ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਜੀ 7 ਮੀਟਿੰਗ ਦੌਰਾਨ ਕੈਨੇਡੀਅਨ ਸਿੱਖਾਂ ਵਲੋਂ 36 ਘੰਟੇ ਦਾ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਕੈਨੇਡਾ ਵਲੋਂ ਜੀ 7 ਦੀ ਮੀਟਿੰਗ ਵਿਚ ਹਾਜ਼ਿਰੀ ਭਰਣ ਦੇ ਦਿੱਤੇ ਸੱਦੇ ਤੋਂ ਬਾਅਦ, ਜਦੋ ਕੈਨੇਡੀਅਨ ਸਿੱਖਾਂ ਨੂੰ ਪਤਾ ਲਗਿਆ ਓਦੋ ਤੋਂ ਹੀ ਉਨ੍ਹਾਂ ਨੇ ਇਸ ਦਾ ਵੱਡੇ ਪੱਧਰ ਤੇ ਵਿਰੋਧ ਕਰਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਸਨ । ਬੀਤੀ 11 ਨਵੰਬਰ ਦੀ ਤੋਂ ਹੀ ਸਿੱਖਾਂ ਨੇ ਨਿਆਗਰਾ ਫਾਲ ਪਹੁੰਚ ਕੇ ਓਥੇ ਮੋਰਚਾ ਸੰਭਾਲ ਲਿਆ ਸੀ ਤੇ ਭਾਈ ਨਿੱਝਰ ਦੇ ਕਤਲ ਵਿਚ ਸ਼ਾਮਿਲ ਸ਼ਕੀ ਭਾਰਤੀ ਰਾਜਦੁਤਾਂ ਨੂੰ ਕੈਨੇਡੀਅਨ ਕਨੂੰਨ ਹੇਠ ਲਿਆ ਕੇ ਉਨ੍ਹਾਂ ਉਪਰ ਕੈਨੇਡੀਅਨ ਕਨੂੰਨ ਅਨੁਸਾਰ ਮੁਕਦਮਾ ਚਲਾਉਣ ਦੀ ਮੰਗ ਕੀਤੀ ਗਈ । ਜਿਕਰਯੋਗ ਹੈ ਕਿ ਜੀ 7 ਦੀ ਮੀਟਿੰਗ ਵਿਚ ਵੱਖ ਵੱਖ ਦੇਸ਼ਾਂ ਦੇ ਮੰਤਰੀ ਹਾਜਿਰ ਹੋਏ ਸਨ ਤੇ ਉਨ੍ਹਾਂ ਵਲੋਂ ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਿਆ ਗਿਆ ਸੀ । ਕੈਨੇਡੀਅਨ ਸਿੱਖਾਂ ਵਲੋਂ ਇਹ ਵਿਰੋਧ ਪ੍ਰਦਰਸ਼ਨ ਭਾਰੀ ਠੰਡ ਅਤੇ ਟੈਂਪਰੇਚਰ ਮਾਈਨਸ ਹੋਣ ਦੇ ਬਾਵਜੂਦ ਲਗਾਤਾਰ 36 ਘੰਟਿਆਂ ਤਕ ਚਲਦਾ ਰੱਖਿਆ ਗਿਆ ਸੀ ਜੋ ਕਿ ਉਨ੍ਹਾਂ ਦੀ ਜਾਗਦੀ ਜਮੀਰ ਦਾ ਪ੍ਰਤੱਖ ਦਰਸ਼ਨ ਕਰਵਾ ਰਿਹਾ ਸੀ, ਤੇ ਪ੍ਰਦਰਸ਼ਨ ਵਿਚ ਖਾਲਿਸਤਾਨੀ ਝੰਡਿਆਂ ਦੇ ਨਾਲ ਗੂੰਜਦੀ ਅਵਾਜ਼ਾਂ ਵਿਚ ਖਾਲਸਾਈ ਨਾਹਰੇ ਲਗ ਰਹੇ ਸਨ ਜੋ ਕਿ ਰਾਹਗੀਰਾਂ ਅਤੇ ਪੁਲਿਸ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ । ਇਥੇ ਦਸਣਯੋਗ ਹੈ ਕਿ ਜੀ -7 ਮੀਟਿੰਗ ਤੋਂ ਪਹਿਲਾਂ ਇੱਕ ਮੀਡੀਆ ਬ੍ਰੀਫਿੰਗ ਵਿੱਚ, ਕੈਨੇਡੀਅਨ ਮੰਤਰੀ ਅਨੀਤਾ ਆਨੰਦ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਨੇ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਖਾਲਿਸਤਾਨੀ ਖਾੜਕੂ ਵਜੋਂ ਸੂਚੀਬੱਧ ਕੀਤਾ ਹੈ, ਦੀ ਹੱਤਿਆ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ। ਉਸਨੇ ਜ਼ੋਰ ਦੇ ਕੇ ਗੱਲ ਨੂੰ ਦੂਜੇ ਪਾਸੇ ਲੈ ਜਾਂਦਿਆਂ ਕਿਹਾ ਕਿ ਕੈਨੇਡਾ "ਇਹ ਯਕੀਨੀ ਬਣਾ ਰਿਹਾ ਹੈ ਕਿ ਭਾਰਤ ਨਾਲ ਦੁਵੱਲੇ ਸਬੰਧਾਂ ਵਿੱਚ ਕਾਨੂੰਨ ਦੇ ਰਾਜ ਦੀ ਚਿੰਤਾ, ਇਹ ਜਨਤਕ ਸੁਰੱਖਿਆ ਚਿੰਤਾਵਾਂ, ਸਬੰਧਾਂ ਦੀ ਤਰੱਕੀ ਵਿੱਚ ਸਭ ਤੋਂ ਅੱਗੇ ਹੋਣ"। ਇਸ ਪ੍ਰਦਰਸ਼ਨ ਵਿਚ ਜਲਾਵਤਨੀ ਬਾਬਾ ਸਤਨਾਮ ਸਿੰਘ ਖੇਲਾ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਸਿੰਘਾਂ ਨੇ ਹਾਜ਼ਿਰੀ ਭਰੀ ਸੀ । ਇਸ ਮੌਕੇ ਉਨ੍ਹਾਂ ਕਿਹਾ ਕਿ ਘਰ ਬੈਠ ਕੇ ਜਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਕੀਤੇ ਜਾ ਰਹੇ ਵਿਰੋਧ ਨਾਲੋਂ ਸੜਕਾਂ ਤੇ ਆਪਣੀ ਹਾਜ਼ਿਰੀ ਲੁਆ ਕੇ ਜਤਾਇਆ ਗਿਆ ਵਿਰੋਧ ਜਲਦੀ ਰੰਗ ਲਿਆਂਦਾ ਹੈ ਤੇ ਸਾਨੂੰ ਇਸਦਾ ਰੰਝ ਹੈ ਕਿ ਜਿਹੜੇ ਆਪਣੇ ਆਪ ਨੂੰ ਭਾਈ ਨਿੱਝਰ ਦੇ ਵਾਰਿਸ ਅਖਵਾਉਂਦੇ ਸਨ ਜੋ ਕਹਿੰਦੇ ਹਨ ਕਿ ਸਾਡੇ ਕੋਲ ਭਾਈ ਨਿੱਝਰ ਦੀਆਂ ਬਹੁਤੀਆਂ ਨਿਸ਼ਾਨੀਆਂ ਹਨ ਓਹ ਹੀ ਭਾਈ ਨਿੱਝਰ ਨੂੰ ਇੰਨਸਾਫ ਦਿਵਾਉਣ ਲਈ ਘਰੋਂ ਨਹੀਂ ਨਿਕਲਦੇ ਇਸ ਤੋਂ ਵਡੀ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ, ਉਨ੍ਹਾਂ ਖਾਸ ਕਰਕੇ ਸਰੀ ਤੋਂ ਭਾਈ ਨਿੱਝਰ ਟੀਮ ਅਤੇ ਹੋਰ ਵੱਖ ਵੱਖ ਰਾਜਾਂ ਤੋਂ ਮੁਜਾਹਿਰੇ ਵਿਚ ਸ਼ਾਮਿਲ ਹੋਣ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ 23 ਨਵੰਬਰ ਨੂੰ ਓਟਵਾ ਹੋਣ ਵਾਲੇ ਰੈਫਰੰਡਮ ਦੀਆਂ ਵੋਟਾਂ ਦੇ ਅਗਲੇ ਪੜਾਅ ਵਿਚ ਵੱਧ ਤੋਂ ਵੱਧ ਹਾਜ਼ਿਰੀ ਭਰਣ ਦੀ ਅਪੀਲ ਕੀਤੀ ।