🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਆ ਗਈ ਰੋਡਵੇਜ਼ ਦੀ ਲਾਰੀ

📅 Published: 29 Jul 2026 09:46 am • 👁️ Views: 53
ਆ ਗਈ ਰੋਡਵੇਜ਼ ਦੀ ਲਾਰੀ

 

ਪੰਜਾਬ ਦਾ ਸ਼ਾਇਦ ਹੀ ਐਸਾ ਕੋਈ ਸ਼ਖ਼ਸ ਹੋਵੇਗਾ ਜਿਸ ਦਾ ਬੱਸਾਂ ਦੇ ਸਫ਼ਰ ਦਾ ਕੋਈ ਮਿੱਠਾ-ਕੌੜਾ ਤਜਰਬਾ ਨਾ ਹੋਵੇਕੌੜਾ ਵਧੇਰੇ ਅਤੇ ਮਿੱਠਾ ਘੱਟ। ਬਜ਼ੁਰਗ਼ਾਂ ਵਾਸਤੇ ਤੇ ਬਿਮਾਰ ਲੋਕਾਂ ਲਈ ਤਾਂ ਬੱਸ ਦਾ ਸਫ਼ਰ ਭਵ-ਸਾਗਰ ਪਾਰ ਕਰਨ ਵਾਂਗ ਹੀ ਹੈ। ਬੱਸ ਦੀਆਂ ਉੱਚੀਆਂ ਪੌੜੀਆਂ ਚੜ੍ਹਨੀਆਂ ਚੁਬਾਰੇ ਉੱਤੇ ਚੜ੍ਹਨ ਵਾਂਗ ਹੈ। ਪੱਛਮੀ ਦੇਸ਼ਾਂ ਵਰਗੀਆਂ ਸਹੂਲਤਾਂ ਅਜੇ ਨਸੀਬ ਨਹੀਂ ਹੋਈਆਂ ਉੱਥੇ, ਜਿੱਥੇ ਬੱਸ ਨੂੰ ਹਾਈਡ੍ਰਾਲਿਕ ਸਿਸਟਮ ਨਾਲ ਫੁੱਟਪਾਥ ਦੇ ਲੈਵਲ &lsquoਤੇ ਕਰ ਦਿਤਾ ਜਾਂਦਾ ਹੈ। ਵ੍ਹੀਲਚੇਅਰ ਵੀ ਬੱਸ ਦੇ ਅੰਦਰ ਜਾ ਸਕਦੀ ਹੈ। ਅਸੀਂ ਆਪ ਵੀ ਅਜੇ ਕਤਾਰ &lsquoਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਨਹੀਂ ਸਿੱਖੀ। ਧੱਕੋ-ਮੁੱਕੀ ਨੂੰ ਹੀ ਪਰਮੋ- ਧਰਮਾ ਸਮਝਦੇ ਹਾਂ। ਅਸੀਂ ਤਾਂ ਹਵਾਈ ਜਹਾਜ਼ ਤੇ ਚੜ੍ਹਨ ਲੱਗਿਆਂ ਵੀ ਇਕ ਦੂਜੇ ਦੀਆਂ ਖੁੱਚਾਂ ਵੱਢਣੋਂ ਨਹੀਂ ਹਟਦੇ ਹਾਲਾਂ ਕਿ ਪਤਾ ਹੈ ਕਿ ਜਹਾਜ਼ ਨੇ ਸਭ ਨੂੰ ਹੀ ਲੈ ਕੇ ਜਾਣਾ ਹੈ।

ਗੀਤਕਾਰਾਂ ਨੇ ਵੀ ਇਹਨਾਂ ਤਜਰਬਿਆਂ ਨੂੰ ਆਪਣੇ ਸ਼ਬਦਾਂ &lsquoਚ ਖੂਬ ਬੰਨ੍ਹਿਆਂ ਹੈਉੱਪਰਲਾ ਗੀਤ ਕਿ &lsquoਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ&rsquo ਬੜਾ ਮਕਬੂਲ ਹੋਇਆ ਸੀ। ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ ਤਾਂ ਥੋੜ੍ਹਾ ਬਹੁਤ ਬੱਸ ਦਾ ਸਫ਼ਰ ਜ਼ਰੂਰ ਕਰਦਾ ਹਾਂ, ਇਕ ਤਾਂ ਮੈਨੂੰ ਆਪਣਾ ਕਾਲਜ ਦਾ ਉਹ ਜ਼ਮਾਨਾ ਯਾਦ ਆ ਜਾਂਦਾ ਹੈ ਜਦੋਂ ਅਸੀਂ ਵੀ ਇਨ੍ਹਾਂ ਵਰਤਾਰਿਆਂ &lsquoਚ ਸ਼ਾਮਲ ਹੁੰਦੇ ਸਾਂ ਤੇ ਦੂਸਰਾ ਤੁਹਾਨੂੰ ਆਲ਼ੇ ਦੁਆਲੇ ਬੈਠੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਤੇ ਉਨ੍ਹਾਂ ਦੀ ਗੱਲਬਾਤ ਤੋਂ ਸਮਾਜਿਕ ਵਰਤਾਰੇ ਬਾਰੇ ਪਤਾ ਲਗਦਾ ਹੈ।

