ਸਕਾਟਲੈਂਡ ਦੀਆਂ ਮੂਲ ਭਾਸ਼ਾਵਾਂ ਨੂੰ ਸਰਕਾਰੀ ਮਾਨਤਾ ਮਿਲੀ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦੀਆਂ ਮੂਲ ਭਾਸ਼ਾਵਾਂ ਗੈਲਿਕ ਅਤੇ ਸਕਾਟਸ ਹਨ, ਪਰ ਪਿਛਲੀ ਸਦੀ ਤੋਂ ਇਹਨਾਂ ਵਿੱਚ ਕਾਫ਼ੀ ਨਿਘਾਰ ਆਇਆ । ਗੈਲਿਕ ਭਾਸ਼ਾ ਤਾਂ ਖਤਮ ਹੋਣ ਕਿਨਾਰੇ ਹੈ। ਸਕਾਟਲੈਂਡ ਵਿੱਚ 30 ਨਵੰਬਰ ਨੂੰ ਸੈਂਟ ਐਂਡਰਿਊ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ 1320 ਈਸਵੀ ਵਿੱਚ ਸੰਤ ਐਂਡਰਿਊ ਨੇ ਅਧਿਕਾਰਿਤ ਤੌਰ 'ਤੇ ਸਕਾਟਲੈਂਡ ਮੁਲਕ ਦੀ ਸਥਾਪਨਾ ਕੀਤੀ ਸੀ । ਸਕਾਟਲੈਂਡ ਸਰਕਾਰ ਨੇ 30 ਨਵੰਬਰ ਤੋਂ ਸੇਂਟ ਐਂਡਰਿਊ ਦਿਵਸ 'ਤੇ ਗੈਲਿਕ ਅਤੇ ਸਕਾਟਸ ਨੂੰ ਹੁਣ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਹੈ। ਸਕਾਟਿਸ਼ ਭਾਸ਼ਾ ਬਿੱਲ 2 ਸਾਲ ਪਹਿਲਾਂ 30 ਨਵੰਬਰ 2023 ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਸਾਲ ਜੂਨ ਵਿੱਚ ਸੰਸਦ ਨੇ ਪਾਸ ਕੀਤਾ ਅਤੇ 1 ਅਗਸਤ ਨੂੰ ਇਸ ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ।
ਇਹ ਕਾਨੂੰਨ ਲੋਕਾਂ ਨੂੰ ਆਪਣੇ ਖੇਤਰ ਵਿੱਚ ਇੱਕ ਗੈਲਿਕ ਸਕੂਲ ਸਥਾਪਤ ਕਰਨ ਦੀ ਮੰਗ ਕਰਨ ਦਾ ਅਧਿਕਾਰ ਵੀ ਦਿੰਦਾ ਹੈ ਅਤੇ ਇਸਦਾ ਉਦੇਸ਼ ਸਕਾਟਲੈਂਡ ਦੀਆਂ ਮੂਲ ਭਾਸ਼ਾਵਾਂ ਦਾ ਪਸਾਰ ਅਤੇ ਪ੍ਰਫੁੱਲਤ ਕਰਨਾ ਹੈ । ਸਕਾਟਲੈਂਡ ਦੀ ਉੱਪ ਪਹਿਲੀ ਮੰਤਰੀ (ਡਿਪਟੀ ਫਸਟ ਮਨਿਸਟਰ) ਕੇਟ ਫੋਰਬਸ ਨੇ ਕਿਹਾ ਕਿ ਇਹ ਸਕਾਟਲੈਂਡ ਦੇ ਸੱਭਿਆਚਾਰ ਅਤੇ ਵਿਰਾਸਤ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ । ਉਹਨਾਂ ਅੱਗੇ ਕਿਹਾ ਕਿ ਸਕਾਟਿਸ਼ ਸਰਕਾਰ ਨੇ ਪਹਿਲਾਂ ਹੀ ਸਕਾਟਸ ਅਤੇ ਗੈਲਿਕ ਭਾਸ਼ਾਵਾਂ ਲਈ £35.7 ਮਿਲੀਅਨ ਪੌਂਡ ਅਲਾਟ ਕਰ ਦਿੱਤੇ ਹਨ ਅਤੇ ਸਕਾਟਸ ਤੇ ਗੈਲਿਕ ਭਾਸ਼ਾਵਾਂ ਨੂੰ ਵਿਕਸਿਤ ਕਰਨ ਲਈ ਸਕੂਲ ਖੋਲ੍ਹੇ ਜਾਣਗੇ ਅਤੇ ਵਿਸ਼ੇ ਪੜਾਏ ਜਾਣਗੇ। ਜਿਕਰਯੋਗ ਹੈ ਕਿ ਸਕਾਟਲੈਂਡ ਦੀ 2011 ਦੀ ਜਨਗਣਨਾ ਅਨੁਸਾਰ ਸਕਾਟਲੈਂਡ ਵਿੱਚ ਅੰਗਰੇਜ਼ੀ 4,740,547(94.5%), ਸਕਾਟਸ 55,817(1.1%), ਪੋਲਿਸ਼ 54,186(1.1%), ਚੀਨੀ 27,381(0.6%), ਗੈਲਿਕ 24,974(0.5%), ਉਰਦੂ 23,394(0.5%), ਪੰਜਾਬੀ 23,150(0.5%), ਫ੍ਰੈਂਚ 14,623(0.3%), ਬ੍ਰਿਟਿਸ਼ ਸੈਨਤ(ਸਾਈਨ) ਭਾਸ਼ਾ 12,533(0.3%), ਜਰਮਨ 11,317(0.2%) ਭਾਸ਼ਾ ਬੋਲਦੇ ਹਨ। ਸਕਾਟਲੈਂਡ ਵਿੱਚ ਵਿਦੇਸ਼ੀ ਭਾਸ਼ਾਵਾਂ ਬੋਲਣ ਵਾਲਿਆਂ ਵਿੱਚੋਂ ਪੰਜਾਬੀ ਚੀਨੀ ਅਤੇ ਉਰਦੂ ਬੋਲਣ ਵਾਲਿਆਂ ਤੋਂ ਬਾਅਦ ਤੀਜੀ ਵੱਡੀ ਭਾਸ਼ਾ ਹੈ।