image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ (ਕਵੈਂਟਰੀ) ਅਤੇ ਗਿ: ਗੁਰਬਚਨ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਜਥੇਦਾਰ ਅਕਾਲ ਤੱਖਤ ਸਾਹਿਬ ਦੇ ਬਦਲਦੇ ਬਿਆਨ

   ਸਿੱਖ ਪੰਥ ਦੀ ਸਰਬਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਵਲੋਂ ਨਿਯੁਕਤ ਕੀਤੇ ਗਏ ਅਕਾਲ ਤੱਖਤ ਦੇ ਜਥੇਦਾਰ ਗਿ। ਗੁਰਬਚਨ ਸਿੰਘ ਦੇ ਬਦਲਦੇ ਬਿਆਨਾਂ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤੱਖਤ ਦੀਆਂ ਸੰਸਥਾਵਾਂ ਮੂਲ ਪ੍ਰੰਪਰਾਵਾਂ ਅਤੇ ਮਰਯਾਦਾ ਦਾ ਘਾਣ ਕੀਤਾ ਹੈ। ਇਨ੍ਹਾਂ ਦੀਆਂ ਬਿਆਨ ਬਦਲੂ ਕਾਰਵਾਈਆਂ ਕਰਕੇ ਦੇਸਾਂ ਬਿਦੇਸਾਂ ਵਿੱਚ ਫੈਲੇ ਹੋਏ ਸਿੱਖ ਪੰਥ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਹੀ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਤੇ ਪੰਛੀ ਝਾਤ ਮਾਰੀਏ ਤਾਂ ਇਨ੍ਹਾਂ ਦੀਆਂ ਬਿਆਨ ਬਦਲੂ ਕਾਰਵਾਈਆਂ ਦਾ ਕੱਚਾ ਚਿੱਠਾ ਖੁਲ੍ਹ ਕੇ ਸਾਹਮਣੇ ਆ ਜਾਂਦਾ ਹੈ, ਉਦਾਹਰਣ ਵਜੋਂ ਨਾਨਕ ਸ਼ਾਹ ਫਕੀਰ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲ ਤੱਖਤ ਦੇ ਜਥੇਦਾਰ ਵਲੋਂ ਪਹਿਲਾਂ ਹਰੀ ਝੰਡੀ ਦੇ ਦੇਣੀ ਤੇ ਫਿਰ ਸਿੱਖ ਪੰਥ ਦੇ ਰੌਹ ਨੂੰ ਦੇਖਦਿਆਂ ਹੋਇਆਂ ਇਸ ਫਿਲਮ ਤੇ ਪਾਬੰਦੀ ਲਾਉਣ ਦੀ ਮੰਗ ਕਰਨੀ ਅਤੇ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ ਵਿੱਚੋਂ ਛੇਕਣ ਦਾ ਬਿਆਨ ਜਾਰੀ ਕਰ ਦੇਣਾ ਅਤੇ ਹਰਿੰਦਰ ਸਿੰਘ ਸਿੱਕਾ ਨੇ ਇਸ ਦੇ ਜਵਾਬ ਵਿੱਚ 'ਟਾਈਮਜ਼ ਆਫ ਇੰਡੀਆ' 'ਚ ਬਿਆਨ ਦੇਣਾ ਕਿ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਕਿਸੇ ਧਰਮ ਦੀ ਸਥਾਪਨਾ ਨਹੀਂ ਸੀ ਕੀਤੀ! ਉਨ੍ਹਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ ਕਿ ਜਦ ਤੱਕ ਉਹ ਇਸ ਸੰਸਾਰ ਵਿੱਚ ਵਿਚਰੇ ਉਨ੍ਹਾਂ ਨੇ ਮਾਨਵਤਾ ਦੇ ਅਸੂਲਾਂ ਦਾ ਹੀ ਪ੍ਰਚਾਰ ਕੀਤਾ। ਹਰਿੰਦਰ ਸਿੰਘ ਦੇ ਇਸ ਸਿਧਾਂਤਕਹੀਣ ਤੇ ਸਿੱਖ ਧਰਮ ਦੇ ਨਿਆਰੇਪਨ ਤੇ ਕੀਤੇ ਏਡੇ ਵੱਡੇ ਬੋਧਿਕ ਹਮਲੇ ਬਾਰੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤੱਖਤ ਦੇ ਜਥੇਦਾਰ ਨੇ ਉਸ ਨੂੰ ਅਕਾਲ ਤੱਖਤ ਤੇ ਸੱਦਕੇ ਕੋਈ ਜਵਾਬ ਤੱਲਬੀ ਨਹੀਂ ਕੀਤੀ ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਫਿਲਮ ਨਿਰਮਾਤਾ ਨੂੰ ਪੰਥ ਵਿੱਚੋਂ ਛੇਕਣ ਦਾ ਕੇਵਲ ਡਰਾਮਾਂ ਹੀ ਕੀਤਾ ਗਿਆ।
      ਹੱਥਲੇ ਲੇਖ ਵਿੱਚ 'ਪੰਜਾਬ ਟਾਈਮਜ਼ 24/5/2018' ਵਿੱਚ ਛੱਪੀ ਖਬਰ 'ਕਿ ਅਕਾਲ ਤੱਖਤ ਦੇ ਜਥੇਦਾਰ ਗਿ: ਗੁਰਬਚਨ ਸਿੰਘ ਦਾ 'ਪ੍ਰਚਾਰਕ ਸੰਗਤ ਨੂੰ ਦੁਬਿਧਾ ਵਿੱਚ ਨਾ ਪਾਉਣ' ਇਸ ਖਬਰ ਦਾ ਸਾਰ ਅੰਸ਼ ਹੈ ਕਿ ਜਥੇਦਾਰ ਗਿ। ਗੁਰਬਚਨ ਸਿੰਘ ਨੇ ਸਮੂਹ ਪ੍ਰਚਾਰਕਾਂ ਨੂੰ ਸੱਖਤ ਹਦਾਇਤ ਕੀਤੀ ਹੈ ਕਿ ਉਹ ਸਟੇਜਾਂ ਤੇ ਕੋਈ ਅਜਿਹਾ ਵਿਸ਼ਾ ਨਾ ਪ੍ਰਚਾਰਨ ਜਿਸ ਨਾਲ ਸੰਗਤ ਵਿੱਚ ਦੁਬਿਧਾ ਪੈਦਾ ਹੋਵੇ, ਤੇ ਜੇਕਰ ਇਸ ਦੇ ਬਾਵਜੂਦ ਕੋਈ ਵਿਅੱਕਤੀ ਜਾਣਬੁਝ ਕੇ ਸੰਗਤ ਵਿੱਚ ਭੁਲੇਖਾ ਪੈਦਾ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਸੰਗਤ ਦਾ ਵਿਰੋਧ ਝੱਲਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ, ਉਨ੍ਹਾਂ ਨੇ ਦੇਸ ਬਿਦੇਸ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਸਮਾਂ ਨਾ ਦਿੱਤਾ ਜਾਵੇ। ਜਥੇਦਾਰ ਦੇ ਇਸ ਬਿਆਨ ਦਾ ਪੰਜਾਬ ਟਾਈਮਜ਼ ਦੇ ਇਸੇ ਹੀ ਅੰਕ ਦੇ ਪੰਨਾ 54 ਤੇ ਪੰਥਕ ਵਿਦਵਾਨ ਤਰਲੋਚਨ ਸਿੰਘ ਦਿਪਾਲਪੁਰ ਸਾਬਕਾ ਮੈਂਬਰ ਐਸ. ਜੀ. ਪੀ. ਸੀ. ਨੇ ਅਕਾਲ ਤੱਖਤ ਦੇ ਬਿਆਨ ਬਾਰੇ ਆਪਣਾ ਪ੍ਰਤਿਕਰਮ ਇਸ ਪ੍ਰਕਾਰ ਦਿੱਤਾ ਹੈ ਕਿ ਜਥੇਦਾਰ ਅਕਾਲ ਤੱਖਤ ਨੇ ਜੋ ਸ਼ਬਦਾਵਲੀ ਵਰਤੀ ਹੈ ਉਹ ਉਨ੍ਹਾਂ ਦੀ ਪਦ ਪਦਵੀ ਦੇ ਮੁਤਾਬਿਕ ਇਨਸਾਫ ਕਰਨ ਵਾਲੀ ਨਹੀਂ ਹੈ ਸਗੋਂ ਇੱਕ ਪਾਸੜ ਤੇ ਬੁਰਸ਼ਾਗਰਦੀ ਨੂੰ ਹੋਰ ਹੱਲਾਸ਼ੇਰੀ ਦੇਣ ਵਾਲੀ ਹੈ, ਅਕਾਲ ਤੱਖਤ ਦੇ ਜਥੇਦਾਰ ਨੇ ਹੁਲੜਬਾਜਾਂ ਦੀ ਸੁਰ 'ਚ ਸੁਰ ਮਿਲਾਉਂਦਿਆ ਪ੍ਰਚਾਰਕਾਂ ਨੂੰ ਸੰਗਤਾਂ ਦਾ ਵਿਰੋਧ ਝੱਲਣ ਦੀ ਧਮਕੀ ਵੀ ਦੇ ਦਿੱਤੀ, ਸਦਕੇ ਜਾਈਏ ਸਰਬਉਚ ਜਥੇਦਾਰ ਦੇ, ਵਿੰਗੇ ਟੇਢੇ ਢੰਗ ਨਾਲ ਉਨ੍ਹਾਂ ਇਹ ਕਹਿਣ ਦੀ ਹਮਾਕਤ ਵੀ ਕੀਤੀ ਹੈ ਕਿ ਖੋਜੀ ਪ੍ਰਚਾਰਕੋ ਆਪਣੀਆਂ ਪੱਗਾਂ ਲੁਹਾਉਣ ਲਈ ਤਿਆਰ ਰਹੋ!  
     ਪੰਜਾਬ ਟਾਈਮਜ਼ 31/5/2018 ਦੇ ਸਫਾ 5 ਉਤੇ ਬੀਬੀ ਕਿਰਨਜੋਤ ਕੌਰ ਵਲੋਂ ਪ੍ਰਚਾਰਕਾਂ ਦੀ ਹਮਾਇਤ ਦੇ ਸਿਰਲੇਖ ਹੇਠ ਖਬਰ ਛਪੀ ਹੈ। 'ਸ਼੍ਰੋਮਣੀ ਕਮੇਟੀ ਦੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਵਲੋਂ ਸਿੱਖ ਪ੍ਰਚਾਰਕ ਅਮਰੀਕ ਸਿੱਘ ਚੰਡੀਗੜ੍ਹ ਵਾਲਿਆਂ ਦੇ ਖਿਲਾਫ ਦਮਦਮੀ ਦਕਸਾਲ ਵਲੋਂ ਕੀਤੀ ਸਿਕਾਇਤ ਬਾਰੇ ਸ਼ੋਸ਼ਲ ਮੀਡੀਆ ਤੇ ਪੋਸਟ ਕੀਤੀ ਤੇ ਭਾਈ ਅਮਰੀਕ ਸਿੰਘ ਦੀ ਦਸਤਾਰ ਲੱਥਣ ਤੇ ਦਮਦਮੀ ਦਕਸਾਲ ਦੀ ਸਖਤ ਨਿੰਦਾ ਕੀਤੀ। ਦਮਦਮੀ ਦਕਸਾਲ ਦੇ ਜਥੇਦਾਰ ਵਲੋਂ ਅਕਾਲ ਤੱਖਤ ਕੋਲ ਗਿ: ਅਮਰੀਕ ਸਿੰਘ ਵਿਰੁੱਧ ਸ਼ਿਕਾਇਤ ਕਰਨਾ ਸਪੱਸ਼ਟ ਕਰਦਾ ਹੈ ਕਿ ਸਿੱਖੀ ਦੇ ਨਾਂਅ ਤੇ ਗੁੰਡਾਗਰਦੀ ਦੇ ਹਾਮੀ ਹਨ, ਇਹ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੇ ਪ੍ਰਚਾਰਕਾਂ ਨੂੰ ਹੀ ਕਿਉਂ ਨਿਸ਼ਾਨਾਂ ਬਣਾਉਂਦੇ ਹਨ! ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਟਕਸਾਲ ਦੀ ਮਰਯਾਦਾ ਪੰਥ ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਸੀ । ਤੁਸੀਂ ਜਬਰਦਸਤੀ ਆਪਣੀ ਮਰਯਾਦਾ ਸਾਡੇ ਤੇ ਥੋਪ ਨਹੀਂ ਸਕਦੇ, ਜੇਕਰ ਕੋਈ ਵਿਵਾਦ ਹੈ ਤਾਂ ਮਿਲ ਬੈਠ ਕੇ ਸੁਝਾਇਆ ਜਾਵੇ। ਸਿੱਖ ਪ੍ਰਚਾਰਕ ਦੀ ਦਸਤਾਰ ਲਾਹੁਣੀ ਸਿੱਖ ਪੰਥ ਦਾ ਇੱਕ ਅਪਮਾਣ ਹੈ, ਬੀਬੀ ਕਿਰਨਜੋਤ ਕੌਰ ਵਲੋਂ ਆਪਣੇ ਫੇਸਬੁੱਕ ਖਾਤੇ ਰਾਹੀਂ ਜੋ ਪੋਸਟ ਪਾਈ ਗਈ ਹੈ, ਉਸ ਵਿੱਚ ਉਨ੍ਹਾਂ ਦਮਦਮੀ ਟਕਸਾਲ ਵਲੋਂ ਸਿੱਖ ਪ੍ਰਚਾਰਕ ਖਿਲਾਫ ਅਕਾਲ ਤੱਖਤ ਤੇ ਕੀਤੀ ਸ਼ਿਕਾਇਤ ਦਾ ਵਿਰੋਧ ਕੀਤਾ ਹੈ। ਟਕਸਾਲ ਦੇ ਆਗੂ ਸਰਚਾਂਦ ਸਿੰਘ ਵਲੋਂ ਬੀਬੀ ਕਿਰਨਜੋਤ ਦੇ ਇਨ੍ਹਾਂ ਵਿਚਾਰਾਂ ਦਾ ਵਿਰੋਧ ਕੀਤਾ ਗਿਆ ਹੈ।   