ਕੰਡਕਟਰਾਂ ਤੇ ਸਵਾਰੀਆਂ ਦੀ ਬਹੁਤੀ ਤੂੰ ਤੂੰ ਮੈਂ ਮੈਂ ਟੁੱਟੇ ਹੋਏ ਪੈਸਿਆਂ ਤੋਂ ਹੀ ਹੁੰਦੀ ਹੈ। ਦੋਵੇਂ ਧਿਰਾਂ ਇਸ ਦੀ ਜ਼ਿੰਮੇਵਾਰੀ ਇਕ ਦੂਜੇ &lsquoਤੇ ਸੁੱਟਦੀਆਂ ਹਨ। ਕੰਡਕਟਰ ਦੀ ਦਲੀਲ ਕਿ ਸਵਾਰੀ ਘਰੋਂ ਹੀ ਟੁੱਟੇ ਹੋਏ ਪੈਸੇ ਲੈ ਕੇ ਤੁਰੇ ਤੇ ਸਵਾਰੀ ਦੀ ਦਲੀਲ ਕਿ ਕੰਡਕਟਰ ਕੋਲ ਭਾਨ ਹੋਣੀ ਚਾਹੀਦੀ ਹੈ। ਕਈ ਵਾਰੀ ਛੋਟੇ ਬੱਚਿਆਂ ਦੀ ਉਮਰ ਬਾਰੇ ਵੀ ਝਗੜਾ ਖੜ੍ਹਾ ਹੋ ਜਾਂਦਾ ਹੈ। ਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਦੀ ਉਮਰ ਘੱਟ ਦੱਸੀ ਜਾਵੇ ਜਿਸ ਨਾਲ ਟਿਕਟ ਨਾ ਲੱਗੇ ਜਾਂ ਅੱਧੀ ਲੱਗੇ। ਬੱਸਾਂ ਦੇ ਸਫ਼ਰ ਨੂੰ ਲੈ ਕੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਹੜਤਾਲਾਂ ਕਿਸ ਨੂੰ ਯਾਦ ਨਹੀਂ! ਆਮ ਲੋਕ ਖੱਜਲ ਖੁਆਰ ਹੁੰਦੇ, ਉਹ ਕਦੇ ਵਿਦਿਆਰਥੀਆਂ ਨੂੰ ਤੇ ਕਦੇ ਬੱਸਾਂ ਵਾਲਿਆਂ ਨੂੰ ਬੁਰਾ ਭਲਾ ਬੋਲਦੇ।

ਕੈ.ਅਮਰਿੰਦਰ ਸਿੰਘ ਦੀ ਸਰਕਾਰ ਨੇ ਬੀਬੀਆਂ ਲਈ ਬੱਸਾਂ &lsquoਚ ਸਫ਼ਰ ਮੁਫ਼ਤ ਕਰ ਦਿਤਾ। ਬੀਬੀਆਂ ਦੀਆਂ ਵੋਟਾਂ ਪੱਕੀਆਂ, ਪਰ ਇਸ ਨੇ ਵੀ ਬੜੇ ਪੁਆੜੇ ਪਾਏ। ਨਿਤ ਦਿਨ ਕੰਡਕਟਰਾਂ ਦੀ ਬੀਬੀਆਂ ਨਾਲ ਹੁੰਦੀ ਤੂੰ ਤੂੰ ਮੈਂ ਮੈਂ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣਦੀ ਹੈ। ਜੇ ਬੀਬੀਆਂ ਕਿਸੇ ਸਟਾਪ &lsquoਤੇ ਜ਼ਿਆਦਾ ਖੜ੍ਹੀਆਂ ਹਨ ਤਾਂ ਡਰਾਈਵਰ ਬੱਸ ਨੂੰ ਜਾਂ ਤਾਂ ਪਿੱਛੇ ਹੀ ਰੋਕ ਲੈਂਦੇ ਹਨ ਜਾਂ ਅਗਾਂਹ ਜਾ ਕੇ ਰੁਕਦੇ ਹਨ ਤਾਂ ਕਿ ਬੀਬੀਆਂ ਨੂੰ ਚੜ੍ਹਾਉਣਾ ਨਾ ਪਵੇ। ਬਹੁਤ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰਦੇ ਹਨ ਕਿ ਜਿਹੜੀਆਂ ਬੀਬੀਆਂ ਨੌਕਰੀ ਕਰਦੀਆਂ ਤੇ ਮੋਟੀਆਂ ਤਨਖ਼ਾਹਾਂ ਲੈਂਦੀਆਂ ਹਨ ਜਾਂ ਉਂਜ ਘਰੋਂ ਰੱਜੀਆਂ ਪੁੱਜੀਆਂ ਹਨ ਉਨ੍ਹਾਂ ਨੂੰ ਇਹ ਸਹੂਲਤ ਕਿਉਂ? ਪਰ ਮਸਲਾ ਤਾਂ ਵੋਟਾਂ ਨਾਲ ਜੁੜਿਆ ਹੋਇਆ ਹੈਜੇ ਕੇਂਦਰ ਸਰਕਾਰ ਇੰਜ ਵੋਟਾਂ ਬਟੋਰਦੀ ਹੈ ਤਾਂ ਸੂਬੇ ਕਿਉਂ ਪਿੱਛੇ ਰਹਿਣ? ਤਾਏ ਦੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ।

