ਪ੍ਰਾਮਿਲਾ ਜੈਯਾਪਾਲ ਮੁੜ ਚੋਣ ਲਈ ਮੈਦਾਨ ਵਿੱਚ ਨਿਤਰੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਤਵੇਂ ਡਿਸਟ੍ਰਿਕਟ ਤੋਂ ਪ੍ਰਾਮਿਲਾ ਜਯਾਪਾਲ ਮੁੜ ਚੋਣ ਲਈ ਮੈਦਾਨ ਵਿੱਚ ਹਨ। 4 ਅਗਸਤ ਨੂੰ ਹੋ ਰਹੀ ਪ੍ਰਾਇਮਰੀ ਚੋਣ ਵਿੱਚ ਪਤਾ ਲੱਗੇਗਾ ਕਿ 3 ਨਵੰਬਰ ਦੀਆਂ ਆਮ ਚੋਣਾਂ ਵਿੱਚ ਕਿਹੜਾ ਉਮੀਦਵਾਰ 7 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ
ਲਈ ਯੋਗ ਪਾਇਆ ਜਾਵੇਗਾ। ਇਸ ਚੋਣ ਦੀ ਅਹਿਮੀਅਤ ਇਹ ਹੈ ਕਿ ਇਸ ਵਿੱਚ ਪਾਰਟੀ ਦਾ ਕੋਈ ਮਹੱਤਵ ਨਹੀਂ ਹੈ। ਇਕੋ ਹੀ ਪਰਚੀ ਤੇ ਵੋਟਾਂ ਪੈਣਗੀਆਂ ਤੇ ਦੋ ਉਮੀਦਵਾਰ ਜੋ ਸਭ ਤੋਂ ਵਧ ਵੋਟਾਂ ਲੈਣਗੇ ਚਾਹੇ ਉਹ ਇਕ ਹੀ ਪਾਰਟੀ ਦੇ ਹੋਣ, ਆਮ ਚੋਣਾਂ ਵਿੱਚ ਉਮੀਦਵਾਰ ਹੋਣਗੇ।
ਜੈਯਾਪਾਲ ਨੇ ਪ੍ਰਾਇਮਰੀ ਚੋਣ ਲੜਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਆਰਥਕ ਨਿਆਂ ਉਪਰ ਜੋਰ ਦੇਣਗੇ ਤੇ ਡੈਮੋਕਰੈਟਿਕ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਗੇ। ਉਨਾਂ ਨੇ ਆਪਣੇ ਹਮਾਇਤੀਆਂ ਨੂੰ ਸੰਗਠਿਤ ਰਹਿ ਕੇ ਸਰਗਰਮ ਹੋਣ ਦਾ ਸੱਦਾ ਦਿੱਤਾ ਹੈ। ਉਨਾਂ ਦੇ ਵਿਰੋਧੀਆਂ ਵਿੱਚ ਇਕ ਨੀਰਵ ਸੇਠ ਸ਼ਾਮਲ ਹੈ ਜੋ ਪਹਿਲੀ ਵਾਰ ਕਾਂਗਰਸ ਲਈ ਚੋਣ ਮੈਦਾਨ ਵਿੱਚ ਹੈ। ਉਹ ਆਪਣੇ ਆਪ ਨੂੰ ਸਾਬਕਾ ਬੇਘਰਾ ਕਾਲਜ ਵਿਦਿਆਰਥੀ ਦੱਸਦਾ ਹੈ ਤੇ ਉਸ ਨੇ ਅਮਰੀਕੀ ਫੌਜ ਵਿੱਚ ਸੇਵਾ ਕੀਤੀ ਹੈ।