image caption:

ਇਤਿਹਾਸ ਦੇ ਪੰਨੇ - ਲੋਕਤੰਤਰੀ ਪੰਥਕ ਸੰਗਠਨ ਸਿੱਖ ਮਿਸਲਾਂ - ਖਾਲਸਾ ਰਾਜ ਦੀ ਉਸਾਰੀ ਲਈ ਅਹਿਮ ਯੋਗਦਾਨ ਨਿਭਾਇਆ ਸਿੱਖ ਸਰਦਾਰਾਂ ਨੇ

ਲੇਖਿਕਾ - ਜਸਪ੍ਰੀਤ ਕੌਰ

 

       ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿਖ ਲਹਿਰ ਸਿੱਧੇ ਰੂਪ ਵਿਚ ਰਾਜਨੀਤਕ ਤੇ ਸਾਮਾਜਿਕ ਸੰਗਠਨ ਦੇ ਤੌਰ 'ਤੇ ਵਿਚਰਨ ਲੱਗੀ ਸੀ। ਸਿੱਖਾਂ ਦੇ ਕਈ ਛੋਟੇ-ਛੋਟੇ ਸੰਗਠਿਤ ਬਣ ਗਏ ਸਨ, ਜਿਨ੍ਹਾਂ ਨੇ ਬਾਅਦ ਵਿਚ ਵਿਸ਼ਾਲ ਸਿਖ ਰਾਜ ਲਈ ਬੀਜ ਰੂਪੀ ਕੰਮ ਕੀਤਾ ਸੀ। 1758 ਈ. ਵਿਚ ਅਦੀਨਾ ਬੇਗ ਦੀ ਮੌਤ ਨਾਲ ਸਿਖ ਸਰਦਾਰਾਂ ਨੇ ਅਜ਼ਾਦੀ ਪ੍ਰਾਪਤ ਕਰਨ ਦਾ ਫ਼ੈਸਲਾ ਕਰ ਲਿਆ। ਭਾਵੇਂ ਇਸ ਗੱਲ ਦਾ ਉਹਨਾਂ ਨੂੰ ਗਿਆਨ ਸੀ ਕਿ ਇਸ ਨੂੰ ਅਹਿਮਦਸ਼ਾਹ ਅਬਦਾਲੀ ਇੱਕ ਚੁਣੌਤੀ ਸਮਝੇਗਾ ਤੇ ਹੋਰ ਜ਼ੋਰਦਾਰ ਹਮਲਾ ਕਰੇਗਾ। ਹੁਣ ਸਿਖ ਪੰਜਾਬ ਵਿਚ ਪ੍ਰਭੂਸੱਤਾ ਪ੍ਰਾਪਤ ਕਰਨ ਦੇ ਅਤਿਅੰਤ ਨੇੜੇ ਸਨ ਤੇ ਉਹਨਾਂ ਨੂੰ ਆਪਣੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਬਹੁਤੀ ਦੇਰ ਨਹੀਂ ਲੱਗੀ। ਬਹੁਤ ਸਾਰੇ ਸਰਦਾਰਾਂ ਨੇ ਨਵੇਂ ਮਿਲੇ ਇਲਾਕਿਆਂ ਵਿਚ ਆਪਣੀਆਂ ਸਰਕਾਰਾਂ ਕਾਇਮ ਕਰ ਲਈਆਂ ਸਨ। ਭਾਵੇਂ ਸਿਖ ਮਿਸਲਾਂ ਦਾ ਰਾਜ ਪ੍ਰਬੰਧ ਅਮਲੀ ਰੂਪ ਵਿਚ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਅਨੁਸਾਰ ਨਹੀਂ ਕੀਤਾ ਗਿਆ ਸੀ ਪਰ ਵੱਖ-ਵੱਖ ਸਰਦਾਰਾਂ ਨੇ ਰਾਜ ਪ੍ਰਬੰਧ ਚਲਾਉਣ ਲਈ ਆਪਣੇ-ਆਪਣੇ ਨਿਯਮ ਬਣਾ ਲਏ ਹੋਏ ਸਨ ਜੋ ਹਾਲਾਤ ਅਨੁਸਾਰ ਉਹਨਾਂ ਨੂੰ ਠੀਕ ਪ੍ਰਤੀਤ ਹੁੰਦੇ ਸਨ।
       ਇਨ੍ਹਾਂ ਸਰਦਾਰਾਂ ਪਾਸੋਂ ਇਕਦਮ ਮਜ਼ਬੂਤ ਸਰਕਾਰ ਦੀ ਕਾਮਨਾ ਬੇਅਰਥ ਸੀ, ਕਿਉਂਕਿ ਇਨ੍ਹਾਂ ਨੇ ਅੱਧੀ ਸਦੀ ਦੇ ਸੰਘਰਸ਼ ਉਪਰੰਤ ਪ੍ਰਬੰਧਕੀ ਸੱਤਾ ਸੰਭਾਲੀ ਸੀ। ਜਿਸ ਤਰ੍ਹਾਂ ਦੀਆਂ ਸਰਕਾਰਾਂ ਇਹਨਾਂ ਨੇ ਕਾਇਮ ਕੀਤੀਆਂ ਸਨ, ਉਹਨਾਂ ਬਾਰੇ ਇਤਿਹਾਸਕਾਰਾਂ ਦੇ ਵਿਚਾਰ ਵੱਖ-ਵੱਖ ਹਨ। ਕਨਿੰਘਮ ਅਨੁਸਾਰ, ''ਮਿਸਲ ਸੰਗਠਨ ਧਰਮਤੰਤਰੀ, ਸੰਘੀ ਤੇ ਜਾਗੀਰਦਾਰੀ ਸੀ'' ਇਹ ਸੰਗਠਨ ਧਰਮਤੰਤਰੀ ਸੀ, ਕਿਉਂਕਿ ਧਰਮਤੰਤਰੀ ਰਾਜ ਦੀ ਪ੍ਰਭੂਸੱਤਾ ਅਕਾਲ ਪੁਰਖ ਅਧੀਨ ਮੰਨੀ ਜਾਂਦੀ ਸੀ ਤੇ ਰਾਜ ਦੇ ਕਾਨੂੰਨ ਨੂੰ ਮਨੁੱਖੀ ਹੁਕਮ ਦੀ ਬਜਾਇ ਦੈਵੀ-ਹੁਕਮ ਮੰਨਿਆ ਜਾਂਦਾ ਸੀ। ਕਨਿੰਘਮ ਦੇ ਸ਼ਬਦਾਂ ਵਿਚ ਮਿਸਲਾਂ ਦਾ ਸੰਗਠਨ ਧਾਰਮਿਕ ਸੀ, ਕਿਉਂਕਿ ਕੇਵਲ ਪਰਮਾਤਮਾ ਉਹਨਾਂ ਦਾ ਮਦਦਗਾਰ ਸੀ ਤੇ ਨਿਆਂ ਕਰਨ ਵਾਲਾ ਸੀ।
     ਇਸ ਸੰਪ੍ਰਦਾਇ ਦਾ ਉਦੇਸ਼ ਯੁੱਧ ਲਈ ਹਰ ਵੇਲੇ ਤਿਆਰ ਰਹਿ ਕੇ ਤਿਆਰ ਬਰ ਤਿਆਰ ਰਹਿਣਾ ਸੀ। ਇਹ ਸੰਘੀ ਇਸ ਲਈ ਸੀ, ਕਿਉਂਕਿ ''ਹਰ ਸਾਲ ਸਰਬੱਤ ਖ਼ਾਲਸਾ ਸਾਲ ਵਿਚ ਘੱਟੋ ਘੱਟ ਇਕ ਵਾਰ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ ਸੀ। ਸ਼ਾਇਦ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਧਾਰਮਿਕ ਪੂਜਾ ਕਰਨ ਲਈ ਅਤੇ ਇਸ ਅਤਿ ਪਵਿੱਤਰ ਸਥਾਨ ਲਈ ਸਤਿਕਾਰ ਪੈਦਾ ਕਰਨ ਲਈ ਸਵਾਰਥੀ ਹਿੱਤਾਂ ਦਾ ਤਿਆਗ ਕਰਕੇ ਸਰਬੱਤ ਦੀ ਭਲਾਈ ਲਈ ਕਾਰਜ ਕਰਨ। ਉਹ ਇਕੱਤਰ ਹੋ ਕੇ ਆਪਣੇ ਗੁਰੂ ਪਾਸੋਂ ਸੂਝ ਪ੍ਰਾਪਤ ਕਰਨ ਲਈ ਅਰਦਾਸ ਕਰਦੇ ਸਨ ਤੇ ਉਸ ਵਾਅਦੇ 'ਤੇ ਕਾਇਮ ਰਹਿੰਦੇ ਸਨ ਜੋ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿਚ ਕਰਦੇ ਸਨ''। ''ਇਹ ਸੰਗਠਨ ਜਾਗੀਰਦਾਰੀ ਜਾਂ ਸਾਮੰਤਵਾਦੀ ਇਸ ਲਈ ਸੀ ਕਿ ਵੱਖ-ਵੱਖ ਮਿਸਲਾਂ ਦੇ ਨੇਤਾ ਜਿੱਤੇ ਹੋਏ ਪ੍ਰਦੇਸ਼ਾਂ ਅਤੇ ਲੁੱਟਮਾਰ ਵਿਚ ਪ੍ਰਾਪਤ ਕੀਤੇ ਸਾਮਾਨ ਨੂੰ ਆਪਸ ਵਿਚ ਬਰਾਬਰ ਵੰਡ ਲੈਂਦੇ ਸਨ। ਇਸ ਪਿੱਛੋਂ ਮਿਸਲ ਦਾ ਨੇਤਾ ਆਪਣੇ ਹਿੱਸੇ ਨੂੰ ਆਪਣੇ ਅਧੀਨ ਸਰਦਾਰਾਂ ਵਿਚ ਵੰਡ ਲੈਂਦਾ ਸੀ ਤੇ ਫਿਰ ਹਰ ਇਕ ਸਰਦਾਰ ਆਪਣੇ ਹਿੱਸੇ ਦਾ ਕੁਝ ਭਾਗ ਆਪਣੇ ਅਧੀਨ ਫ਼ੌਜੀਆਂ ਵਿਚ ਵੰਡ ਦਿੰਦਾ ਸੀ।''
       ਮੈਲਕੋਮ ਦਾ ਵਿਚਾਰ ਹੈ ਕਿ ਸਿੱਖਾਂ ਦੀ ਸਰਕਾਰ ਧਾਰਮਿਕ ਸੀ ਤੇ ''ਮੁਖੀ ਸਰਦਾਰ, ਖਾਲਸਾ ਜਾਂ ਅਕਾਲ ਪੁਰਖ ਜਾਂ ਸੇਵਕ ਮੰਨ ਕੇ ਸੱਤਾ ਗ੍ਰਹਿਣ ਕਰੀ ਰੱਖਦਾ ਸੀ। ਰਾਸ਼ਟਰੀ ਕੌਂਸਲ ਹਮੇਸ਼ਾਂ ਅਕਾਲ ਪੁਰਖ ਦੀ ਨਿਗਰਾਨੀ ਅਧੀਨ ਪ੍ਰੇਰਣਾ ਲੈ ਕੇ ਕਾਰਜ ਕਰਦੀ ਸੀ, ਜਿਸ ਨੂੰ ਉਹ ਹਮੇਸ਼ਾਂ ਉਹਨਾਂ ਦੇ ਹਰ ਕਰਮ ਨੂੰ ਦੇਖਣ ਵਾਲਾ ਮੰਨਦੇ ਸਨ।''
    ਡਾ. ਅਨਿਲ ਚੰਦਰ ਬੈਨਰਜੀ, ਕਨਿੰਘਮ ਦੇ ਮਤ ਦਾ ਖੰਡਨ ਕਰਦਾ ਹੋਇਆ ਲਿਖਦਾ ਹੈ ਕਿ ਮਿਸਲਾਂ ਦਾ ਸੰਗਠਨ ਬਣਾਵਟ ਵਿਚ ਲੋਕਤੰਤਰ ਤੇ ਸਿਧਾਂਤਕ ਪੱਖੋਂ ਧਾਰਮਿਕ ਸਨ। ਇਹ ਬਣਾਵਟ ਵਿਚ ਲੋਕਤੰਤਰ ਸੀ, ਕਿਉਂਕਿ ਸਭ ਮਿਸਲਾਂ ਦੇ ਨੇਤਾ ਬਰਾਬਰ ਸਨ ਤੇ ਕੋਈ ਸਰਦਾਰ ਵੀ ਦੂਜੇ ਸਰਦਾਰ ਦੇ ਅਧੀਨ ਨਹੀਂ ਸੀ। ਗੁਰਮਤਾ ਸਾਰੇ ਹੀ ਸਰਦਾਰਾਂ ਦੀ ਸਭਾ ਸੀ ਅਤੇ ਇਸ ਦੇ ਫ਼ੈਸਲੇ ਸਰਬੱਤ ਖਾਲਸਾ ਦੇ ਫ਼ੈਸਲੇ ਮੰਨੇ ਜਾਂਦੇ ਸਨ। ਮਿਸਲਾਂ ਦੇ ਅੰਦਰ ਵੀ ਮੈਂਬਰਾਂ ਵਿਚ ਸਾਮਾਜਿਕ, ਧਾਰਮਿਕ ਤੇ ਰਾਜਨੀਤਕ ਬਰਾਬਰੀ ਪਾਈ ਜਾਂਦੀ ਸੀ। ਜਦੋਂ ਵੀ ਕੋਈ ਮੈਂਬਰ ਚਾਹੁੰਦਾ ਉਹ ਇੱਕ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿਚ ਜਾ ਸਕਦਾ ਸੀ, ਪਰੰਤੂ ਮਿਸਲਾਂ ਵਿਚ ਏਕਤਾ ਸਥਿਰ ਰੱਖਣ ਵਾਲੇ ਸਿਧਾਂਤ ਧਾਰਮਿਕ ਸਨ। ਸਾਰੀਆਂ ਮਿਸਲਾਂ ਦੇ ਨੇਤਾ ਖਾਲਸਾ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਉੱਤੇ ਉਹਨਾਂ ਨੂੰ ਪੂਰਨ ਤੇ ਅਟੱਲ ਵਿਸ਼ਵਾਸ ਸੀ। ਉਹ ਧਰਮ ਦੇ ਨਾਂ 'ਤੇ ਇਕੱਠੇ ਹੋ ਜਾਂਦੇ ਸਨ ਤੇ ਧਾਰਮਿਕ ਭਾਵਨਾਵਾਂ ਅਧੀਨ ਬੜੇ ਜੋਸ਼ ਤੇ ਉਤਸ਼ਾਹ ਨਾਲ ਵੈਰੀਆਂ ਨਾਲ ਲੜਦੇ ਸਨ। ਵਿਦੇਸ਼ੀ ਯਾਤਰੂਆਂ ਤੇ ਇਤਿਹਾਸਕਾਰਾਂ ਵਿੱਚੋਂ ਬਹੁਤਿਆਂ ਨੇ ਸਿਖ ਮਿਸਲਾਂ ਦੇ ਸਮੇਂ ਸਿਖ ਪ੍ਰਸ਼ਾਸਨ ਪ੍ਰਣਾਲੀ ਵਿਚ ਪਰਜਾਤੰਤਰ ਦੇ ਮੁੱਖ ਤੱਤਾਂ ਬਾਰੇ ਵਿਸ਼ੇਸ਼ ਕਰਕੇ ਲਿਖਿਆ ਹੈ।
     ਪੋਲੀਅਰ ਅਨੁਸਾਰ ਸਿਖ ਮਿਸਲਾਂ ਦੀ ਸ਼ਾਸਨ ਪ੍ਰਣਾਲੀ ਵੱਡੇ-ਵੱਡੇ ਸਰਦਾਰਾਂ ਦਾਂ ਸਰਦਾਰਸ਼ਾਹੀ ਲੋਕਤੰਤਰ ਦੀ ਸੀ। ਉਹ ਅੱਗੇ ਲਿਖਦਾ ਹੈ ਕਿ ''ਉਹਨਾਂ (ਸਿਖਾਂ) ਨੇ ਇਕ ਤਰ੍ਹਾਂ ਦਾ ਗਣਤੰਤਰ ਸਥਾਪਿਤ ਕਰ ਲਿਆ ਸੀ ਤੇ ਕੁਝ ਸਾਲਾਂ ਦੇ ਸਮੇਂ ਵਿਚ ਉਹਨਾਂ ਨੇ ਲਾਹੌਰ ਤੇ ਮੁਲਤਾਨ ਸੂਬੇ ਦੀ ਪੂਰੀ ਸਰਕਾਰ ਬਣਾ ਲਈ ਸੀ।'' ਗੋਰਡਨ ਦੇ ਸ਼ਬਦਾਂ ਵਿਚ ਇਹ ਸਰਦਾਰ, ਮਿਸਲਾਂ ਉੱਪਰ ਪੂਰਨ ਅਧਿਕਾਰਾਂ ਦਾ ਪ੍ਰਯੋਗ ਨਹੀਂ ਸਨ ਕਰਦੇ ਜਿਹਨਾਂ ਦਾ ਵਿਧਾਨ ਲੋਕਤੰਤਰੀ ਸੀ ਤੇ ਮੁਖੀ ਦੇ ਅਧਿਕਾਰ ਸੀਮਾਬੱਧ ਸਨ। ਉਹ ਅੱਗੇ ਜਾ ਕੇ ਲਿਖਦਾ ਹੈ ਕਿ ਸਰਦਾਰ ਤੇ ਉਸ ਦੇ ਬੰਦੇ ਬਰਾਬਰੀ ਦੇ ਭਾਵ ਨਾਲ ਇਕੱਠੇ ਬੈਠ ਕੇ ਖਾਂਦੇ ਪੀਂਦੇ ਸਨ। ਗੋਰਡਨ ਮਿਸਲ ਸੰਗਠਨ ਨੂੰ ਲੋਕਤੰਤਰੀ ਸਿਧਾਂਤਾਂ 'ਤੇ ਆਧਾਰਿਤ ਜਥੇਬੰਦਕ ਰਾਜ ਆਖਦਾ ਹੈ। ਫੋਰਸਟਰ ਜੋ ਸਿੱਖਾਂ ਬਾਰੇ ਅਠਾਰ੍ਹਵੀਂ ਸਦੀ ਦੇ 8ਵੇਂ ਦਹਾਕੇ ਦੇ ਆਰੰਭ ਵਿਚ ਲਿਖਦਾ ਹੈ ਕਿ ਸਿੱਖ ਸਰਕਾਰ ਲਈ ਪਰਿਭਾਸ਼ਿਕ ਸ਼ਬਦ ਦਾ ਪ੍ਰਯੋਗ ਕਰਨ। ਮੇਰੇ ਲਈ ਔਖਾ ਹੈ ਕਿਉਂਕਿ ਪਹਿਲੀ ਨਜ਼ਰੇ ਇਹ ਕੁਲੀਨਤੰਤਰ ਜਾਪਦੀ ਹੈ ਪਰ ਨੇੜੇ ਤੋਂ ਨਿਰੀਖਣ ਕਰਨ ਤੋਂ ਇਸ ਦੇ ਕਈ ਬੜੇ ਲੋਕਪ੍ਰਿਅ ਹਿੱਸੇ ਸਨ।  ਰਾਜ ਦੇ ਕਿਸੇ ਵਿਅਕਤੀ ਤੇ ਵਿਸ਼ੇਸ਼ ਨੂੰ ਸਨਮਾਨਾਰਥ ਮਰਤਬਾ ਨਹੀਂ ਪਰਦਾਨ ਕੀਤਾ ਜਾਂਦਾ। ਗ਼ੈਰ ਫ਼ੌਜੀ ਸਮਾਨ ਵਿਚ ਬਰਾਬਰੀ ਰੱਖੀ ਜਾਂਦੀ ਹੈ ਜਿਸ ਨੂੰ ਲੋਕਾਂ ਦਾ ਵਰਗ ਭਾਵੇਂ ਉਹ ਕਿੰਨਾ ਅਮੀਰ ਹੋਵੇ, ਤੋੜ ਨਹੀਂ ਸਕਦਾ। ਜਦੋਂ ਸਰਬੱਤ ਖਾਲਸਾ ਦੀ ਇਕੱਤਰਤਾ ਬੁਲਾਈ ਜਾਂਦੀ, ਜਿਸ ਵਿਚ ਜ਼ਿਆਦਾ ਫ਼ੌਜ ਹੀ ਹੁੰਦੀ ਤਾਂ ਹਰ ਮੈਂਬਰ ਨੂੰ ਆਪਣਾ ਵਿਚਾਰ ਪੇਸ਼ ਕਰਨ ਦਾ ਅਧਿਕਾਰ ਸੀ ਤੇ ਵਿਚਾਰ ਵਟਾਂਦਰੇ ਨਾਲ ਬਹੁ-ਗਿਣਤੀ ਫ਼ੈਸਲੇ ਕਰਦੀ ਸੀ।
     ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਦਾਰ ਦੀ ਸਥਿਤੀ ਉਸ ਹੇਠ ਕੰਮ ਕਰਨ ਵਾਲਿਆਂ ਦੇ ਮੁਕਾਬਲੇ ਚੰਗੇਰੀ ਹੁੰਦੀ ਸੀ ਪਰ ਜੇਕਰ ਉਸ ਦੇ ਪੈਰੋਕਾਰ ਆਪਣੇ ਆਗੂ ਤੋਂ ਅਸੰਤੁਸ਼ਟ ਹੁੰਦੇ ਸਨ ਤਾਂ ਉਹਨਾਂ ਨੂੰ ਅਧਿਕਾਰ ਪ੍ਰਾਪਤ ਸੀ ਕਿ ਉਸ ਨੂੰ ਛੱਡ ਕੇ ਹੋਰ ਜਿਹੜੇ ਮਰਜ਼ੀ ਸਰਦਾਰ ਪਾਸ ਚਲੇ ਜਾਣ ਤੇ ਆਪਣੀਆਂ ਸੇਵਾਵਾਂ ਪੇਸ਼ ਕਰਨ। ਇਹ ਸਭ ਤੋਂ ਵੱਡਾ ਪਰਜਾਤੰਤਰੀ ਅਧਿਕਾਰ ਸੀ, ਜਿਸ ਨੂੰ ਹੋਰ ਸਰਦਾਰ ਦੇ ਪੈਰੋਕਾਰ ਵਰਤ ਸਕਦੇ ਸਨ।
ਜੌਰਜ ਕੈਂਪਬੈਲ ਨੇ ਮਿਸਲ ਸੰਗਠਨ ਤੇ ਇਸ ਦੀ ਸਰਕਾਰ ਦੇ ਸਰੂਪ ਬਾਰੇ ਬੜੀ ਕੀਮਤੀ ਸੂਚਨਾ ਦਿੱਤੀ ਹੈ। ਉਹ ਲਿਖਦਾ ਹੈ ਕਿ ਸਿੱਖ ਪ੍ਰਣਾਲੀ ਕਮਾਲ ਦੀ ਹੈ ਜਿਸ ਵਿਚੋਂ ਜਰਮਨੀ ਪ੍ਰਣਾਲੀ ਨਿਕਲੀ। ਉਹਨਾਂ ਨੇ ਮਿਸਲਾਂ ਜਾਂ ਫ਼ੌਜੀ ਸੰਗਠਨ ਬਣਾਏ। ਹਰ ਮਿਸਲ ਨੇ ਆਪਣੇ ਸਰਵਉੱਚ ਸਰਦਾਰ ਤੇ ਉਪ-ਸਰਦਾਰੀ ਚੁਣੇ। ਮਿਸਲਾਂ ਇਕੱਠੀਆਂ ਹੋ ਕੇ ਖਾਲਸਾ ਜਾਂ ਸਿੱਖ ਕਾਮਨਵੈਲਥ ਬਣਿਆ। ਜਰਮਨ ਵਿਚ ਵੀ ਅਜਿਹਾ ਰੁਝਾਨ ਸੀ। ਸਰਵਉੱਚ ਮੁਖੀ ਨੂੰ ਚੁਣਿਆ ਜਾਂਦਾ ਜਿਸ ਪਾਸ ਬੜੀ ਥੋੜ੍ਹੀ ਜਿਹੀ ਸ਼ਕਤੀ ਹੁੰਦੀ ਸੀ ਅਤੇ ਉਹ ਸਥਾਨ ਖਾਨਦਾਨੀ ਨਹੀਂ ਸੀ। ਪਰ ਹੌਲੀ-ਹੌਲੀ ਮਿਸਲਾਂ ਦੇ ਮੁਖੀਆਂ ਤੇ ਛੋਟੇ ਸਰਦਾਰਾਂ ਨੇ ਖਾਨਦਾਨੀ ਰੂਪ ਧਾਰਨ ਕਰ ਲਿਆ ਜਿਵੇਂ ਯੂਰਪ ਵਿਚ ਡਿਊਕਜ਼ ਤੇ ਸ਼ੌਨਰਜ ਬਣ ਗਏ ਸਨ।