ਉੱਪਰਲੇ ਗੀਤ ਨਾਲ਼ ਸਬੰਧਤ ਇਕ ਬੜੀ ਰੌਚਕ ਘਟਨਾ ਪੇਸ਼ ਹੈ। ਮੇਰੇ ਮਹਿਕਮੇ ਨੇ ਮੇਰੀ ਬਦਲੀ ਅਚਾਨਕ ਹੀ ਕੋਟਕਪੂਰੇ ਦੀ ਕਰ ਦਿਤੀ। ਉੱਥੇ ਮੇਰਾ ਸਹਾਇਕ ਬਹੁਤ ਹੀ ਹਾਜ਼ਰ ਜਵਾਬ ਤੇ ਟਿਚਕਰਬਾਜ਼ੀ &lsquoਚ ਬੜਾ ਮਾਹਰ ਬੰਦਾ ਸੀ। ਇਕ ਦਿਨ ਅਸੀਂ ਦੋਵਾਂ ਨੇ ਕਿਸੇ ਸਰਕਾਰੀ ਕੰਮ ਲਈ ਫ਼ਰੀਦਕੋਟ ਜਾਣਾ ਸੀ। ਪੰਜਾਬ ਰੋਡਵੇਜ਼ ਦੀ ਜਿਸ ਬੱਸ &lsquoਚ ਚੜ੍ਹੇ ਉਸ ਦੀ ਬੜੀ ਖ਼ਸਤਾ ਹਾਲਤ ਸੀ। ਖਿੜਕੀਆਂ ਦਾ ਟਾਂਵਾਂ ਟਾਂਵਾਂ ਸ਼ੀਸ਼ਾ ਹੀ ਸਾਬਤ ਸੀ ਤੇ ਉੱਪਰੋਂ ਕਹਿਰ ਦੀ ਸਰਦੀਠੰਢੀ-ਸੀਤ ਹਵਾ ਹੱਡਾਂ ਨੂੰ ਚੀਰਦੀ ਜਾਂਦੀ ਸੀ। ਕੰਡਕਟਰ ਜਦੋਂ ਟਿਕਟਾਂ ਕੱਟਦਾ ਹੋਇਆ ਸਾਡੇ ਕੋਲ ਆਇਆ ਤਾਂ ਮੇਰੇ ਸਹਾਇਕ ਨੇ ਉਸ ਨੂੰ ਅਜੀਬੋ-ਗ਼ਰੀਬ ਜਿਹਾ ਸਵਾਲ ਕਰ ਦਿਤਾ, &ldquo ਬਾਈ, ਐਹ ਬੱਸ ਵੇਚਣੀ ਐ ਤੁਸੀਂ?&rdquo ਵਿਚਾਰਾ ਕੰਡਕਟਰ ਇਕ ਵਾਰੀ ਤਾਂ ਭਮੰਤਰ ਗਿਆ ਸਵਾਲ ਸੁਣ ਕੇ ਪਰ ਫੇਰ ਵੀ ਉਸ ਨੇ ਜਵਾਬੀ ਸਵਾਲ ਕੀਤਾ, &ldquo ਬਾਈ, ਤੁਸੀਂ ਕੀ ਕਰਨੀ ਐ?&rdquo

&ldquo ਯਾਰ, ਮੈਂ ਮੁਰਗ਼ੀਖਾਨਾ ਖੋਲ੍ਹਣਾ, ਬਸ ਇਹਨੂੰ ਤਾਂ ਜਾਲ਼ੀ ਹੀ ਲਾਉਣੀ ਪੈਣੀ ਆਂ ਆਲ਼ੇ ਦੁਆਲੇ, ਬਾਕੀ ਤਾਂ ਇਹ ਬਣਿਆ ਬਣਾਇਆ ਈ ਮੁਰਗ਼ੀ ਖਾਨਾ ਐ, ਨਾਲੇ ਮੁਰਗੀਆਂ ਸੀਟਾਂ &lsquoਤੇ ਬੈਠ ਕੇ ਆਂਡੇ ਦਿਆ ਕਰਨਗੀਆਂ&rdquo ਸਾਰੀਆਂ ਸਵਾਰੀਆਂ ਖਿੜ ਖਿੜਾ ਕੇ ਹੱਸ ਪਈਆਂ ਤੇ

