ਸ਼ਾਹਕੋਟ ਦਾ ਓਟ ਸੈਂਟਰ ਲਗਾ ਰਿਹਾ ‘ਰੰਗਲੇ ਪੰਜਾਬ’ ਦੇ ਸੁਪਨੇ ‘ਤੇ ਬਦਨੁਮਾ ਦਾਗ

ਪ੍ਰਿਤਪਾਲ ਸਿੰਘ, ਸ਼ਾਹਕੋਟ: ਪੰਜਾਬ ਦੀ ਧਰਤੀ, ਜੋ ਕਦੇ ਆਪਣੀ ਜਵਾਨੀ ਤੇ ਖੁਸ਼ਹਾਲੀ ਲਈ ਜਾਣੀ ਜਾਂਦੀ ਸੀ, ਅੱਜ ਨਸ਼ਿਆਂ ਦੇ ਦਰਿਆ ਵਿਚ ਡੁੱਬਦੀ ਨਜ਼ਰ ਆ ਰਹੀ ਹੈ। ਇਸ ਦਾ ਭਿਆਨਕ ਰੂਪ ਜਲੰਧਰ ਜ਼ਿਲ੍ਹੇ ਦੇ ਕਸਬੇ ਸ਼ਾਹਕੋਟ ਵਿਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਮ ਲੋਕਾਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਸਰਕਾਰੀ ਹਸਪਤਾਲ, ਜਿੱਥੇ ਲੋਕ ਬਿਮਾਰੀਆਂ ਦਾ ਇਲਾਜ ਕਰਵਾਉਣ ਆਉਂਦੇ ਹਨ, ਅੱਜ ਕੱਲ੍ਹ ਨਸ਼ੇੜੀਆਂ ਦੇ ਅੱਡੇ ਵਜੋਂ ਬਦਨਾਮ ਹੋ ਰਿਹਾ ਹੈ। ਹਸਪਤਾਲ ਵਿਚ ਚੱਲ ਰਿਹਾ &lsquoਓਟ ਸੈਂਟਰ&rsquo, ਜੋ ਨਸ਼ਾ ਛੁਡਾਉਣ ਲਈ ਬਣਾਇਆ ਗਿਆ ਸੀ, ਹੁਣ ਸ਼ਹਿਰ ਵਾਸੀਆਂ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਗਿਆ ਹੈ। ਰੋਜ਼ਾਨਾ ਸੈਂਕੜੇ ਨਸ਼ੇੜੀਆਂ ਦੇ ਜਮਾਵੜੇ, ਲੜਾਈ-ਝਗੜਿਆਂ ਤੇ ਖੁੱਲ੍ਹੇਆਮ ਵਿਕਦੇ ਨਸ਼ੇ ਨੇ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਓਟ ਸੈਂਟਰ &lsquoਚ ਰੋਜ਼ਾਨਾ 900 ਦੇ ਕਰੀਬ ਨਸ਼ੇ ਦੇ ਆਦੀ ਨੌਜਵਾਨ ਤੇ ਵਿਅਕਤੀ ਦਵਾਈ ਲੈਣ ਲਈ ਆਉਂਦੇ ਹਨ। ਸਵੇਰ ਹੁੰਦੇ ਹੀ ਹਸਪਤਾਲ ਦੇ ਬਾਹਰ ਅਤੇ ਅੰਦਰ ਨਸ਼ੇੜੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਹਾਲਾਤ ਇਹ ਹਨ ਕਿ ਆਮ ਮਰੀਜ਼, ਜੋ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲ ਆਉਣਾ ਚਾਹੁੰਦੇ ਹਨ, ਉਹ ਇੱਥੇ ਆਉਣ ਤੋਂ ਕਤਰਾਉਣ ਲੱਗੇ ਹਨ। ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਹਸਪਤਾਲ ਦੇ ਗੇਟ ਤੋਂ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ। ਨਸ਼ੇੜੀਆਂ ਦਾ ਜਮਾਵੜਾ ਸਿਰਫ਼ ਦਵਾਈ ਲੈਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਉਹ ਸਾਰਾ ਦਿਨ ਹਸਪਤਾਲ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ, ਜਿਸ ਨਾਲ ਹਸਪਤਾਲ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ।

