ਜੱਗੀ ਜੌਹਲ ਤਿਹਾੜ ਜੇਲ੍ਹ ਵਿੱਚ ਤਬਦੀਲ, ਪਰਿਵਾਰ ਨੇ ਦੱਸਿਆ ਜਾਨ ਨੂੰ ਖ਼ਤਰਾ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦੇ ਡੰਬਾਰਟਨ ਕਸਬੇ ਦੇ 38 ਸਾਲਾ ਸਿੱਖ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਅੱਠ ਸਾਲ ਪਹਿਲਾਂ ਜਲੰਧਰ ਦੇ ਇੱਕ ਬਜ਼ਾਰ ਚੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਦੋਂ ਤੋਂ ਹੀ ਜੇਲ੍ਹ ਵਿੱਚ ਨਜ਼ਰਬੰਦ ਹੈ। ਜੱਗੀ ਜੌਹਲ ਨੂੰ ਦੋ ਹਫ਼ਤੇ ਪਹਿਲਾਂ ਮੰਡੋਲੀ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।
ਜਗਤਾਰ ਸਿੰਘ ਜੱਗੀ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਇਹ ਸੋਚ ਕੇ ਬਹੁਤ ਡਰ ਲੱਗਦਾ ਹੈ ਕਿ ਉਸਦਾ ਭਰਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ, ਜੋ ਕਿ ਹਫੜਾ-ਦਫੜੀ, ਭੀੜ-ਭੜੱਕੇ ਅਤੇ ਹਿੰਸਾ ਲਈ ਮਸ਼ਹੂਰ ਹੈ ਅਤੇ ਤਿਹਾੜ ਜੇਲ੍ਹ ਭਾਰਤ ਦੀਆਂ ਸਭ ਤੋਂ ਭੈੜੀਆਂ ਜੇਲ੍ਹਾਂ ਵਿੱਚੋਂ ਇੱਕ ਹੈ। ਮੇਰੇ ਭਰਾ ਨੂੰ ਉੱਥੇ ਬੰਦ ਕਰਨ ਬਾਰੇ ਸੋਚਣਾ ਬਹੁਤ ਡਰਾਉਣਾ ਹੈ। ਪਰਿਵਾਰ ਨੂੰ ਡਰ ਹੈ ਕਿ ਉਸ 'ਤੇ ਹਮਲਾ ਕੀਤਾ ਜਾ ਸਕਦਾ ਹੈ ਜਾਂ ਮਾਰਿਆ ਵੀ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਸਿਧਾਂਤਕ ਨਹੀਂ ਹੈ, ਯੂਕੇ ਸਰਕਾਰ ਜਗਤਾਰ ਦੀ ਜ਼ਿੰਦਗੀ ਨਾਲ ਖੇਡ ਰਹੀ ਹੈ।
ਜਗਤਾਰ ਨੂੰ ਭਾਰਤ ਦੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ, ਜੇਲ੍ਹ ਦੇ ਇੱਕ ਉੱਚ-ਜੋਖਮ ਵਾਲੇ ਵਿੰਗ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਉਸਨੂੰ ਤਬਦੀਲ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ ਅਤੇ ਅਜਿਹਾ ਬਿਨਾਂ ਕਿਸੇ ਚੇਤਾਵਨੀ ਜਾਂ ਜਾਇਜ਼ਤਾ ਦੇ ਕੀਤਾ ਹੈ। ਪਿਛਲੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਨ੍ਹਾਂ ਵਿੰਗਾਂ ਵਿੱਚ ਕੈਦੀਆਂ ਨੂੰ ਗੰਭੀਰ ਕੁੱਟਮਾਰ ਅਤੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ।