂਬਰੈਂਸ ਡੇਅ ਸਮਾਰੋਹ ਦੌਰਾਨ ਜਾਰੀ ਕੀਤੀ ਜਾਵੇਗੀ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕੈਨੇਡਾ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟਿਕਟ ਸਿੱਖ ਭਾਈਚਾਰੇ ਲਈ ਮਾਣ ਦਾ ਵਿਸ਼ਾ ਹੈ ਕਿਉਂਕਿ ਇਹ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਨੂੰ ਯਾਦ ਕਰਦੀ ਹੈ।
ਇਹ ਟਿਕਟ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਅੱਜ ਤੱਕ ਫੌਜ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਇਤਿਹਾਸਕ ਤੌਰ &rsquoਤੇ, ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਕੇਵਲ 10 ਸਿੱਖ ਸੈਨਿਕਾਂ ਨੂੰ ਕੈਨੇਡੀਅਨ ਫੌਜ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲੀ ਸੀ। ਰਿਮੈਂਬਰੈਂਸ ਡੇਅ ਸਮਾਰੋਹ ਹਰੇਕ ਸਾਲ ਪ੍ਰਾਈਵੇਟ ਬੁੱਕਣ ਸਿੰਘ ਦੀ ਕਬਰ &rsquoਤੇ ਮਨਾਇਆ ਜਾਂਦਾ ਹੈ, ਜੋ ਕਿ ਵਿਸ਼ਵ ਯੁੱਧਾਂ ਵਿੱਚੋਂ ਕੈਨੇਡਾ ਦੇ ਇੱਕ ਸਿੱਖ ਸੈਨਿਕ ਦੀ ਇਕਲੌਤੀ ਜਾਣੀ-ਪਛਾਣੀ ਕਬਰ ਹੈ। ਇਸ ਸਾਲ ਦਾ ਸਮਾਗਮ ਵਿਸ਼ੇਸ਼ ਹੋਵੇਗਾ ਕਿਉਂਕਿ ਇਸ ਦੌਰਾਨ ਪਹਿਲੀ ਵਾਰ ਜਨਤਾ ਲਈ ਇਹ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਜਾਵੇਗੀ।