ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਬਿਹਾਰ ਵਿੱਚ ਨੀਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਸਮੇਤ ਪੂਰੇ ਐਨ.ਡੀ.ਏ. ਦੀ ਭਾਰੀ ਜਿੱਤ ‘ਤੇ ਦਿੱਤੀ ਗਈ ਵਧਾਈ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਬਿਹਾਰ ਦੀ ਜਨਤਾ ਨੇ ਦੁਬਾਰਾ ਨੀਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਸਮੇਤ ਪੂਰੇ ਐਨ.ਡੀ.ਏ. ਗਠਜੋੜ ਨੂੰ ਦਿੱਤੀ ਭਾਰੀ ਸਫਲਤਾ &lsquoਤੇ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਰੂ ਘਰ ਦੀ ਸੇਵਾ ਦਾ ਨਤੀਜਾ ਹੈ ਕਿ ਨੀਤਿਸ਼ ਕੁਮਾਰ ਇਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਹੋਰ ਵੱਡੇ ਨੇਤਾ ਬਿਹਾਰ ਚੋਣਾਂ ਦੌਰਾਨ ਜਿਸ ਤਰੀਕੇ ਨਾਲ ਤਰਤੀਬਵਾਰ ਤੌਰ &lsquoਤੇ ਆ ਕੇ ਤਖ਼ਤ ਪਟਨਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਅਸੀਸ ਲੈਂਦੇ ਰਹੇ, ਉਹ ਮਹੱਤਵਪੂਰਨ ਹੈ। ਮਾਨਯੋਗ ਮੁੱਖ ਮੰਤਰੀ ਜੀ ਤਾਂ ਅਕਸਰ ਗੁਰੂ ਮਹਾਰਾਜ ਨੂੰ ਨਤਮਸਤਕ ਹੋਣ ਲਈ ਹੀ ਨਹੀਂ ਪਹੁੰਚਦੇ, ਬਲਕਿ ਵਧ ਚੜ੍ਹ ਕੇ ਸੇਵਾ ਵਿੱਚ ਭਾਗ ਵੀ ਲੈਂਦੇ ਹਨ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸ਼ਤਾਬਦੀ ਦਾ ਪ੍ਰੋਗਰਾਮ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਜਾਗਰਤੀ ਯਾਤਰਾ ਕੱਢਣ ਵਿੱਚ ਵੀ ਸਹਿਯੋਗ ਦਿੱਤਾ ਗਿਆ। ਇਹ ਉਸਦਾ ਹੀ ਨਤੀਜਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਨੂੰ ਮੁੜ ਸੇਵਾ ਬਖ਼ਸ਼ੀ ਹੈ। ਉਮੀਦ ਹੈ ਕਿ ਉਹ ਹੋਰ ਵਧ ਚੜ੍ਹ ਕੇ ਸੇਵਾ ਜਾਰੀ ਰੱਖਣਗੇ। ਸਰਦਾਰ ਜਗਜੋਤ ਸਿੰਘ ਸੋਹੀ ਦੇ ਨਾਲ ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਲਖਵਿੰਦਰ ਸਿੰਘ, ਉਪ-ਪ੍ਰਧਾਨ ਗੁਰਵਿੰਦਰ ਸਿੰਘ, ਸਚਿਵ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੌਹਲ, ਮੋਹਿੰਦਰ ਪਾਲ ਸਿੰਘ ਢਿੱਲੋਂ, ਰਾਜਾ ਸਿੰਘ, ਗੋਬਿੰਦ ਸਿੰਘ ਲੋਂਗੋਵਾਲ, ਗੁਰਿੰਦਰ ਸਿੰਘ ਬਾਵਾ, ਮੀਡੀਆ ਪ੍ਰਭਾਰੀ ਸੁਦੀਪ ਸਿੰਘ ਨੇ ਵੀ ਨੀਤਿਸ਼ ਕੁਮਾਰ ਸਮੇਤ ਉਨ੍ਹਾਂ ਦੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੱਤੀ।