ਕਾਂਗੋ ’ਚ ਇਬੋਲਾ ਦੇ 550 ਮਾਮਲਿਆਂ ਵਿੱਚੋਂ 101 ਮਰੀਜ਼ਾਂ ਦੀ ਮੌਤ
_09Jun26095240AM.jfif)
ਬੁਨੀਆ : ਪੂਰਬੀ ਕਾਂਗੋ ਵਿੱਚ ਇਬੋਲਾ ਦੇ ਪ੍ਰਕੋਪ ਦਾ ਐਲਾਨ ਹੋਣ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਸ ਦੇ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਤੋਂ ਜ਼ਿਆਦਾ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਤੱਕ ਇਬੋਲਾ ਵਾਇਰਸ ਦੇ ਸੰਕਰਮਣ ਦੇ ਕੁੱਲ 550 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 101 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19 ਮਰੀਜ਼ਾਂ ਦੇ ਠੀਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਪ੍ਰਕੋਪ ਮੁੱਖ ਤੌਰ 'ਤੇ ਕਾਂਗੋ ਦੇ ਪੂਰਬੀ ਸੂਬੇ ਇਟੂਰੀ ਵਿੱਚ ਕੇਂਦਰਿਤ ਹੈ, ਜਿੱਥੇ ਕੁੱਲ ਮਾਮਲਿਆਂ ਦੇ 90 ਫੀਸਦੀ ਤੋਂ ਵੱਧ ਦਰਜ ਕੀਤੇ ਗਏ ਹਨ। ਕੁਝ ਮਾਮਲੇ ਨਾਰਥ ਕੀਵੂ ਅਤੇ ਸਾਊਥ ਕੀਵੂ ਸੂਬਿਆਂ ਵਿੱਚ ਵੀ ਸਾਹਮਣੇ ਆਏ ਹਨ ਅਤੇ ਇਹ ਸੰਕਰਮਣ ਸਰਹੱਦ ਪਾਰ ਕਰਕੇ ਯੂਗਾਂਡਾ ਤੱਕ ਫੈਲ ਚੁੱਕਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਲ ਮਾਮਲਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ, ਕਿਉਂਕਿ ਪ੍ਰਕੋਪ ਦੀ ਪਛਾਣ ਦੇਰੀ ਨਾਲ ਹੋਈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਨਿਗਰਾਨੀ ਅਤੇ ਸਿਹਤ ਪ੍ਰਤੀਕਿਰਿਆ ਵਿੱਚ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ।
ਸਥਾਨਕ ਨਿਵਾਸੀਆਂ ਵੱਲੋਂ ਸਿਹਤ ਕਰਮਚਾਰੀਆਂ 'ਤੇ ਕੀਤੇ ਗਏ ਹਮਲਿਆਂ, ਭਾਈਚਾਰਿਆਂ ਵਿੱਚ ਫੈਲੇ ਸ਼ੱਕ ਅਤੇ ਹਥਿਆਰਬੰਦ ਸੰਘਰਸ਼ ਨੇ ਸੰਕਰਮਣ ਰੋਕੂ ਕੋਸ਼ਿਸ਼ਾਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਹ ਨਵਾਂ ਪ੍ਰਕੋਪ ਦੁਰਲੱਭ 'ਬੁੰਦੀਬੁਗਯੋ ਵਾਇਰਸ ਸਟ੍ਰੇਨ' ਦੇ ਕਾਰਨ ਹੈ, ਜਿਸ ਦੇ ਲਈ ਅਜੇ ਤੱਕ ਕੋਈ ਪ੍ਰਵਾਨਿਤ ਟੀਕਾ ਜਾਂ ਇਲਾਜ ਉਪਲਬਧ ਨਹੀਂ ਹੈ। ਵਾਇਰਸ ਦਾ ਇਹ ਰੂਪ 'ਜ਼ੈਰੇ ਵਾਇਰਸ' ਤੋਂ ਵੱਖਰਾ ਹੈ, ਜੋ ਕਾਂਗੋ ਵਿੱਚ ਪਹਿਲਾਂ ਹੋਏ ਜ਼ਿਆਦਾਤਰ ਪ੍ਰਕੋਪਾਂ ਲਈ ਜ਼ਿੰਮੇਵਾਰ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਸਮਰੱਥਾ ਵਧਣ ਅਤੇ ਪਹਿਲਾਂ ਤੋਂ ਇਕੱਠੇ ਕੀਤੇ ਨਮੂਨਿਆਂ ਦੀ ਜਾਂਚ ਸ਼ੁਰੂ ਹੋਣ ਕਾਰਨ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।