ਨਸ਼ਾ ਛੁਡਾਉਣ ਵਾਲੀ ਗੋਲੀ ਹੀ ਬਣੀ ਨਵਾਂ ਨਸ਼ਾ

ਓਟ ਸੈਂਟਰਾਂ ਦਾ ਮੁੱਖ ਮਕਸਦ ਨਸ਼ੇ ਦੇ ਆਦੀ ਲੋਕਾਂ ਨੂੰ ਹੌਲੀ-ਹੌਲੀ ਨਸ਼ਾ ਛੁਡਾ ਕੇ ਮੁੱਖ ਧਾਰਾ ਵਿਚ ਲਿਆਉਣਾ ਸੀ। ਪਰ ਸ਼ਾਹਕੋਟ ਵਿਖੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਨਸ਼ਾ ਛੱਡਣ ਲਈ ਦਿੱਤੀ ਜਾਣ ਵਾਲੀ ਦਵਾਈ ਦੀ ਹੀ ਇਨ੍ਹਾਂ ਲੋਕਾਂ ਨੂੰ ਲਤ ਲੱਗ ਗਈ ਹੈ। ਇਹ ਨਸ਼ੇੜੀ ਦਵਾਈ ਲੈਣ ਤੋਂ ਬਾਅਦ ਆਪਣੇ ਘਰਾਂ ਨੂੰ ਜਾਣ ਦੀ ਬਜਾਏ ਹਸਪਤਾਲ ਦੇ ਬਾਹਰ ਜਾਂ ਨਜ਼ਦੀਕੀ ਗਲੀਆਂ ਵਿਚ ਬੈਠ ਜਾਂਦੇ ਹਨ। ਜਿਹੜੀ ਦਵਾਈ ਉਨ੍ਹਾਂ ਨੂੰ ਜ਼ਿੰਦਗੀ ਵੱਲ ਮੋੜਨ ਲਈ ਸੀ, ਉਹ ਉਨ੍ਹਾਂ ਲਈ ਸਿਰਫ਼ ਨਸ਼ੇ ਦੀ ਪੂਰਤੀ ਦਾ ਇਕ ਸਰਕਾਰੀ ਸਾਧਨ ਬਣ ਕੇ ਰਹਿ ਗਈ ਹੈ। ਇਹ ਵਰਤਾਰਾ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ &lsquoਤੇ ਵੱਡੇ ਸਵਾਲ ਖੜ੍ਹਾ ਕਰ ਰਿਹਾ ਹੈ।

ਹਸਪਤਾਲ ਦੇ ਬਾਹਰ ਚੱਲਦਾ &lsquoਨਸ਼ੇ ਦਾ ਬਾਜ਼ਾਰ&rsquo

ਸਭ ਤੋਂ ਹੈਰਾਨੀਜਨਕ ਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਜਿੱਥੇ ਹਸਪਤਾਲ ਅੰਦਰ ਨਸ਼ਾ ਛੁਡਾਉਣ ਦੀ ਦਵਾਈ ਮਿਲਦੀ ਹੈ, ਉੱਥੇ ਹੀ ਹਸਪਤਾਲ ਦੇ ਬਿਲਕੁਲ ਬਾਹਰ ਨਸ਼ਾ ਤਸਕਰਾਂ ਦਾ ਜਾਲ ਵਿਛਿਆ ਹੋਇਆ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਇੱਥੇ ਉਨ੍ਹਾਂ ਦੇ 'ਗਾਹਕ' (ਨਸ਼ੇੜੀ) ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਹਨ। ਦਵਾਈ ਲੈਣ ਆਉਂਦੇ ਕਈ ਨੌਜਵਾਨ ਦਵਾਈ ਦੇ ਨਾਲ-ਨਾਲ ਬਾਹਰੋਂ ਮਿਲਣ ਵਾਲੇ ਸਿੰਥੈਟਿਕ ਨਸ਼ਿਆਂ ਜਾਂ ਮੈਡੀਕਲ ਨਸ਼ਿਆਂ ਦੀ ਖਰੀਦੋ-ਫਰੋਖਤ ਕਰਦੇ ਦੇਖੇ ਜਾ ਸਕਦੇ ਹਨ। ਪੁਲਿਸ ਦੀ ਨੱਕ ਹੇਠ ਇਹ ਕਾਲਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਹਸਪਤਾਲ ਦੇ ਆਲੇ-ਦੁਆਲੇ ਦੀਆਂ ਗਲੀਆਂ ਵਿਚ ਸ਼ੱਕੀ ਵਿਅਕਤੀਆਂ ਦਾ ਘੁੰਮਣਾ ਆਮ ਗੱਲ ਹੋ ਗਈ ਹੈ। ਇਹ ਇਲਾਕਾ ਹੁਣ ਸੁਰੱਖਿਅਤ ਇਲਾਕੇ ਦੀ ਬਜਾਏ ਅਪਰਾਧੀਆਂ ਦੀ ਪਨਾਹਗਾਹ ਬਣਦਾ ਜਾ ਰਿਹਾ ਹੈ।

ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ ਆਮ, ਲੋਕ ਪ੍ਰੇਸ਼ਾਨ

ਸ਼ਹਿਰ ਵਾਸੀਆਂ ਲਈ ਇਹ ਸਥਿਤੀ ਅਸਹਿਣਯੋਗ ਹੋ ਚੁੱਕੀ ਹੈ। ਹਸਪਤਾਲ ਦੇ ਨੇੜੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਕਾਰਨ ਉਨ੍ਹਾਂ ਦਾ ਜਿਉਣਾ ਹਰਾਮ ਹੋ ਗਿਆ ਹੈ। ਨਸ਼ੇੜੀ ਲੋਕ ਔਰਤਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ ਤੇ ਭੱਦੀ ਸ਼ਬਦਾਵਲੀ ਵਰਤਦੇ ਹਨ। ਨਸ਼ੇ ਦੀ ਹਾਲਤ ਵਿਚ ਇਹ ਲੋਕ ਆਉਂਦੇ-ਜਾਂਦੇ ਰਾਹਗੀਰਾਂ ਨਾਲ ਗਾਲੀ-ਗਲੋਚ ਵੀ ਕਰਦੇ ਹਨ। ਨਸ਼ੇ ਦੀ ਪੂਰਤੀ ਲਈ ਇਨ੍ਹਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ, ਜਿਸ ਕਾਰਨ ਹਸਪਤਾਲ ਦੇ ਅੰਦਰ, ਬਾਹਰ ਤੇ ਗਲੀਆਂ ਵਿਚ ਵਾਹਨ ਚੋਰੀ ਤੇ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਰੋਜ਼ਾਨਾ ਦੀ ਗੱਲ ਹੋ ਗਈ ਹੈ। ਫਲਾਂ ਦੀ ਰੇਹੜੀ ਲਗਾਉਣ ਵਾਲੇ ਪ੍ਰਵਾਸੀਆਂ ਤੇ ਦੁਕਾਨਦਾਰਾਂ ਤੋਂ ਵੀ ਨਸ਼ੇੜੀ ਸਮਾਨ ਖੋਹ ਕੇ ਲੈ ਜਾਂਦੇ ਹਨ ਅਤੇ ਰੋਕਣ &lsquoਤੇ ਗਾਲੀ-ਗਲੋਚ ਤੇ ਮਾਰ ਕੁਟਾਈ ਤਕ ਕਰ ਦਿੰਦੇ ਹਨ। ਕਈ ਵਾਰ ਇਹ ਸੜਕਾਂ &lsquoਤੇ ਹੀ ਬੇਹੋਸ਼ ਪਏ ਮਿਲਦੇ ਹਨ, ਜਿਸ ਨਾਲ ਸਮਾਜਿਕ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ।

ਸਭ ਤੋਂ ਵੱਡੀ ਸਮੱਸਿਆ: ਓਟ ਸੈਂਟਰ ਦਾ ਗਲਤ ਜਗ੍ਹਾ &lsquoਤੇ ਹੋਣਾ

ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਇਸ ਸਾਰੀ ਸਮੱਸਿਆ ਦੀ ਜੜ੍ਹ ਓਟ ਸੈਂਟਰ ਦਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਹੋਣਾ ਹੈ। ਸਰਕਾਰੀ ਹਸਪਤਾਲ ਸ਼ਾਹਕੋਟ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹੈ। ਜਦੋਂ 800 ਤੋਂ 900 ਦੇ ਕਰੀਬ ਨਸ਼ੇੜੀ ਰੋਜ਼ਾਨਾ ਸ਼ਹਿਰ ਦੇ ਵਿਚਕਾਰ ਇਕੱਠੇ ਹੁੰਦੇ ਹਨ, ਤਾਂ ਟ੍ਰੈਫਿਕ ਜਾਮ ਲੱਗਣਾ, ਲੜਾਈ-ਝਗੜੇ ਹੋਣਾ ਅਤੇ ਅਰਾਜਕਤਾ ਫੈਲਣੀ ਸੁਭਾਵਿਕ ਹੈ। ਅਜਿਹੇ ਕੇਂਦਰ ਸ਼ਹਿਰ ਤੋਂ ਬਾਹਰ ਖੁੱਲ੍ਹੀਆਂ ਥਾਵਾਂ 'ਤੇ ਹੋਣੇ ਚਾਹੀਦੇ ਹਨ, ਤਾਂ ਜੋ ਸ਼ਹਿਰੀ ਆਬਾਦੀ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ ਅਤੇ ਮਰੀਜ਼ਾਂ ਦਾ ਇਲਾਜ ਵੀ ਇਕਾਂਤ ਵਿਚ ਹੋ ਸਕੇ।