ਕੰਡਕਟਰ ਵਿਚਾਰਾ ਸ਼ਰਮਿੰਦਾ ਹੋਇਆ ਕੁਝ ਨਾ ਬੋਲ ਸਕਿਆ ਤੇ ਹੀਂ ਹੀਂ ਕਰਦਾ ਅਗਾਂਹ ਹੋਇਆ।

ਕਈ ਵਾਰੀ ਕੰਡਕਟਰ ਮੁਸਾਫ਼ਰਾਂ ਦਾ ਬਕਾਇਆ ਟਿਕਟ ਦੇ ਪਿੱਛੇ ਲਿਖ ਦਿੰਦੇ ਹਨ। ਜੇ ਉਹ ਵਿਚਾਰਾ ਵਾਰ ਵਾਰ ਮੰਗ ਲਵੇ ਤਾਂ ਕਈ ਕੰਡਕਟਰ ਆਪੇ ਤੋਂ ਬਾਹਰ ਹੋ ਜਾਂਦੇ ਹਨ। ਮੈਨੂੰ 1991 &lsquoਚ ਅਚਾਨਕ ਪੰਜਾਬ ਜਾਣਾ ਪਿਆ। ਪੰਜਾਬ &lsquoਚ ਉਸ ਵੇਲੇ ਜੁਗ- ਗ਼ਰਦੀ ਚਲ ਰਹੀ ਸੀ। ਮੈਂ ਭੋਗ ਪੁਰ ਰਿਸ਼ਤੇਦਾਰੀ &lsquoਚ ਜਾਣਾ ਸੀ। ਮੈਨੂੰ ਸਲਾਹ ਦਿਤੀ ਗਈ ਕਿ ਬੱਸ &lsquoਚ ਜਾਣਾ ਠੀਕ ਰਹੇਗਾ ਕਿਉਂਕਿ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਬਹੁਤ ਹੁੰਦੀ ਸੀ, ਚੈਕਿੰਗ ਭਾਵ ਕੋਈ ਪੰਗਾ। ਟਾਂਡਾ ਉੜਮੁੜ ਪਹੁੰਚ ਕੇ ਮੈਨੂੰ ਜੇ. ਐਂਡ ਕੇ. ਦੀ ਜੰਮੂ ਤੋਂ ਦਿੱਲੀ ਵਾਲੀ ਬੱਸ ਮਿਲ ਗਈ। ਟਾਂਡੇ ਤੋਂ ਭੋਗ ਪੁਰ ਦਾ ਕਿਰਾਇਆ ਢਾਈ ਰੁਪਏ ਸੀ ਉਸ ਵੇਲੇਮੈਂ ਕੰਡਕਟਰ ਨੂੰ ਪੰਜ ਰੁਪਏ ਦਾ ਨੋਟ ਦਿਤਾ। ਟੁੱਟੇ ਹੋਏ ਪੈਸੇ ਨਹੀਂ ਸਨ ਮੇਰੇ ਕੋਲ। ਉਸ ਨੇ ਬਕਾਇਆ ਟਿਕਟ ਦੇ ਪਿੱਛੇ ਲਿਖ ਦਿਤਾ।

ਦੋ ਤਿੰਨ ਵਾਰੀ ਕੰਡਕਟਰ ਮੇਰੇ ਕੋਲੋਂ ਦੀ ਲੰਘਿਆ, ਮੈਂ ਬਕਾਇਆ ਮੰਗਿਆ। ਉਹ ਘੇਸਲ ਮਾਰ ਕੇ ਲੰਘ ਜਾਂਦਾ ਰਿਹਾ। ਜਦ ਭੋਗ ਪੁਰ ਦਾ ਪੈਂਡਾ ਥੋੜ੍ਹਾ ਹੀ ਰਹਿ ਗਿਆ ਤਾਂ ਮੈਂ ਕੰਡਕਟਰ ਤੋਂ ਫਿਰ ਬਕਾਇਆ ਮੰਗਿਆ ਤਾਂ ਉਹ ਗਰਜ ਕੇ ਬੋਲਿਆ, &ldquo ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ, ਐਹ ਲੀਡਰ ਤੇ ਵੱਡੇ ਅਫ਼ਸਰ ਸਭ ਕੁਝ ਲੁੱਟ ਲੁੱਟ ਖਾਈ ਜਾਂਦੇ ਐ, ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ&rdquo

&ldquo ਭਾਈ ਸਾਬ ਏਸ ਗੱਲ ਦਾ ਮੇਰੇ ਬਕਾਏ ਨਾਲ ਕੀ ਸਬੰਧ ਐ, ਅਸੂਲ ਦੇ ਮੁਤਾਬਕ ਤੈਨੂੰ ਸਵਾਰੀਆਂ ਦਾ ਬਕਾਇਆ ਆਪ ਹੀ ਮੋੜ ਦੇਣਾ ਚਾਹੀਦੈ,&rdquo ਮੈਂ ਕਿਹਾ।

