ਪੁਰਤਗਾਲ ਤੋਂ ਹਵਾਲਗੀ ਰਾਹੀਂ ਦਿੱਲੀ ਲਿਆਂਦਾ ਇਕਬਾਲ ਸਿੰਘ ਸ਼ੇਰਾ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ ਲਗਾਤਾਰ ਕੂਟਨੀਤਕ ਅਤੇ ਕਾਨੂੰਨੀ ਯਤਨਾਂ ਤੋਂ ਬਾਅਦ ਪੁਰਤਗਾਲ ਤੋਂ ਲੋੜੀਂਦੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ 'ਸ਼ੇਰਾ' ਦੀ ਸਫ਼ਲਤਾ ਪੂਰਵਕ ਹਵਾਲਗੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 'ਸ਼ੇਰਾ' ਹਿਜ਼ਬੁਲ ਮੁਜ਼ਾਹਦੀਨ ਦਾ ਇਕ ਅੱਤਵਾਦੀ ਹੈ। ਉਸ ਨੂੰ ਇਕ ਵੱਡੇ ਵਿੱਤ ਪੋਸ਼ਣ ਮਾਮਲੇ ਵਿਚ ਮੁੱਖ ਸਾਜ਼ਿਸ਼ਘਾੜੇ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਰਤਗਾਲ ਤੋਂ ਭਾਰਤ ਪਹੁੰਚਣ 'ਤੇ ਐਨ.ਆਈ.ਏ ਦੀ ਇਕ ਟੀਮ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਉਹ 2020 ਵਿਚ ਪੁਰਤਗਾਲ ਭੱਜ ਗਿਆ ਸੀ। ਉਸ ਦੀ ਸਫਲ ਹਵਾਲਗੀ ਅਤੇ ਗ੍ਰਿਫ਼ਤਾਰੀ ਪਾਕਿਸਤਾਨ ਸਮਰਥਿਤ ਨਾਰਕੋ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਐਨ.ਆਈ.ਏ. ਦੀ ਲੜਾਈ ਵਿਚ ਇਕ ਵੱਡੀ ਸਫ਼ਲਤਾ ਹੈ।
ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਹਵਾਲਗੀ ਕੀਤੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ ਸ਼ੇਰਾ ਨੂੰ ਪੰਜਾਬ ਲਿਜਾਣ ਲਈ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ। ਪੁਰਤਗਾਲ ਤੋਂ ਮੁਲਜ਼ਮ ਦੀ ਹਵਾਲਗੀ ਯਕੀਨੀ ਬਣਾਉਣ ਤੋਂ ਬਾਅਦ ਐਨ.ਆਈ.ਏ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪਟਿਆਲਾ ਹਾਊਸ ਅਦਾਲਤਾਂ ਵਿਚ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਤਾਂਬਰ ਦੱਤ ਦੇ ਸਾਹਮਣੇ ਪੇਸ਼ ਕੀਤਾ। ਜਾਂਚ ਏਜੰਸੀ ਨੇ ਉਸ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ 'ਚ ਲਿਜਾਣ ਲਈ ਤਿੰਨ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ।