ਇਟਲੀ ਵਿੱਚ ਨਗਰ ਪਾਲਿਕਾ ਦੀਆਂ ਚੋਣਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਦੇ ਪੰਜਾਬੀ ਨੌਜਵਾਨ ਬਲਜੀਤ ਰਾਏ ਨੇ ਹਾਸਿਲ ਕੀਤੀ ਵੱਡੀ ਜਿੱਤ

 ਰੋਮ ਇਟਲੀ 6 ਜੂਨ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਮਾਪਤ ਹੋਈਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਜਿੱਥੇ ਕੁੱਝ ਇਲਾਕਿਆਂ ਵਿੱਚ ਭਾਰਤੀ ਉਮੀਦਵਾਰਾਂ ਦੀ ਚੰਗੀ ਕਾਰਜੁਗਾਰੀ ਦੇਖਣ ਨੂੰ ਮਿਲੀ ਹੈ,ਉੱਥੇ ਵੈਰੋਨਾ ਜਿਲੇ ਦੇ ਸਨਬੋਨੀਫਾਚੋ ਸ਼ਹਿਰ ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰ ਬਲਜੀਤ ਰਾਏ ਨੇ 165 ਵੋਟਾਂ ਲੈ ਕੇ ਇਸ ਨਗਰ ਪਾਲਿਕਾਂ ਵਿੱਚ ਚੌਥੇ ਸਥਾਨ ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ। ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਨਾਲ਼ ਸਬੰਧਿਤ ਬਲਜੀਤ ਰਾਏ ਇਨ੍ਰਾ ਚੋਣਾਂ ਵਿੱਚ ਮਿਲੀ ਜਿੱਤ ਦਾ ਸਿਹਰਾ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ ਉਨ੍ਹਾਂ ਨੂੰ ਦਿੱਤਾ ਹੈ। ਬਲਜੀਤ ਰਾਏ ਇਟਲੀ ਦੀ ਪੀ ਡੀ ਪਾਰਟੀ ਦੀ ਤਰਫੋ ਪਹਿਲੀ ਵਾਰੀ ਚੋਣ ਲੜੇ ਸਨ ਤੇ ਵੱਡੀ ਗਿਣਤੀ ਵਿੱਚ ਕਾਮਯਾਬੀ ਹਾਸਲ ਕੀਤੀ ਹੈ । ਇਟਲੀ ਦੀ ਰਾਜਨੀਤੀ ਅੰਦਰ ਭਾਰਤੀ ਨੌਜਵਾਨਾਂ ਦੁਆਰਾ ਦਿਖਾਈ ਜਾ ਰਹੀ ਸ਼ਮੂਲੀਅਤ ਅਤੇ ਉਨਾਂ ਦੁਆਰਾ ਚੰਗੀਆਂ ਵੋਟਾਂ ਹਾਸਿਲ ਕੀਤੇ ਜਾਣ ਨਾਲ਼ ਇਹ ਸਾਬਿਤ ਹੋ ਗਿਆ ਹੈ ਕਿ ਭਵਿੱਖ ਵਿੱਚ ਭਾਰਤੀ ਨੌਜਵਾਨ ਇਟਲੀ ਦੇ ਰਾਜਨਿਤਕ ਖੇਤਰ ਅੰਦਰ ਸ਼ਾਨਾਮੱਤੀ ਸਫਰ ਤੈਅ ਕਰਨਗੇ। ਜਿਕਰਯੋਗ ਹੈ ਇਹ ਬੀਤੇ ਕੁਝ ਸਾਲਾਂ ਦੌਰਾਨ ਭਾਰਤ ਭਾਈਚਾਰੇ ਦੇ ਉਮੀਦਵਾਰਾਂ ਵੱਲੋਂ ਨਗਰ ਪਾਲਿਕਾ ਦੀਆਂ ਚੋਣਾਂ ਵਿੱਚ ਹਿੱਸਾ ਲੈ ਕੇ ਆਪਣੀ ਕਿਸਮਤ ਅਜ਼ਮਾਈ ਗਈ ਸੀ ਜਿਨ੍ਹਾਂ ਵਿੱਚ ਕਾਫ਼ੀ ਹੱਦ ਤੱਕ ਜਿੱਤ ਹਾਸਲ ਹੋਈ ਸੀ ਇਸ ਸਾਲ ਵੀ ਹੋਈਆਂ ਚੋਣਾਂ ਦੌਰਾਨ ਭਾਰਤੀਆਂ ਦੀ ਕਿਸਮਤ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਹੈ । ਦੂਜੇ ਪਾਸੇ ਆਉਣ ਵਾਲੇ ਸਮੇਂ ਦੌਰਾਨ ਬਾਕੀ ਦੇਸ਼ਾਂ ਵਾਂਗ ਇਟਲੀ ਦੇ ਸਰਕਾਰੇ ਦਰਵਾਰੇ ਭਾਰੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਦਬਦਬਾ ਬਣ ਸਕਦਾ ਹੈ।