&ldquoਬਾਹਰੋਂ ਆਇਆ ਲਗਦੈਂ,&rdquo ਮੱਥੇ ਤਿਊੜੀ ਪਾ ਕੇ ਉਹ ਬੋਲਿਆ

&ldquoਇੰਜ ਹੀ ਸਮਝ ਲੈ,&rdquo ਮੈਂ ਵੀ ਰੋਅਬ ਨਾਲ ਕਿਹਾ

&ldquoਤਾਂ ਹੀ ਤੀਂਘੜਦੈਂ ਤੇ ਅਸੂਲ ਸਮਝਾਉਨੈਂ ਮੈਨੂੰ, ਬਾਹਰ ਦੇ ਅਸੂਲ ਬਾਹਰ ਹੀ ਰੱਖ ਕੇ ਆਇਆ ਕਰੋ, ਜਿੱਦਾਂ ਅਸੀਂ ਏਥੇ ਰਹਿੰਨੇ ਆਂ ਇੰਜ ਹੀ ਰਿਹਾ ਕਰੋ ਜਿਹੜੇ ਚਾਰ ਦਿਨ ਰਹਿਣਾ ਹੁੰਦੈ। ਔਹ ਪਿੱਛੇ ਬੈਠੇ ਦੋ ਸਿਪਾਹੀ ਦੇਖੇ ਐ ਗੰਨਾਂ ਵਾਲ਼ੇ ਜਲੰਧਰ ਜਾ ਕੇ ਇਨ੍ਹਾਂ ਨੇ ਪੱਤੀ ਵਾਲਾ ਦੁੱਧ ਪੀਣੈ ਮੇਰੇ ਕੋਲੋਂ, ਮੈਂ ਆਪਣੀ ਤਨਖ਼ਾਹ &lsquoਚੋਂ ਪਿਆਵਾਂ?&rdquo ਉਹ ਗੁੱਸੇ ਨਾਲ ਬੋਲਿਆ। ਉਨ੍ਹਾਂ ਦਿਨਾਂ &lsquoਚ ਮੁਸਾਫ਼ਰਾਂ ਦੀ ਸੁਰੱਖਿਆ ਲਈ ਲੰਬੇ ਰੂਟ ਦੀਆਂ ਬੱਸਾਂ ਨਾਲ ਦੋ ਦੋ ਗੰਨਮੈਨ ਤਾਇਨਾਤ ਕੀਤੇ ਹੁੰਦੇ ਸਨ।

&ldquo ਜੇ ਇਨ੍ਹਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਇਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ?&rdquo ਮੈਂ ਸਿਪਾਹੀਆਂ ਵਲ ਦੇਖ ਕੇ ਕਿਹਾ।

ਏਨੀ ਦੇਰ ਨੂੰ ਭੋਗ ਪੁਰ ਦਾ ਅੱਡਾ ਆ ਗਿਆ। ਦੋਨਾਂ ਦਰਵਾਜ਼ਿਆਂ &lsquoਚ ਧੱਕਾ-ਮੁੱਕੀ ਸ਼ੁਰੂ ਹੋ ਗਈ। ਬਾਹਰ ਵਾਲੇ ਅੰਦਰ ਆਉਣ ਲਈ ਤੇ ਅੰਦਰ ਵਾਲੇ ਬਾਹਰ ਜਾਣ ਲਈ ਜ਼ੋਰ ਆਜ਼ਮਾਈ ਲੱਗੇ ਕਰਨ। ਹੁਣ ਮੈਨੂੰ ਬਕਾਇਆ ਭੁੱਲ ਗਿਆ ਤੇ ਬਾਹਰ ਨਿਕਲਣ ਦੀ ਮੁਸੀਬਤ ਨਾਲ ਲੱਗਾ ਜੂਝਣ।

