ਟਰਾਈਡੈਂਟ ਦੀ ਧੌਲਾ ਇਕਾਈ ਨੂੰ ਪ੍ਰਦੂਸ਼ਣ ਬੋਰਡ ਦਾ ਨੋਟਿਸ, ਕਾਮਿਆਂ ਵਿੱਚ ਵਧੀ ਚਿੰਤਾ

 ਬਰਨਾਲਾ, : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟਰਾਈਡੈਂਟ ਗਰੁੱਪ ਦੀ ਧੌਲਾ ਸਥਿਤ ਇਕਾਈ ਨੂੰ ਜਾਰੀ ਕੀਤੇ ਗਏ ਨੋਟਿਸਾਂ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਕੰਪਨੀ ਦੇ ਭਵਿੱਖ ਅਤੇ ਉਤਪਾਦਨ ਕਾਰਜਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਰਮਚਾਰੀਆਂ ਅਤੇ ਸਥਾਨਕ ਵਪਾਰੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਣ ਸੰਬੰਧੀ ਨਿਯਮਾਂ ਦੀ ਪਾਲਣਾ ਨਾਲ ਜੁੜੇ ਮਾਮਲਿਆਂ ਸਬੰਧੀ ਇਕਾਈ ਦੇ ਪ੍ਰਬੰਧਕਾਂ ਨੂੰ 30 ਜੂਨ ਨੂੰ ਬੋਰਡ ਦੇ ਚੇਅਰਮੈਨ ਅੱਗੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਇਸ ਨੋਟਿਸ ਤੋਂ ਬਾਅਦ ਖੇਤਰ ਵਿੱਚ ਇਹ ਚਰਚਾ ਵੀ ਛਿੜ ਗਈ ਹੈ ਕਿ ਕੀ ਇਕਾਈ ਦੇ ਕੰਮਕਾਜ ਉੱਤੇ ਕੋਈ ਅਸਰ ਪੈ ਸਕਦਾ ਹੈ।
ਸਥਾਨਕ ਸੂਤਰਾਂ ਅਨੁਸਾਰ ਕੁਝ ਕਰਮਚਾਰੀਆਂ ਦੇ ਹੋਰ ਸੂਬਿਆਂ ਵਿੱਚ ਸਥਿਤ ਕੰਪਨੀ ਦੀਆਂ ਇਕਾਈਆਂ ਵੱਲ ਤਬਾਦਲਿਆਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਸ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਟਰਾਈਡੈਂਟ ਗਰੁੱਪ ਦੀ ਧੌਲਾ ਇਕਾਈ ਖੇਤਰ ਦੇ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ &rsquoਤੇ ਰੁਜ਼ਗਾਰ ਮੁਹੱਈਆ ਕਰਦੀ ਹੈ। ਇਸ ਕਾਰਨ ਜੇਕਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਅਸਰ ਰੁਜ਼ਗਾਰ ਅਤੇ ਸਥਾਨਕ ਕਾਰੋਬਾਰਾਂ ਉੱਤੇ ਵੀ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਇਲਾਕੇ ਦੇ ਲੋਕ ਇਸ ਮਾਮਲੇ ਉੱਤੇ ਨਜ਼ਰ ਬਣਾਈ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਵੀ ਕੀਤਾ ਸੀ, ਜਿਸ ਤੋਂ ਬਾਅਦ ਕੁਝ ਸਮੇਂ ਲਈ ਸਖ਼ਤ ਕਾਰਵਾਈ ਉੱਤੇ ਰੋਕ ਲੱਗੀ ਹੋਈ ਸੀ। ਹੁਣ ਨਿਰਧਾਰਤ ਸਮਾਂ ਪੂਰਾ ਹੋਣ ਮਗਰੋਂ ਬੋਰਡ ਵੱਲੋਂ ਅਗਲੀ ਸੁਣਵਾਈ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟਿਸ ਜਾਰੀ ਕਰਨਾ ਇੱਕ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਸਬੰਧਤ ਪੱਖ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਸਾਰੀ ਜਾਣਕਾਰੀ ਅਤੇ ਦਲੀਲਾਂ ਸੁਣਨ ਤੋਂ ਬਾਅਦ ਹੀ ਲਿਆ ਜਾਵੇਗਾ।
ਫਿਲਹਾਲ ਨਾ ਤਾਂ ਇਕਾਈ ਨੂੰ ਬੰਦ ਕਰਨ ਸਬੰਧੀ ਕੋਈ ਅਧਿਕਾਰਕ ਐਲਾਨ ਹੋਇਆ ਹੈ ਅਤੇ ਨਾ ਹੀ ਪ੍ਰਬੰਧਨ ਵੱਲੋਂ ਇਸ ਤਰ੍ਹਾਂ ਦੀ ਕਿਸੇ ਸੰਭਾਵਨਾ ਦੀ ਪੁਸ਼ਟੀ ਕੀਤੀ ਗਈ ਹੈ। ਇਸ ਲਈ ਮਾਮਲੇ ਦੀ ਅਗਲੀ ਕਾਰਵਾਈ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।