ਨਸ਼ੇੜੀਆਂ ਕਾਰਨ ਓਪੀਡੀ ਘਟੀ, ਹਸਪਤਾਲ ਸਟਾਫ ਵੀ ਪ੍ਰੇਸ਼ਾਨ

ਸੀਐੱਚਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਨੇ ਦੱਸਿਆ ਕਿ ਓਟ ਸੈਂਟਰ ਵਿਚ ਗੋਲੀ ਲੈਣ ਆਉਂਦੇ ਵਿਅਕਤੀਆਂ ਕਾਰਨ ਹਸਪਤਾਲ ਦੇ ਕੰਮ-ਕਾਜ &lsquoਤੇ ਵੀ ਅਸਰ ਪਿਆ ਹੈ। ਮਰੀਜ਼ ਘੱਟ ਆਉਣ ਕਾਰਨ ਓਪੀਡੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ &lsquoਚੋਂ ਵੀ 3 ਏਸੀ, 5000 ਤੋਂ ਵੱਧ ਨਸ਼ਾ ਛੁਡਾਊ ਗੋਲੀਆਂ ਤੇ ਕਰਮਚਾਰੀਆਂ ਦੇ ਮੋਟਰਸਾਈਕਲ ਤੇ ਹੋਰ ਵਾਹਨ ਚੋਰੀ ਹੋ ਚੁੱਕੇ ਹਨ। ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਅਜੇ ਤਕ ਚੋਰੀ ਕਰਨ ਵਾਲੇ ਫੜ੍ਹੇ ਨਹੀਂ ਜਾ ਸਕੇ ਹਨ ਤੇ ਨਾ ਹੀ ਸਮਾਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰਾਂ ਵਾਲੇ ਵੱਧ ਪੈਸੇ ਲੈ ਕੇ ਨਸ਼ੇੜੀਆਂ ਨੂੰ ਟੀਕੇ ਤੇ ਸਰਿੰਜਾਂ ਵੇਚਦੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਹਸਪਤਾਲ ਦੀ ਪੁਰਾਣੀ ਬਿਲਡਿੰਗ &lsquoਚ ਬਣੀ ਐੱਸਐੱਮਓ ਦੀ ਰਿਹਾਇਸ਼ ਵਿਚ ਨਸ਼ੇੜੀਆਂ ਨੇ ਪੱਕਾ ਬਿਸਤਰਾ ਲਗਾਇਆ ਹੋਇਆ ਹੈ ਤੇ ਉੱਥੇ ਸ਼ਰੇਆਮ ਨਸ਼ੇ ਦੇ ਟੀਕੇ ਤੇ ਹੋਰ ਗਲਤ ਕੰਮ ਹੁੰਦਾ ਹੈ।

&lsquoਰੰਗਲਾ ਪੰਜਾਬ&rsquo ਬਣਾਉਣ ਲਈ ਚਲਾਈ &lsquoਯੁੱਧ ਨਸ਼ਿਆਂ ਵਿਰੁੱਧ&rsquo ਮੁਹਿੰਮ ਦੀ ਨਿਕਲੀ ਫੂਕ

ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਡੈਨੀਅਲ ਗਿੱਲ, ਜਿਨ੍ਹਾਂ ਵੱਲੋਂ ਓਟ ਸੈਂਟਰ ਦਾ ਮਸਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਉਠਾਇਆ ਗਿਆ ਹੈ, ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ &lsquoਯੁੱਧ ਨਸ਼ਿਆਂ ਵਿਰੁੱਧ&rsquo ਸ਼ਾਹਕੋਟ ਵਿਖੇ ਮਹਿਜ਼ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ। ਭਾਵੇਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹਰ ਰੋਜ਼ ਨਸ਼ਾ ਤਸਕਰਾਂ ਦੇ ਲੱਕ ਤੋੜਨ ਤੇ ਪੰਜਾਬ ਨੂੰ &lsquoਰੰਗਲਾ ਪੰਜਾਬ&rsquo ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਓਟ ਸੈਂਟਰ ਦੇ ਬਾਹਰਲੇ ਹਾਲਾਤ ਸਰਕਾਰ ਦੀ ਇਸ ਮੁਹਿੰਮ ਦੀ ਅਸਲ ਪੋਲ ਖੋਲ੍ਹ ਰਹੇ ਹਨ। ਜਿੱਥੇ ਇੱਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਸ਼ਰੇਆਮ ਨਸ਼ਾ ਵਿਕਣਾ ਅਤੇ ਨਸ਼ੇੜੀਆਂ ਦਾ ਬੇਖੌਫ ਘੁੰਮਣਾ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਹੁਕਮ ਤੇ ਮੁਹਿੰਮਾਂ ਸਿਰਫ ਅਖਬਾਰੀ ਬਿਆਨਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਹਨ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਅਤੇ ਮੁਹਿੰਮ ਅਸਰਦਾਰ ਹੁੰਦੀ, ਤਾਂ ਅੱਜ ਨਸ਼ਾ ਤਸਕਰਾਂ ਵਿਚ ਕਾਨੂੰਨ ਦਾ ਡਰ ਹੁੰਦਾ, ਪਰ ਇੱਥੇ ਤਾਂ ਕਾਨੂੰਨ ਖੁਦ ਨਸ਼ੇੜੀਆਂ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