ਡਰਾਈਵਰ ਰੇਸ &lsquoਤੇ ਪੈਰ ਮਾਰ ਮਾਰ ਕੇ ਬੱਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ, ਮਤਲਬ ਕਿ ਜਲਦੀ ਕਰੋ ਦਾ ਇਸ਼ਾਰਾ ਦੇ ਰਿਹਾ ਸੀ। ਖ਼ੈਰ, ਕਾਫ਼ੀ ਖਿੱਚਾਧੂਈ ਤੋਂ ਬਾਅਦ ਮੈਂ ਬਾਹਰ ਨਿਕਲਿਆ। ਮੈਨੂੰ ਇੰਜ ਲੱਗਿਆ ਜਿਵੇਂ ਮੈਂ ਪਟਕੇ ਦਾ ਘੋਲ਼ ਜਿੱਤਿਆ ਹੋਵੇ। ਇਕ ਉੱਚੇ ਲੰਮੇ ਬਜ਼ੁਰਗ਼ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਬੋਲਿਆ, &ldquo ਕਾਕਾ ਜੀ, ਤੁਸੀਂ ਕੰਡਕਟਰ ਨਾਲ ਬਹਿਸ ਕਰ ਕੇ ਚੰਗਾ ਨਹੀਂ ਕੀਤਾ, ਤੁਹਾਨੂੰ ਪਤੈ ਕਿ ਪੰਜਾਬ &lsquoਚ ਜੰਗਲ ਰਾਜ ਐ ਅੱਜ ਕਲ। ਤੁਹਾਡੀ ਕਿਸਮਤ ਚੰਗੀ ਸੀ ਕਿ ਗੱਲ ਅਗਾਂਹ ਨਹੀਂ ਵਧੀ, ਨਹੀਂ ਤਾਂ ਸਰਕਾਰੀ ਕੰਮ &lsquoਚ ਦਖ਼ਲ ਦੇਣ &lsquoਚ ਤੁਹਾਨੂੰ ਫ਼ਸਾਇਆ ਜਾ ਸਕਦਾ ਸੀ। ਅੱਤਵਾਦੀ ਕਹਿ ਕੇ ਤੁਹਾਡੇ &lsquoਤੇ ਅਸਲਾ ਵੀ ਪਾਇਆ ਜਾ ਸਕਦੈਨਕਦ ਇਨਾਮਾਂ ਤੇ ਮੋਢਿਆਂ ਉੱਤੇ ਫ਼ੀਤੀਆਂ ਲੁਆਉਣ ਲਈ ਫਰਜ਼ੀ ਮੁਕਾਬਲੇ ਵੀ ਬਣਾਏ ਜਾਂਦੇ ਐ। ਬਾਕੀ ਤੁਸੀਂ ਸਿਆਣੇ ਹੋ, ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਮੁਲਕ &lsquoਚ ਰਹਿੰਦੇ ਹੋ ਪਰ ਇੱਥੇ ਦੀਆਂ ਖ਼ਬਰਾਂ ਤਾਂ ਥੋੜ੍ਹੀਆਂ ਬਹੁਤ ਪਹੁੰਚਦੀਆਂ ਹੀ ਹੋਣਗੀਆਂ ਤੁਹਾਡੇ ਕੋਲ ਵੀਅਗਾਂਹ ਤੋਂ ਅਜਿਹੀ ਗ਼ਲਤੀ ਨਾ ਕਰਿਉ, ਚੰਗਾ ਜੀ ਸਤਿ ਸ੍ਰੀ ਅਕਾਲ।&rdquo

ਏਨੀ ਗੱਲ ਕਹਿ ਕੇ ਬਜ਼ੁਰਗ਼ ਤਾਂ ਇਕ ਦੁਕਾਨ &lsquoਚ ਵੜ ਗਿਆ ਤੇ ਮੇਰੀਆਂ ਅੱਖਾਂ ਅੱਗੇ ਇੰਗਲੈਂਡ ਦੀਆਂ ਅਖ਼ਬਾਰਾਂ &lsquoਚ ਪੁਲਿਸ ਦੇ ਝੂਠੇ ਮੁਕਾਬਲਿਆਂ ਤੇ ਹੋਰ ਅੱਤਿਆਚਾਰਾਂ ਦੀਆਂ ਛਪੀਆਂ ਖ਼ਬਰਾਂ ਆਉਣ ਲੱਗੀਆਂ ਤੇ ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਵੀ ਮੈਂ ਪਸੀਨੋ-ਪਸੀਨੀ ਹੋਇਆ ਪਿਆ ਸਾਂ

ਬਹੁਤੇ ਕੰਡਕਟਰਾਂ ਦੇ ਵਤੀਰੇ ਬਾਰੇ ਤੇ ਉਨ੍ਹਾਂ ਵਲੋਂ ਵਰਤੀ ਜਾਂਦੀ ਭਾਸ਼ਾ ਬਾਰੇ ਕੌਣ ਨਹੀਂ ਜਾਣਦਾ?

ਇਸੇ ਸਬੰਧੀ ਇਕ ਘਟਨਾ ਯਾਦ ਆ ਗਈ। ਮੇਰੇ ਸਮੇਤ ਕੁਝ ਸਵਾਰੀਆਂ ਪੰਜਾਬ ਰੋਡਵੇਜ਼ ਦੀ ਬੱਸ &lsquoਚ ਚੜ੍ਹੀਆਂ। ਥੋੜ੍ਹੀ ਥੋੜ੍ਹੀ ਬਾਰਸ਼ ਹੋ ਰਹੀ ਸੀ। ਬੱਸ ਪਹਿਲਾਂ ਹੀ ਮੁਰੱਬੇ ਵਾਲੇ ਮਰਤਬਾਨ ਵਾਂਗ ਠੂਸੀ ਪਈ ਸੀ। ਖ਼ੈਰ, ਸਭ ਨੂੰ ਖੜ੍ਹੇ ਹੋਣ ਲਈ ਜਗ੍ਹਾ ਮਿਲ ਗਈ। ਇਕ ਮਾਈ ਵਿਚਾਰੀ ਜਿੱਥੇ ਖੜ੍ਹੀ ਸੀ, ਛੱਤ &lsquoਚੋਂ ਪਾਣੀ ਚੋ ਕੇ ਸਿੱਧਾ ਉਸ ਦੇ ਸਿਰ &lsquoਚ ਪੈ ਰਿਹਾ ਸੀ। ਮਾਈ ਨੇ ਸ਼ਿਕਾਇਤ ਕੀਤੀ ਤਾਂ ਕੰਡਕਟਰ ਗਰਜਿਆ, &ldquo ਮਾਈ ਤੈਨੂੰ ਹੁਣ ਮੈਂ ਬਾਲਕੋਨੀ &lsquoਚ ਬਿਠਾ ਦਿਆਂ, ਖੜ੍ਹੀ ਰਹਿ ਰਮਾਨ ਨਾਲ, ਬਾਹਰੋਂ ਕਿਹੜਾ ਸੁੱਕੀ ਆਈ ਐਂ ਤੂੰ। ਨਾਲੇ ਇਨ੍ਹਾਂ ਨੂੰ ਬੱਸੇ ਚੜ੍ਹਾਉ ਤੇ ਨਾਲੇ ਨਖ਼ਰੇ ਸੁਣੋ,&rdquo ਮਾਈ ਵਿਚਾਰੀ &lsquoਰੱਬ ਦਾ ਭਾਣਾ&rsquo ਮੰਨ ਕੇ ਚੁੱਪ ਕਰ ਕੇ ਖੜ੍ਹੀ ਰਹੀ।

