ਉੱਚੀ ਰਿਹਾਇਸ਼ੀ ਇਮਾਰਤ ਤੋਂ ਡਿੱਗਣ ਕਾਰਨ ਪਤੀ-ਪਤਨੀ ਅਤੇ ਪੁੱਤਰ ਦੀ ਮੌਤ

 ਲੈਸਟਰ (ਇੰਗਲੈਂਡ), 9 ਜੂਨ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿਚ ਇਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਪਤੀ-ਪਤਨੀ ਅਤੇ ਉਨ੍ਹਾਂ ਦੇ 9 ਸਾਲਾ ਪੁੱਤਰ ਦੀ ਇਕ ਉੱਚੀ ਰਿਹਾਇਸ਼ੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਮ੍ਰਿਤਕਾਂ ਦੀ ਪਛਾਣ 47 ਸਾਲਾ ਰਾਕੇਸ਼ ਪਾਈ, 46 ਸਾਲਾ ਅਦਿਤੀ ਪਰਾਲਕਰ ਅਤੇ ਉਨ੍ਹਾਂ ਦੇ 9 ਸਾਲਾ ਪੁੱਤਰ ਸਿਦ ਵਜੋਂ ਹੋਈ ਹੈ। ਪੁਲਿਸ ਨੂੰ ਪਿਛਲੇ ਹਫ਼ਤੇ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਉੱਚੀ ਰਿਹਾਇਸ਼ੀ ਇਮਾਰਤ ਦੇ ਹੇਠਾਂ ਤਿੰਨ ਵਿਅਕਤੀ ਬੇਹੋਸ਼ ਹਾਲਤ ਵਿਚ ਪਏ ਹਨ। ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਕਰਮਚਾਰੀ ਅਤੇ ਹੋਰ ਬਚਾਅ ਦਲ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਤਿੰਨਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਸੱਟਾਂ ਬਹੁਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।
ਜਾਣਕਾਰੀ ਅਨੁਸਾਰ ਪਰਿਵਾਰ ਕਈ ਸਾਲਾਂ ਤੋਂ ਬਰਤਾਨੀਆ ਵਿਚ ਰਹਿ ਰਿਹਾ ਸੀ। ਰਾਕੇਸ਼ ਪਾਈ ਵਿੱਤੀ ਖੇਤਰ ਨਾਲ ਜੁੜੇ ਹੋਏ ਸਨ ਜਦਕਿ ਅਦਿਤੀ ਪਰਾਲਕਰ ਉਸਾਰੀ ਨਾਲ ਸਬੰਧਿਤ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੀ ਸੀ। ਉਨ੍ਹਾਂ ਦਾ ਪੁੱਤਰ ਸਿਦ ਜਨਮ ਤੋਂ ਹੀ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਸੀ। ਉਹ ਬੋਲ ਨਹੀਂ ਸਕਦਾ ਸੀ ਅਤੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਦੀ ਗੁਰਦਿਆਂ ਨਾਲ ਸਬੰਧਿਤ ਬਿਮਾਰੀ ਦਾ ਵੀ ਇਲਾਜ ਚੱਲ ਰਿਹਾ ਸੀ।
ਗੁਆਂਢੀਆਂ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਮਿਲਣਸਾਰ ਅਤੇ ਨੇਕ ਸੁਭਾਅ ਵਾਲਾ ਸੀ। ਉਹ ਅਕਸਰ ਇਲਾਕੇ ਦੇ ਲੋਕਾਂ ਨਾਲ ਮਿਲਦੇ-ਜੁਲਦੇ ਰਹਿੰਦੇ ਸਨ ਅਤੇ ਆਪਣੇ ਪੁੱਤਰ ਦੀ ਦੇਖਭਾਲ ਵਿਚ ਪੂਰੀ ਤਰ੍ਹਾਂ ਸਮਰਪਿਤ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਇੰਨਾ ਚੰਗਾ ਪਰਿਵਾਰ ਇਸ ਤਰ੍ਹਾਂ ਅਚਾਨਕ ਸਦਾ ਲਈ ਵਿਛੜ ਗਿਆ ਹੈ।
ਸੂਤਰਾਂ ਅਨੁਸਾਰ ਬੱਚੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਬਿਮਾਰੀ ਕਾਰਨ ਪਰਿਵਾਰ ਕਾਫ਼ੀ ਮਾਨਸਿਕ ਦਬਾਅ ਹੇਠ ਸੀ। ਦੱਸਿਆ ਜਾਂਦਾ ਹੈ ਕਿ ਬੱਚੇ ਦੇ ਇਲਾਜ ਲਈ ਪਰਿਵਾਰ ਕੁਝ ਸਾਲ ਪਹਿਲਾਂ ਭਾਰਤ ਵੀ ਗਿਆ ਸੀ, ਪਰ ਸਿਹਤ ਵਿਚ ਕੋਈ ਵੱਡਾ ਸੁਧਾਰ ਨਾ ਆਉਣ ਕਾਰਨ ਉਹ ਮੁੜ ਬਰਤਾਨੀਆ ਆ ਗਿਆ ਸੀ। ਇਸ ਦੌਰਾਨ ਮਾਪਿਆਂ ਨੂੰ ਆਪਣੇ ਪੁੱਤਰ ਦੀ ਦੇਖਭਾਲ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਤਾਂ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਕਾਨੂੰਨੀ ਜਾਂਚ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕਿਸੇ ਨਤੀਜੇ 'ਤੇ ਪਹੁੰਚਣਾ ਠੀਕ ਨਹੀਂ ਹੋਵੇਗਾ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਹਾਦਸੇ ਨੇ ਨਾ ਸਿਰਫ਼ ਸਥਾਨਕ ਭਾਈਚਾਰੇ ਨੂੰ, ਸਗੋਂ ਭਾਰਤੀ ਮੂਲ ਦੇ ਲੋਕਾਂ ਵਿਚ ਵੀ ਡੂੰਘਾ ਦੁੱਖ ਪੈਦਾ ਕੀਤਾ ਹੈ। ਲੋਕ ਪਰਿਵਾਰ ਦੀ ਮੌਤ 'ਤੇ ਸ਼ੋਕ ਪ੍ਰਗਟ ਕਰ ਰਹੇ ਹਨ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰ ਰਹੇ ਹਨ।