ਕੰਚਨਪ੍ਰੀਤ ਦੀ ਗਿ੍ਫਤਾਰੀ ਕਾਰਣ ਪੰਜਾਬ ਸਰਕਾਰ ਦੀ ਕਿਰਕਰੀ ਹੋਈ

*ਅਦਾਲਤ ਨੇ ਤੁਰੰਤ ਰਿਹਾਅ ਕੀਤਾ,ਬਾਦਲ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਉਮੀਦਵਾਰ ਐਲਾਨਿਆ
ਤਰਨਤਾਰਨ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀ ਧੀ ਤੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਰਗਰਮ ਰਹੀ 32 ਸਾਲਾ ਕੰਚਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਨੇ ਬੀਤੇ ਦਿਨੀਂ ਮਜੀਠਾ ਥਾਣੇ ਵਿੱਚ ਜਾਂਚ ਲਈ ਬੁਲਾਇਆ ਸੀ ਤਾਂ ਉੱਥੇ ਹੀ ਤਰਨਤਾਰਨ ਪੁਲਿਸ ਨੇ ਝਬਾਲ ਥਾਣੇ ਦੀ ਐਫਆਈਆਰ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ। ਇਲਜ਼ਾਮ ਸੀ ਕਿ ਜ਼ਿਮਨੀ ਚੋਣ ਦੌਰਾਨ ਉਹ ਆਪਣੇ ਕੈਨੇਡਾ ਰਹਿ ਰਹੇ ਪਤੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਸਾਥੀਆਂ ਨਾਲ ਮਿਲ ਕੇ ਵੋਟਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ।
ਅਕਾਲੀ ਦਲ ਨੇ ਇਸ ਗ੍ਰਿਫ਼ਤਾਰੀ ਨੂੰ &ldquoਆਮ ਆਦਮੀ ਪਾਰਟੀ ਦੀ ਬਦਲਾਖੋਰੀ&rdquo ਤੇ &ldquoਚੋਣਾਂ ਤੋਂ ਬਾਅਦ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼&rdquo ਕਰਾਰ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ, &ldquoਪੁਲਿਸ ਦਾ ਜ਼ੁਲਮ ਅਜੇ ਵੀ ਜਾਰੀ ਹੈ, ਅਸੀਂ ਡਟ ਕੇ ਮੁਕਾਬਲਾ ਕਰਾਂਗੇ।&rdquo ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੱਕ ਢਾਈ ਸਾਲ ਦੇ ਬੱਚੇ ਦੀ ਮਾਂ ਤੇ ਧਰਮੀ ਫੌਜੀ ਦੀ ਧੀ ਨੂੰ ਸੂਰਜ ਡੁੱਬਣ ਤੋਂ ਬਾਅਦ ਗ੍ਰਿਫ਼ਤਾਰ ਕਰਨਾ ਸਰਾਸਰ ਧੱਕਾ ਹੈ ਤੇ ਸੁਪਰੀਮ ਕੋਰਟ ਦੀ ਹਦਾਇਤ ਦੀ ਉਲੰਘਣਾ ਹੈ।
ਬੀਤੇ ਐਤਵਾਰ ਦੀ ਅੱਧੀ ਰਾਤ ਤੋਂ ਬਾਅਦ ਤਰਨਤਾਰਨ ਜ਼ਿਲ੍ਹਾ ਅਦਾਲਤ ਵਿੱਚ ਤਿੰਨ ਘੰਟੇ ਤੋਂ ਵੱਧ ਚੱਲੀ ਸੁਣਵਾਈ ਤੋਂ ਬਾਅਦ ਸਵੇਰੇ ਲਗਭਗ 4 ਵਜੇ ਅਦਾਲਤ ਨੇ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕੰਚਨਪ੍ਰੀਤ ਕੌਰ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਧਾਰਾਵਾਂ (174, 351(2), 351(3) ਆਦਿ) ਲਾਈਆਂ ਗਈਆਂ ਹਨ, ਉਨ੍ਹਾਂ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਸੀ, ਜੋ ਨਹੀਂ ਦਿੱਤਾ ਗਿਆ।
ਰਿਹਾਈ ਤੋਂ ਬਾਅਦ ਕੰਚਨਪ੍ਰੀਤ ਨੇ ਦੱਸਿਆ, &ldquoਮੈਂ ਮਜੀਠਾ ਥਾਣੇ ਵਿੱਚ ਪਹਿਲਾਂ ਵਾਲੇ ਕੇਸ ਦੀ ਜਾਂਚ ਲਈ ਗਈ ਸੀ। ਪੰਜ ਘੰਟੇ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਤਰਨਤਾਰਨ ਪੁਲਿਸ ਨੇ ਇੱਕ ਪੇਪਰ ਵਿਖਾ ਕੇ ਕਿ ਤੁਹਾਡੇ ਤੇ ਧਾਰਾਵਾਂ ਲੱਗੀਆਂ ਤੇ ਮੈਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ।&rdquo
ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਕਿ ਕੰਚਨਪ੍ਰੀਤ ਕੈਨੇਡਾ ਬੇਸਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਗੈਂਗ ਦੀ ਸਾਂਝੇਦਾਰ ਹੈ ਤੇ ਉਸ ਦੇ 23 ਗੰਭੀਰ ਮਾਮਲਿਆਂ ਵਿੱਚ ਨਾਂਅ ਜੁੜਿਆ ਹੋਇਆ ਹੈ। ਐਸਐਸਪੀ ਤਰਨਤਾਰਨ ਸੁਰਿੰਦਰ ਲਾਬਾ ਤੇ ਡੀਐਸਪੀ ਸੁਖਬੀਰ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰੀ ਦਾ ਮਕਸਦ ਗੈਂਗ ਨੈੱਟਵਰਕ ਨੂੰ ਤੋੜਨਾ ਹੈ, ਕੋਈ ਸਿਆਸੀ ਵਿਰੋਧ ਨਹੀਂ।
ਪਰ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਕੰਚਨਪ੍ਰੀਤ ਖਿਲਾਫ਼ ਪਹਿਲਾਂ ਦੇ ਚਾਰ ਮਾਮਲਿਆਂ ਵਿੱਚ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਤੇ ਇਹ ਪੰਜਵਾਂ ਮਾਮਲਾ ਬਿਨਾਂ ਨੋਟਿਸ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੀ ਚੁਣੌਤੀ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਲਟਵਾਰ ਕਰਦਿਆਂ ਕਿਹਾ, &ldquoਅਕਾਲੀ ਦਲ ਗੈਂਗਸਟਰਾਂ ਦੇ ਦਮ ਤੇ ਸਿਆਸਤ ਕਰ ਰਿਹਾ ਹੈ, ਪੰਜਾਬ ਸਰਕਾਰ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤੀ ਕਰੇਗੀ।&rdquo
ਫਿਲਹਾਲ ਕੰਚਨਪ੍ਰੀਤ ਕੌਰ ਰਿਹਾਅ ਹੋ ਚੁੱਕੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਵਿੱਚ ਅਕਾਲੀ ਦਲ ਦੀ ਚੋਣ ਮੁਹਿੰਮ ਦਾ ਚਿਹਰਾ ਬਣਨ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਜਾਰੀ ਰਹੇਗੀ ਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।ਸਿਆਸੀ ਮਾਹਿਰਾਂ ਅਨੁਸਾਰ ਇਸ ਗਿ੍ਫਤਾਰੀ ਕਾਰਣ ਸਰਕਾਰ ਦੀ ਕਿਰਕਰੀ ਹੋਈ ਹੈ।
ਗੈਂਗਸਟਰ ਬਾਠ ਦੀ ਪਤਨੀ ਕੰਚਨਪ੍ਰੀਤ ਦਾ ਰਿਕਾਰਡ ਘੋਖ ਰਹੀ ਹੈ ਪੁਲਿਸ, ਪਤੀ ਵਿਰੁੱਧ ਦਰਜ ਹਨ 17 ਮਾਮਲੇ
ਹਾਲਾਂਕਿ ਅਦਾਲਤ ਨੇ ਬੀਤੇ ਸ਼ਨਿੱਚਰਵਾਰ ਰਾਤ ਨੂੰ ਕੰਚਨਪ੍ਰੀਤ ਨੂੰ ਰਾਹਤ ਦੇ ਦਿੱਤੀ ਗਈ ਹੈ ਪਰ ਪੁਲਿਸ ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕੰਚਨ ਅਤੇ ਉਸ ਦੇ ਪਤੀ ਅੰਮ੍ਰਿਤ ਬਾਠ ਦੇ ਅਪਰਾਧਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਅਪਰਾਧ ਵਿਚ ਉਨ੍ਹਾਂ ਦੀ ਸਾਂਝੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਕੋਈ ਵੀ ਪੁਲਿਸ ਅਧਿਕਾਰੀ ਵੇਰਵਿਆਂ ਦਾ ਖ਼ੁਲਾਸਾ ਨਹੀਂ ਕਰ ਰਿਹਾ ਹੈ ਪਰ ਕੁਝ ਮਾਮਲਿਆਂ ਵਿਚ ਕੰਚਨਪ੍ਰੀਤ ਦੀ ਭੂਮਿਕਾ ਨਿਰਧਾਰਤ ਕਰਨ ਲਈ ਯਤਨ ਜਾਰੀ ਹਨ