ਪੰਜਾਬ ਰੋਡਵੇਜ਼ ਦੀਆਂ ਲਾਰੀਆਂ ਨੂੰ ਕੁਝ ਸਾਲ ਚੱਲ ਕੇ ਪਤਾ ਨਹੀਂ ਕੀ ਹੋ ਜਾਂਦਾ ਸੀ ਕਿ ਉਸ ਦਾ ਅਗਲਾ ਪਾਸਾ ਕਿਸੇ ਹੋਰ ਪਾਸੇ ਨੂੰ ਹੁੰਦਾ ਸੀ ਤੇ ਪਿਛਲੀ ਬਾਡੀ ਕਿਸੇ ਹੋਰ ਪਾਸੇ ਨੂੰ। ਕਦੀ ਕਿਸੇ ਪ੍ਰਾਈਵੇਟ ਕੰਪਨੀ ਦੀ ਬੱਸ ਅਜਿਹੀ ਹਾਲਤ ਵਿਚ ਨਹੀਂ ਸੀ ਦੇਖੀ। ਅੱਜ ਤੱਕ ਇਸ ਦੀ ਸਮਝ ਨਹੀਂ ਆਈ।

ਮੇਰੇ ਇਕ ਹੋਰ ਮਿੱਤਰ ਪਿਆਰੇ, ਜਿਸ ਨੂੰ ਇੰਗਲੈਂਡ &lsquoਚ ਰਹਿੰਦਿਆ ਪੰਜਾਹ ਸਾਲ ਹੋ ਗਏ ਹਨ, ਨੂੰ ਵੀ ਪੰਜਾਬ ਜਾ ਕੇ ਬੱਸਾਂ &lsquoਚ ਸਫ਼ਰ ਕਰਨ ਦਾ ਖ਼ਬਤ ਹੈ। ਉਸ ਨੇ ਉੱਥੇ ਦਾ ਇਕ ਤਜਰਬਾ ਮੇਰੇ ਨਾਲ ਸਾਂਝਾ ਕੀਤਾਹੋਇਆ ਇੰਜ ਕਿ ਉਸ ਨੇ ਇਕ ਵਾਰੀ ਬੱਸ ਡਾਰਾਈਵਰ ਨੂੰ ਬੱਸ ਚਲਾਉਂਦਿਆਂ ਮੋਬਾਈਲ ਫ਼ੂਨ ਵਰਤਣ ਤੋਂ ਰੋਕਿਆ ਤਾਂ ਡਰਾਈਵਰ ਨੇ ਅਣਸੁਣਿਆ ਕਰ ਦਿਤਾ। ਡਰਾਈਵਰ ਨੇ ਫ਼ੂਨ ਆਪਣੇ ਮੋਢੇ ਅਤੇ ਧੌਣ ਵਿਚਕਾਰ ਫ਼ਸਾਇਆ ਹੋਇਆ ਸੀ। ਸਟੇਅਰਿੰਗ ਛੱਡ ਕੇ ਉਹ ਤਾੜੀ ਮਾਰਦਾ ਤੇ ਉੱਚੀ ਉੱਚੀ ਹੱਸਦਾ। ਇਕ ਵਾਰੀ ਫੇਰ ਜਦੋਂ ਉਸ ਨੂੰ ਫ਼ੂਨ ਨਾ ਵਰਤਣ ਲਈ ਕਿਹਾ ਗਿਆ ਤਾਂ ਡਰਾਈਵਰ ਆਪੇ ਤੋਂ ਬਾਹਰ ਹੋ ਗਿਆ ਤੇ ਬੁੜ ਬੁੜ ਲੱਗ ਪਿਆ ਕਰਨ ਤੇ ਹੁਣ ਸਗੋਂ ਕੰਡਕਟਰ ਵੀ ਡਰਾਈਵਰ ਦੀ ਮਦਦ &lsquoਤੇ ਆ ਗਿਆ। ਫ਼ੂਨ ਬੰਦ ਨਾ ਕੀਤਾ ਉਸ ਨੇ।

ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਮੇਰੇ ਮਿੱਤਰ ਨੇ ਆਪਣੇ ਫ਼ੂਨ ਤੋਂ ਇਕ ਨੰਬਰ ਮਿਲਾਇਆ ਤੇ ਦੋ ਕੁ ਮਿੰਟ ਗੱਲ ਕਰਨ ਤੋਂ ਬਾਅਦ ਫ਼ੂਨ ਡਰਾਈਵਰ ਦੇ ਕੰਨ ਨੂੰ ਲਗਾ ਦਿਤਾ। ਡਰਾਈਵਰ ਦੀ ਸਾਰੀ ਬੋਲਤੀ ਬੰਦ ਹੋ ਗਈ ਤੇ ਉਸ ਨੇ ਬੱਸ ਕੱਚੇ ਉਤਾਰ ਕੇ ਖੜ੍ਹੀ ਕਰ ਦਿਤੀ ਤੇ ਮੇਰੇ ਮਿੱਤਰ ਦੇ ਗੋਡੇ ਫੜ ਲਏ ਤੇ ਗਿੜਗੜਾਉਣ ਲੱਗਾ ਕਿ ਉਸ ਨੂੰ ਬਚਾ ਲਵੇ, ਉਹਦੀ ਨੌਕਰੀ ਦਾ ਸਵਾਲ ਸੀ।

ਮੇਰੇ ਮਿੱਤਰ ਦਾ ਨਜ਼ਦੀਕੀ ਰਿਸ਼ਤੇਦਾਰ ਉਸੇ ਬੱਸ ਡੀਪੂ ਦਾ ਜਨਰਲ ਮੈਨੇਜਰ ਸੀ।

ਜਿਵੇਂ ਕਹਿੰਦੇ ਆ ਕਿ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਇਵੇਂ ਹੀ ਚੰਗੇ ਵਤੀਰੇ ਵਾਲੇ ਕੰਡਕਟਰ ਵੀ ਹੈਗੇ ਨੇ ਪਰ ਵਿਰਲੇ ਵਿਰਲੇ ਜਿਸ ਕੰਡਕਟਰ ਦੀ ਮੈਂ ਗੱਲ ਕਰਨ ਲੱਗਾ ਹਾਂ, ਇਹ ਅੰਮ੍ਰਿਤਧਾਰੀ ਨੌਜਵਾਨ ਸੀ। ਬੜੇ ਸਲੀਕੇ ਨਾਲ ਬੋਲਣ ਵਾਲਾ। ਇਕ ਸ਼ਹਿਰੀ ਲਾਲਾ ਜਿਹਾ ਲਗਦਾ ਨੌਜਵਾਨ ਸੀਟ &lsquoਤੇ ਬੜਾ ਚੌੜਾ ਹੋ ਕੇ ਬੈਠਾ ਸੀ ਤੇ ਨੇੜੇ ਹੀ ਇਕ ਬਜ਼ੁਰਗ਼ ਮਾਈ ਖੜ੍ਹੀ ਸੀ। ਕੰਡਕਟਰ ਬੋਲਿਆ, &ldquo ਲਾਲਾ ਜੀ, ਜ਼ਰਾ ਪਰ੍ਹਾਂ ਨੂੰ ਸਰਕੋ, ਮਾਤਾ ਜੀ ਨੂੰ ਵੀ ਬੈਠਣ ਦਿਉ&rdquo

ਉਹ ਨੌਜਵਾਨ ਥੋੜ੍ਹਾ ਔਖਾ ਹੋ ਕੇ ਬੋਲਿਆ, &ldquo ਮੈਂ ਲਾਲਾ ਨਹੀਂ, ਢਿੱਲੋਂ ਸਰਦਾਰ ਹੁੰਨੇ ਆਂ ਅਸੀਂ।&rdquo

&ldquo ਵੀਰ ਜੀ ਗੁੱਸਾ ਨਾ ਕਰਿਉ, ਢਿੱਲੋਂ ਸਰਦਾਰ ਏਸ ਤਰ੍ਹਾਂ ਦੇ ਨਹੀਂ ਹੁੰਦੇ, ਘਰੇ ਜਾ ਕੇ ਸ਼ੀਸ਼ਾ ਦੇਖਿਉ,&rdquo ਕੰਡਕਟਰ ਨੇ ਬੜੀ ਰੋਹਬਦਾਰ ਆਵਾਜ਼ &lsquoਚ ਨਸੀਹਤ ਦਿਤੀ।

ਨੌਜਵਾਨ ਨੂੰ ਕੰਡਕਟਰ ਦਾ ਮਿਹਣਾ ਮਾਰ ਗਇਆ, ਦੂਸਰੇ ਦਿਨ &lsquoਢਿੱਲੋਂ ਸਰਦਾਰ&rsquo ਨੇ ਸਿਰ &lsquoਤੇ ਦਸਤਾਰ ਸਜਾਈ ਹੋਈ ਸੀ ਤੇ ਸ਼ੇਵ ਵੀ ਨਹੀਂ ਸੀ ਕੀਤੀ ਹੋਈ

ਨਿਰਮਲ ਸਿੰਘ ਕੰਧਾਲਵੀ