ਟਰੰਪ ਦੀ ਲੋਕਪ੍ਰਿਯਤਾ ਘਟੀ, ਸਿਰਫ਼ 35 ਫੀ ਸਦੀ ਅਮਰੀਕੀ ਕਰਦੇ ਹਨ ਸਮਰਥਨ

ਵਾਸ਼ਿੰਗਟਨ : ਇੱਕ ਤਾਜ਼ਾ ਸਰਵੇਖਣ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਅਪਰੂਵਲ ਰੇਟਿੰਗ 35 ਫੀ ਸਦੀ 'ਤੇ ਬਣੀ ਹੋਈ ਹੈ, ਜੋ ਉਨ੍ਹਾਂ ਦੇ ਰਾਜਨੀਤਿਕ ਜੀਵਨ ਦੇ ਸਭ ਤੋਂ ਹੇਠਲੇ ਪੱਧਰਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।ਰਾਇਟਰਜ਼ ਅਤੇ ਇਪਸੌਸ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਬਹੁਤ ਸਾਰੇ ਅਮਰੀਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੈਟਰੋਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਸਰਵੇਖਣ ਅਨੁਸਾਰ 59 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਅਗਲੇ ਇੱਕ ਸਾਲ ਵਿੱਚ ਗੈਸ ਦੀਆਂ ਕੀਮਤਾਂ ਹੋਰ ਖਰਾਬ ਹੋਣਗੀਆਂ, ਜਦਕਿ ਸਿਰਫ਼ 17 ਫੀ ਸਦੀ ਨੇ ਕਿਹਾ ਕਿ ਹਾਲਾਤ ਸੁਧਰ ਸਕਦੇ ਹਨ। ਮਹਿੰਗਾਈ ਅਤੇ ਗੁਜ਼ਰੇ ਦੇ ਖਰਚਿਆਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਟਰੰਪ ਨੂੰ ਵੱਡਾ ਝਟਕਾ ਲੱਗਿਆ ਹੈ। ਕੇਵਲ 22 ਫੀ ਸਦੀ ਅਮਰੀਕੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ, ਜਦਕਿ 70 ਫੀ ਸਦੀ ਲੋਕ ਨਾਰਾਜ਼ ਹਨ। ਇਸ ਤੋਂ ਇਲਾਵਾ, ਇਰਾਨ ਖ਼ਿਲਾਫ਼ ਅਮਰੀਕੀ ਫੌਜੀ ਕਾਰਵਾਈ ਨੂੰ ਵੀ ਮਿਲੇ-ਜੁਲੇ ਪ੍ਰਤੀਕਿਰਿਆ ਮਿਲੀ ਹੈ। ਸਿਰਫ਼ 36 ਫੀ ਸਦੀ ਲੋਕਾਂ ਨੇ ਹਮਲਿਆਂ ਦਾ ਸਮਰਥਨ ਕੀਤਾ, ਜਦਕਿ ਕੇਵਲ 25 ਫੀ ਸਦੀ ਦਾ ਮੰਨਣਾ ਹੈ ਕਿ ਇਸ ਕਾਰਵਾਈ ਦੇ ਫਾਇਦੇ ਉਸ ਦੀ ਕੀਮਤ ਤੋਂ ਵੱਧ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਜੇ ਅੱਜ ਕਾਂਗਰਸ ਦੀਆਂ ਚੋਣਾਂ ਹੋਣ ਤਾਂ 41 ਫੀ ਸਦੀ ਵੋਟਰ ਡੈਮੋਕਰੈਟਿਕ ਪਾਰਟੀ ਨੂੰ ਅਤੇ 37 ਫੀ ਸਦੀ ਰਿਪਬਲਿਕਨ ਪਾਰਟੀ ਨੂੰ ਤਰਜੀਹ ਦੇਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਮਹਿੰਗਾਈ, ਗੈਸ ਦੀਆਂ ਕੀਮਤਾਂ ਅਤੇ ਵਿਦੇਸ਼ੀ ਟਕਰਾਵਾਂ ਕਾਰਨ ਟਰੰਪ ਅਤੇ ਰਿਪਬਲਿਕਨ ਪਾਰਟੀ ਲਈ ਆਉਣ ਵਾਲੀਆਂ ਮਿੱਡ ਟਰਮ ਚੋਣਾਂ ਚੁਣੌਤੀਪੂਰਨ ਹੋ ਸਕਦੀਆਂ ਹਨ।