ਮੈਨਚੈਸਟਰ ਦੇ ਸਕੂਲ 'ਚ ਚਾਕੂ ਹਮਲਾ, ਦੋ ਵਿਦਿਆਰਥੀ ਅਤੇ ਅਧਿਆਪਕ ਜ਼ਖ਼ਮੀ

 ਲੈਸਟਰ (ਇੰਗਲੈਂਡ), 9 ਜੂਨ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਮੈਨਚੈਸਟਰ ਸ਼ਹਿਰ ਦੇ ਇੱਕ ਸਕੂਲ ਵਿਚ ਚਾਕੂ ਨਾਲ ਕੀਤੇ ਗਏ ਹਮਲੇ ਦੌਰਾਨ ਦੋ ਵਿਦਿਆਰਥੀ ਅਤੇ ਇੱਕ ਅਧਿਆਪਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸਕੂਲ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਨੇ 14 ਸਾਲਾ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਨੁਸਾਰ ਇਹ ਘਟਨਾ ਮੈਨਚੈਸਟਰ ਦੇ ਬਲੈਕਲੀ ਇਲਾਕੇ ਵਿਚ ਸਥਿਤ ਕੋ-ਆਪ ਅਕੈਡਮੀ ਸਕੂਲ ਵਿਚ ਮੰਗਲਵਾਰ ਸਵੇਰੇ ਵਾਪਰੀ। ਸੂਚਨਾ ਮਿਲਣ ਉਪਰੰਤ ਪੁਲਿਸ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ।
ਹਮਲੇ ਵਿਚ 14 ਸਾਲਾ ਲੜਕੀ ਦੇ ਮੋਢੇ 'ਤੇ ਸੱਟ ਲੱਗੀ ਹੈ, ਜਦਕਿ 14 ਸਾਲਾ ਲੜਕੇ ਦੇ ਕੰਨ ਨੇੜੇ ਜ਼ਖ਼ਮ ਆਇਆ ਹੈ। ਇਸ ਤੋਂ ਇਲਾਵਾ 27 ਸਾਲਾ ਪੁਰਸ਼ ਅਧਿਆਪਕ ਦੇ ਗਲੇ 'ਤੇ ਚਾਕੂ ਨਾਲ ਵਾਰ ਕੀਤਾ ਗਿਆ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ ਅਤੇ ਹਾਲਤ ਸਥਿਰ ਹੈ।
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਬਹਾਦਰੀ ਦਿਖਾਉਂਦਿਆਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਲੜਕੀ ਨੂੰ ਕਾਬੂ ਕਰ ਲਿਆ ਸੀ। ਇਸ ਕਾਰਨ ਹੋਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਿਆ।
ਪੁਲਿਸ ਦੇ ਅਧਿਕਾਰੀ ਜੌਨ ਸ਼ਿਲਵੌਕ ਨੇ ਕਿਹਾ ਕਿ ਇਹ ਘਟਨਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਚਿੰਤਾ ਦਾ ਕਾਰਨ ਬਣੀ ਹੈ, ਪਰ ਹਾਲਾਤ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਲੋਕਾਂ ਲਈ ਕੋਈ ਵਾਧੂ ਖ਼ਤਰਾ ਨਹੀਂ ਹੈ।
ਘਟਨਾ ਤੋਂ ਬਾਅਦ ਸਕੂਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਪੁਲਿਸ ਦੀ ਵੱਡੀ ਤਾਇਨਾਤੀ ਕੀਤੀ ਗਈ। ਲੋਕਾਂ ਵਿਚ ਭਰੋਸਾ ਬਣਾਈ ਰੱਖਣ ਲਈ ਪੁਲਿਸ ਅਧਿਕਾਰੀ ਇਲਾਕੇ ਵਿਚ ਗਸ਼ਤ ਕਰ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।