      ਇੱਬਸਟਨ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦਾ ਸੰਗਠਨ ਧਰਮਤੰਤਰ, ਪਰਜਾਤੰਤਰ ਤੇ ਨਿਰੰਕੁਸ਼ਤਾ ਦਾ ਵਚਿੱਤਰ ਸੁਮੇਲ ਸੀ। ਇਹ ਧਰਮਤੰਤਰ ਇਸ ਲਈ ਸੀ ਕਿ ਸਿੱਖ ਸਿਪਾਹੀ ਤੇ ਸਰਦਾਰ ਗੁਰੂ ਦੀ ਖ਼ਾਤਰ ਲੜਦੇ ਸਨ ਤੇ ਅੰਮ੍ਰਿਤਸਰ ਵਿਚ ਇਕੱਠੇ ਮਿਲ ਕੇ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿਚ ਸਭ ਮਹੱਤਵਪੂਰਨ ਮੁਆਮਲਿਆਂ ਦੇ ਫ਼ੈਸਲੇ ਕਰਦੇ ਸਨ ਜੋ ਗੁਰੂ ਦੇ ਫ਼ੈਸਲੇ ਮੰਨੇ ਜਾਂਦੇ ਸਨ। ਮਿਸਲਾਂ ਦੇ ਸੰਗਠਨ ਵਿਚ ਪਰਜਾਤੰਤਰ ਦਾ ਅੰਸ਼ ਸੀ, ਕਿਉਂਕਿ ਕੇਵਲ ਮਿਸਲਾਂ ਦੇ ਨੇਤਾ ਹੀ ਇੱਕ ਦੂਜੇ ਦੇ ਬਰਾਬਰ ਸਮਝੇ ਨਹੀਂ ਜਾਂਦੇ ਸਨ, ਸਗੋਂ ਮਿਸਲ ਦੇ ਸਾਰੇ ਮੈਂਬਰ ਵੀ ਬਰਾਬਰ ਸਮਝੇ ਜਾਂਦੇ ਸਨ।
      ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੇ ਰਾਜਨੀਤਕ ਤੇ ਸਾਮਾਜਿਕ ਨੈਤਿਕਤਾ ਵਿਚ ਪਰਜਾਤੰਤਰ ਤੇ ਗਣਤੰਤਰ ਦੇ ਸਿਧਾਂਤਾਂ ਦਾ ਰੰਗ ਗੂੜ੍ਹਾ ਸੀ। ਸਰਦਾਰ ਆਪਣੀ ਮਰਜ਼ੀ ਨਾਲ ਕੋਈ ਫ਼ੈਸਲਾ ਨਹੀਂ ਸੀ ਕਰਦੇ ਤੇ ਸਿੱਖਾਂ ਨੂੰ ਵਿਚਾਰ-ਵਟਾਂਦਰਾ ਕਰਨ ਲਈ ਬੁਲਾਇਆ ਜਾਂਦਾ ਸੀ ਤੇ ਉਹ ਆਪਣੇ ਵਿਚਾਰ ਅਜ਼ਾਦੀ ਨਾਲ ਦੱਸ ਸਕਦੇ ਸਨ। ਮਿਸਲ ਸੰਸਥਾ ਅਸਲ ਵਿਚ ਸਿੱਖ ਪੰਥ ਦੀ ਲੋਕਤੰਤਰ ਸੰਸਥਾ ਸੀ। ਇਹ ਗੁਰਬਾਣੀ ਦੇ ਨਿਯਮਾਂ ਉੱਪਰ ਆਧਾਰਿਤ ਸੀ, ਜੋ ਗੁਰੂ ਸਾਹਿਬ ਨੇ ਹੁਕਮ ਦਿੱਤੇ ਸਨ। ਇਨ੍ਹਾਂ ਮਿਸਲਾਂ ਲਈ ਅਕਾਲ ਪੁਰਖ ਸੁਪਰੀਮ ਸੀ, ਇਸ ਲਈ ਉਹ ਗੁਰਮਤਿਆਂ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਅਧੀਨ ਸਾਂਝੇ ਫੈਸਲੇ ਕਰਦੇ ਸਨ।

ਲੇਖਿਕਾ - ਜਸਪ੍ਰੀਤ ਕੌਰ