ਇੱਕ ਅਖਬਾਰ ਤੇ ਮਾਰੇ ਛਾਪੇ ਦੇ ਮਾਮਲੇ ਵਿੱਚ ਮੰਗੀ ਮੁਆਫੀ,30 ਲੱਖ ਡਾਲਰ ਵੀ ਦੇਵੇਗੀ ਕਾਊਂਟੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੰਸਾਸ ਵਿੱਚ ਇਕ ਕਾਊਂਟੀ ਨੇ 2023 ਵਿੱਚ ਇਕ ਛੋਟੇ ਕਸਬੇ ਵਿੱਚੋਂ ਨਿਕਲਦੇ ਅਖਬਾਰ  ਤੇ ਮਾਰੇ ਛਾਪੇ ਲਈ ਮੁਆਫੀ ਮੰਗੀ ਹੈ ਤੇ 30 ਲੱਖ ਡਾਲਰ ਤੋਂ ਵਧ ਦੇਣ ਲਈ ਸਹਿਮਤ ਹੋਇਆ ਹੈ। ਅਗਸਤ 2023 ਵਿੱਚ ਮੈਰੀਆਨ ਕਾਊਂਟੀ ਰਿਕਾਰਡ ਅਖਬਾਰ ਅਤੇ ਇਸ ਦੇ ਪ੍ਰਕਾਸ਼ਕ ਦੇ ਘਰ ਤੇ ਮਾਰੇ ਛਾਪੇ ਦੌਰਾਨ ਹੋਰ ਸਮਾਨ ਤੋਂ ਇਲਾਵਾ ਰਿਪੋਰਟਰਾਂ ਦੇ ਸੈੱਲ ਫੋਨ ਤੇ ਕੰਪਿਊਟਰ ਜ਼ਬਤ ਕਰ ਲਿਆ ਗਿਆ ਸੀ। ਇਸ ਛਾਪੇ ਤੋਂ ਬਾਅਦ ਅਖਬਾਰੀ ਸੰਗਠਨਾਂ ਤੇ ਪ੍ਰੈਸ ਦੀ ਜ਼ਾਦੀ ਦੇ ਸਮਰਥਕਾਂ ਨੇ ਵੱਡੀ ਪੱਧਰ ਤੇ ਸਰਕਾਰ ਦੀ ਨਿੰਦਾ ਕੀਤੀ ਸੀ। ਉਸ ਸਮੇ ਮੈਰੀਆਨ ਪੁਲਿਸ ਵਿਭਾਗ ਦੇ ਮੁਖੀ ਗਿਡਆਨ ਕੋਡੀ ਨੇ ਕਿਹਾ ਸੀ ਕਿ ਛਾਪਾ ਇਸ ਵਿਸ਼ਵਾਸ਼ ਦੇ ਆਧਾਰ ਤੇ ਮਾਰਿਆ ਗਿਆ ਸੀ ਕਿ ਇੱਕ ਰਿਪਰੋਟਰ ਨੇ ਇਕ ਰਿਪੋਰਟ ਛਾਪਣ ਤੋਂ ਪਹਿਲਾਂ ਇਕ ਰੈਸਟੋਰੈਟ ਮਾਲਕ ਦਾ ਡਰਾਈਵਿੰਗ ਰਿਕਾਰਡ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤਾ ਸੀ। ਬਾਅਦ ਵਿੱਚ ਪੁਲਿਸ ਮੁਖੀ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਸ ਵਿਰੁੱਧ ਨਿਆਇਕ ਪ੍ਰਕ੍ਰਿਆ ਵਿੱਚ ਦਖਲ ਅੰਦਾਜੀ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਅਖਬਾਰ ਦੇ ਸੰਪਾਦਕ ਤੇ ਪ੍ਰਕਾਸ਼ਕ ਏਰਿਕ ਮੇਯਰ ਨੇ ਕਿਹਾ ਹੈ ਕਿ ਮੁਆਵਜੇ ਨਾਲੋਂ ਜਿਆਦਾ ਮਹੱਤਵਪੂਰਨ ਸਮਝੌਤੇ ਵਿਚ ਮੁਆਫੀਨਾਮਾ ਸ਼ਾਮਿਲ ਕਰਨਾ ਹੈ।