ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ, 350 ਸਾਲਾ ਸ਼ਹੀਦੀ ਨਗਰ ਕੀਰਤਨ ਵਿਚ ਅੜਿਕੇ ਪਾਉਣ, ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਅਤੇ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਦੋਸ਼ ਲਗਾ ਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਸਿਆਸੀ ਆਕਾ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ 'ਤੇ ਕੀਤੀ ਗਈ ਕਾਨਫਰੰਸ ਵਿਚ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਕਮੇਟੀ ਐਕਟ ਦੀ ਜਿਸ ਧਾਰਾ ਦੀ ਵਰਤੋਂ ਕਰਕੇ ਉਨ੍ਹਾਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਢਕਵੰਜ ਕੀਤਾ ਹੈ ਓਹ ਧਾਰਾ ਇਕ ਕਮੇਟੀ ਬਣਾ ਕੇ ਪ੍ਰਪੋਜ਼ਲ ਦੇਣ ਲਈ ਦਸਦੀ ਹੈ ਨਾਂ ਕਿ ਕਿਸੇ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਹਕ਼ ਦੇਂਦੀ ਹੈ । ਉਨ੍ਹਾਂ ਕਿਹਾ 2022 ਤੋਂ ਦਿੱਲੀ ਪੁਲਿਸ ਦੇ ਏਸੀਬੀ ਕੋਲ ਕਾਲਕਾ, ਸਿਰਸਾ, ਵਿਰਕ ਅਤੇ ਵਿਕਰਮਜੀਤ ਸਿੰਘ ਉਪਰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲੰਬਿਤ ਹੈ। ਉਨ੍ਹਾਂ ਦਸਿਆ ਕਿ ਤਾਰੀਖ 18 ਅਗਸਤ ਦੇ ਨੋਟਿਸ ਸਬੰਧੀ ਡਾਇਰੀ ਨੰਬਰ 1031 ਹੇਠ 12 ਨਵੰਬਰ ਨੂੰ ਦਿੱਤੀ ਗਈ ਅੰਤਰਿਮ ਪ੍ਰਤੀਕਿਰਿਆ ਵਿੱਚ, ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਚੰਢੋਕ, ਵਿਕਰਮਜੀਤ ਸਿੰਘ, ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ, ਸਰਬਜੀਤ ਸਿੰਘ ਵਿਰਕ, ਮੋਹਿੰਦਰ ਪਾਲ ਸਿੰਘ ਚੱਢਾ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਦਸਤਾਵੇਜ਼ਾਂ ਦੀ ਫਿਰ ਤੋਂ ਜਾਂਚ ਦੀ ਮੰਗ ਕੀਤੀ ਗਈ । ਉਨ੍ਹਾਂ ਕਿਹਾ ਜਦਕਿ ਜਿਨ੍ਹਾਂ ਮੈਂਬਰਾਂ ਨੇ ਕਮੇਟੀ ਐਕਟ ਦੀ ਦੁਰਵਰਤੋਂ ਕੀਤੀ ਉਨ੍ਹਾਂ ਤੇ ਕਿਸੇ ਕਿਸਮ ਦੀ ਕੌਈ ਕਾਰਵਾਈ ਨਹੀਂ ਹੋਈ ਪਰ ਸਾਡੇ ਵਲੋਂ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕਰਦਿਆਂ ਹੀ ਸਾਡੇ ਵਿਰੁੱਧ ਕਾਰਵਾਈ ਕਰ ਦਿੱਤੀ । ਸਰਨਾ ਨੇ ਕਿਹਾ ਕਿ ਜਦੋਂ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਦੇ ਸਾਰੇ ਹੱਥਕੰਡੇ ਫੇਲ ਹੁੰਦੇ ਨਜ਼ਰ ਆਏ ਤਾਂ ਕਾਲਕਾ ਟੀਮ ਨੇ ਨਗਰ ਕੀਰਤਨ ਦੌਰਾਨ ਹੀ ਜਨਰਲ ਇਜਲਾਸ ਸੱਦ ਕੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦਾ ਢੱਕਵੰਜ ਰਚਿਆ ਅਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਜਨਰਲ ਇਜਲਾਸ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਤਾਂ ਕਾਲਕਾ ਟੀਮ ਨੇ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਹੋਏ ਸਿੱਧੇ ਤੌਰ 'ਤੇ ਸ੍ਰੀ ਅਕਾਲ ਤਖਤ ਨੂੰ ਵੀ ਪਿੱਠ ਦਿਖਾਉਣ ਤੋਂ ਸ਼ਰਮ ਮਹਿਸੂਸ ਨਹੀਂ ਕੀਤੀ।