   ਹੁਣ ਅਸੀਂ ਬੀਬੀ ਕਿਰਨਜੋਤ ਕੌਰ ਦੇ ਇਸ ਬਿਆਨ ਉਤੇ ਕਿ ਇਹ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੇ ਪ੍ਰਚਾਰਕਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹਨ ਬਾਰੇ ਵਿਚਾਰ ਚਰਚਾ ਕਰਾਂਗੇ:-
    ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਜੀ ਨੇ ਸਕੱਤਰੇਤ ਸ੍ਰੀ ਅਕਾਲ ਤੱਖਤ ਸਾਹਿਬ ਦੇ ਪੈਡ ਤੇ ਮਿਤੀ 16/6/2016 ਨੂੰ ਇੱਕ ਪ੍ਰੈਸ ਨੋਟ ਹੇਠ ਲਿਖੇ ਅਨੁਸਾਰ ਜਾਰੀ ਕੀਤਾ:-      
       'ਅੱਜ ਮਿਤੀ 16/6/2016 ਨੂੰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਗੁਰੂ ਪੰਥ ਵਲੋਂ ਪ੍ਰਵਾਣਿਤ ਸਿੱਖ ਵਿਧਾਨ ਹੈ। ਪੰਥਕ ਟਕਸਾਲਾਂ, ਡੇਰੇ, ਸੰਪ੍ਰਦਾਵਾਂ ਗੁਰੂ ਪੰਥ ਦੇ ਸਤਿਕਾਰਤ ਹਿੱਸੇ ਹਨ, ਪਰ ਖੁੱਦ ਗੁਰੂ ਪੰਥ ਨਹੀਂ। ਸਿੱਖ ਰਹਿਤ ਮਰਯਾਦਾ ਗੁਰੂ ਪੰਥ ਵਲੋਂ 14 ਸਾਲਾਂ ਦੀ ਅਣਥੱਕ ਘਾਲਣਾ ਪਿੱਛੋਂ ਪ੍ਰਵਾਣਿਤ ਕਰਕੇ ਪ੍ਰਕਾਸ਼ਿਤ ਕੀਤੀ ਗਈ ਜਿਸ ਨੂੰ ਲਾਗੂ ਕਰਵਾਉਣਾ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਲ ਰੂਪ ਵਿੱਚ ਜਿਮੇਂਵਾਰੀ ਹੈ। ਸਿੱਖ ਰਹਿਤ ਮਰਯਾਦਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਲੋਂ ਪ੍ਰਵਾਣਿਤ ਕਰਨ ਉਪਰੰਤ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਦ ਕਿਸੇ ਲਿਖਤੀ ਖਰੜੇ ਨੂੰ ਪ੍ਰਕਾਸ਼ਿਤ ਕੀਤਾ/ ਕਰਵਾਇਆ ਜਾਂਦਾ ਹੈ ਤਾਂ ਉਹ ਖਰੜਾ ਨਹੀਂ ਰਹਿੰਦਾ, ਤਾਂ ਉਹ ਕਿਤਾਬਚਾ ਜਾਂ ਪੁਸਤਕ ਬਣ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਸਮੇਂ ਤੱਖਤਾਂ ਦੇ ਮੁੱਖ ਸੇਵਾਦਾਰ, ਜਥੇਦਾਰ ਅਤੇ ਮੁੱਖ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਂਬਰ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਾਮੂਲੀਅਤ ਜਨਰਲ ਹਾਊਸ ਦੇ ਮਤਿਆਂ ਨਾਲ ਸਹਿਮਤੀ ਪ੍ਰਗਟ ਕਰਦੀ ਹੈ, ਸ ਸਮੇਂ ਦੇ ਜਥੇਦਾਰ ਸਾਹਿਬਾਨ ਵਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਯਾਦਾ ਨੂੰ ਇਹ ਕਹਿਣਾ ਕਿ ਇਹ ਮਰਯਾਦਾ ਪਰਵਾਣਿਤ ਨਹੀਂ, ਉਹ ਕੌਮੀ ਪੱਧਰ ਤੇ ਪੰਥਕ ਦੁਫੇੜ ਪਾਣ ਦਾ ਕਾਰਨ ਬਣਦੀ ਹੈ। ਆਪ ਹੁਦਰੇਪਣ ਨਾਲ ਜਿਥੇ ਪੰਥਕ ਸੋਚ ਤੇ ਮਰਯਾਦਾ ਦੇ ਟੁੱਟਣ ਕਾਰਨ ਸਿੱਖ ਸੰਸਥਾਵਾਂ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ, ਡੇਰੇ, ਟਕਸਾਲਾਂ, ਸੰਪਰਦਾਵਾਂ ਦੀ ਆਪਣੀ ਮਰਯਾਦਾ ਤਾਂ ਹੋ ਸਕਦੀ ਹੈ ਪਰ ਉਸ ਨੂੰ ਪੰਥਕ ਮਰਯਾਦਾ ਹੋਣ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਸਕਦਾ। ਮਨਮਰਜੀ ਤੇ ਪੰਥਕ ਮਰਯਾਦਾ ਇਕੱਠੀਆਂ ਨਹੀਂ ਚਲ ਸਕਦੀਆਂ। ਸਤਿਗੁਰ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਖਸ਼ੀ ਪੂਜਾ ਤੋ ਬਚਾਉਣ ਲਈ ਇਸ ਪੰਥਕ ਮਰਯਾਦਾ ਨਾਲ ਜੋੜਨ ਦੀ ਜੁਗਤਿ ਦੱਸੀ ਹੈ, ਪੰਥਕ ਜੁਗਤਿ ਵਿੱਚ ਹੀ ਸਿੱਖ ਰਹਿਤ ਮਰਯਾਦਾ ਨਿਰਧਾਰਿਤ ਕੀਤੀ ਗਈ ਹੈ। 
     ਸਿੱਖ ਰਹਿਤ ਮਰਯਾਦਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਕਰਕੇ ਲੋਕ ਸੇਵਾ ਹਿੱਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਿਸ਼ਨਰੀ ਕਾਲਜਾਂ ਤੇ ਪੰਥਕ ਸੰਸਥਾਵਾਂ ਵਲੋਂ ਮੋਖ ਰਹਿਤ ਵੰਡਿਆ ਜਾ ਸਕਦਾ ਹੈ। ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਯਾਦਾ ਨਹੀਂ ਬਲਕਿ ਇਹ ਪੰਥ ਦੀ ਮਰਯਾਦਾ ਹੈ। ਸਿੱਖ ਰਹਿਤ ਮਰਯਾਦਾ ਪੰਥਕ ਏਕਤਾ ਦਾ ਪ੍ਰਤੀਕ ਹੈ। ਜਿਸ ਨੂੰ ਖੰਡਿਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਅਤੇ ਨਾ ਹੀ ਕਿਸੇ ਇੱਕ ਸੰਸਥਾ ਨੂੰ  ਇਸ ਵਿੱਚ ਕਿਸੇ ਕਿਸਮ ਦਾ ਇੱਕ ਵੀ ਅੱਖਰ/ ਸ਼ਬਦ ਬਦਲਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਜੇਕਰ ਕਿਸੇ ਕਿਸਮ ਦੇ ਬਦਲਾ ਦੀ ਲੋੜ ਮਹਿਸੂਸ ਹੋਵੇ ਤਾਂ ਜਿਸ ਪਰਕ੍ਰਿਆ ਰਾਹੀਂ ਇਸ ਨੂੰ ਤਿਆਰ ਕੀਤਾ ਗਿਆ ਸੀ ਉਸੇ ਹੀ ਪਰਕ੍ਰਿਆ ਦੁਆਰਾ ਮੁੜ ਇਸ ਵਿੱਚ ਵਾਧ ਘਾਟ ਕਰਨ ਸਬੰਧੀ ਵਿਚਾਰ ਕੀਤੀ ਜਾ ਸਕਦੀ ਹੈ। 'ਮੇਰੀ (ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ) ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਪੰਥਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਸਹਿਯੋਗੀ ਬਣਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਉਪਰ ਪਹਿਰਾ ਦੇਣ'।
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਂਗੋਵਾਲ ਅਤੇ ਗਿ: ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਲਈ ਹੁਣ ਸ੍ਰੀ ਅਕਾਲ ਤੱਖਤ ਸਾਹਿਬ ਦੀ ਸਰਬਉਚਤਾ ਨੂੰ ਬਰਕਰਾਰ ਰੱਖਣ ਲਈ, ਇਹ ਪਰਖ ਦੀ ਘੜੀ ਹੈ। ਇਨ੍ਹਾਂ ਨੂੰ ਚਾਹੀਦਾ ਹੈ ਕਿ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਨੂੰ ਖਰੜਾ ਦ ਸਕੇ ਪੰਥ ਵਿੱਚ ਦੁਫੇੜ ਪਾਉਣ ਵਾਲੀ ਜਥੇਬੰਦੀ ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਜੇ ਐਸਾ ਨਾ ਕੀਤਾ ਗਿਆ ਤਾਂ ਸ੍ਰੀ ਅਕਾਲ ਤੱਖਤ ਸਾਹਿਬ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਚਿਨ੍ਹ ਹੋਣ ਦੀ ਥਾਂ ਸਿੱਖਾਂ ਦੀ ਗੁਲਾਮੀ ਦਾ ਚਿਨ੍ਹ ਬਣ ਕੇ ਰਹਿ ਜਾਵੇਗਾ। ਦੂਸਰਾ ਮਾਮਲਾ ਗੁਰੂ ਨਿੰਦਕ ਨਰੈਣੂ ਸਾਧ ਦੇ ਮਾਫੀ ਮੰਗਣ ਦਾ ਹੈ, ਪੰਜਾਬ ਟਾਈਮਜ਼ 31/5/2018 ਦੇ ਸਫਾ 5 ਤੇ ਪੰਜ ਪਿਆਰਿਆਂ ਵਲੋਂ ਕਾਨੂੰਨੀ ਕਾਰਵਾਈ ਦੇ ਸਿਰਲੇਖ ਹੇਠ ਖਬਰ ਛੱਪੀ ਹੈ ਕਿ ਗੁਰੂ ਅਰਜਨ ਦੇਵ ਜੀ ਖਿਲਾਫ ਇਤਰਾਜਯੋਗ ਟਿੱਪਣੀਆਂ ਕਰਨ ਵਾਲੇ ਨਰੈਣ ਦਾਸ ਖਿਲਾਫ ਏਥੇ ਯੂਨਾਈਟਡ ਸਿੱਖ ਜਥੇਬੰਦੀ ਵਲੋਂ ਪੋਲੀਸ ਕਮਿਸ਼ਨਰ ਨੂੰ ਸ਼ਕਾਇਤ ਪੱਤਰ ਦੇ ਕੇ ਕੇਸ ਦਰਜ਼ ਕਰਨ ਦੀ ਅਪੀਲ ਕੀਤੀ ਗਈ, ਇਹ ਸ਼ਕਾਇਤ ਪੱਤਰ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਮੇਜਰ ਸਿੰਘ ਵਲੋਂ ਵਕੀਲ ਸੰਦੀਪ ਗੋਰਸੀ ਰਾਹੀਂ ਪੁਲੀਸ ਕਮਿਸ਼ਨਰ ਨੂੰ ਸੌਂਪਿਆ ਗਿਆ। ਇਸ ਸ਼ਕਾਇਤ ਪੱਤਰ ਦੀ ਕਾਪੀ ਪ੍ਰਧਾਨ ਮੰਤਰੀ, ਸੂਬੇ ਦੇ ਮੁਖ ਮੰਤਰੀ ਅਤੇ ਕੇਂਦਰੀ ਅਤੇ ਸੂਬਾਈ ਗ੍ਰਹਿ ਮੰਤਰੀਆਂ ਆਦਿ ਨੂੰ ਵੀ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਨਰੈਣੂ ਸਾਧ ਨੂੰ ਮੁਆਫੀ ਦੇਣ ਦੀ ਬਜਾਏ ਉਸ ਉਤੇ ਕੇਸ ਰਜਿਸਟਰਡ ਕਰਾਉਣ ਲਈ ਪੰਜਾਂ ਪਿਆਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਊਥਾਲ ਤੋਂ ਛੱਪਦੇ ਪੰਜਾਬੀ ਪੇਪਰ 25/5/2018 ਦੇ ਸਫਾ 8 ਉਤੇ ਖਬਰ ਛੱਪੀ ਹੈ ਕਿ 'ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਿੱਖ ਪ੍ਰਚਾਰਕ ਦੀ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਦਾ ਪੋਲੀਸ ਕੋਲ ਕੇਸ ਦਰਜ' ਖਬਰ ਹੈ ਕਿ 7 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਬ੍ਰਮਿੰਘਮ ਤੋਂ ਆਏ ਹਮਲਾਵਾਰਾਂ ਹੱਥੋਂ ਸਰੀਰਕ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਦਾ ਸ਼ਿਕਾਰ ਹੋਏ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਿਤ ਹਮਲਾਵਾਰਾਂ ਵਿਰੁੱਧ ਸਲੋਹ ਪੋਲੀਸ ਕੋਲ ਕੇਸ ਰਜਿਸਟਰਡ ਕਰਵਾ ਦਿੱਤਾ ਹੈ'।
     ਸਾਡੀ ਜਾਣਕਾਰੀ ਮੁਤਾਬਿਕ ਜਦੋਂ ਕੋਈ ਕਿਸੇ ਦੇ ਖਿਲਾਫ ਕੇਸ ਰਜਿਸਟਰਡ ਹੋ ਜਾਂਦਾ ਹੈ ਤਾਂ ਉਦੋਂ ਸਬੰਧਤ ਮਸਲਾ ਸ੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਰਹਿੰਦਾ ਸੋ ਇਸ ਕਰਕੇ ਅਕਾਲ ਤੱਖਤ ਦੇ ਜਥੇਦਾਰ ਨੂੰ ਕਿਸੇ ਵੀ ਧਿਰ ਦੇ ਹੱਕ ਜਾਂ ਵਿਰੋਧ ਵਿੱਚ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਅਜਿਹੇ ਸੰਬਦਨਸ਼ੀਲ ਮਸਲਿਆਂ ਦਾ ਸਮੁੱਚਾ ਪੰਥ ਹੀ 'ਗੁਰੂ ਗ੍ਰੰਥ, ਗੁਰੂ ਪੰਥ, ਇਕਾ ਬਾਣੀ ਇਕੁ ਗੁਰੁ  ਇਕੋ ਸਬਦੁ ਵੀਚਾਰਿ' ਦੀ ਵਿਚਾਰਧਾਰਾ ਅਨੁਸਾਰ ਕੋਈ ਸਮਾਧਾਨ ਕਰ ਸਕਦਾ ਹੈ।

 ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ (ਕਵੈਂਟਰੀ)

ਤਾਰੀਖ:- 26/05/2018