image caption: ਰਜਿੰਦਰ ਸਿੰਘ ਪੁਰੇਵਾਲ

ਸੰਤ ਅਗਨੀਵੇਸ਼ 'ਤੇ ਹਮਲੇ ਭਗਵੇਂ ਅੱਤਵਾਦੀਆਂ ਦੀ ਘਟੀਆ ਕਰਤੂਤ

      ਭਾਰਤ ਵਿਚ ਜਿਸ ਦਲ ਦੀ ਸਰਕਾਰ ਹੈ, ਉਸ ਦਲ ਦੇ ਭਗਵੇਂ ਅੱਤਵਾਦੀਆਂ ਨੇ ਝਾਰਖੰਡ ਦੇ ਪਾਕੁੜ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਸੁਆਮੀ ਅਗਨੀਵੇਸ਼ ਨੂੰ ਬੁਰੀ ਤਰ੍ਹਾਂ ਕੁੱਟਿਆ, ਪੱਗ ਲਾਹੀ, ਕੱਪੜੇ ਪਾੜ ਦਿੱਤੇ ਤੇ ਜ਼ਮੀਨ 'ਤੇ ਡੇਗ ਕੇ ਜੁੱਤੀਆਂ, ਲੱਤਾਂ ਤੇ ਡਾਂਗਾਂ ਨਾਲ ਕੁੱਟਿਆ। ਹਮਲਾਵਰਾਂ ਦੇ ਨਾਅਰੇ ਗੂੰਜ ਰਹੇ ਸਨ। ਗੀਤਾ ਦਾ ਅਪਮਾਨ ਨਹੀਂ ਸਹੇਗਾ ਹਿੰਦੋਸਤਾਨ ਤੇ ਭਾਰਤ ਮਾਤਾ ਜੀ ਜੈ, ਹਿੰਦੂ ਰਾਸ਼ਟਰਵਾਦ ਦੀ ਜੈ। ਜਾਂਦੇ ਜਾਂਦੇ ਇਹ ਧਮਕੀ ਦੇ ਗਏ ਜੇਕਰ ਹੁਣ ਵੀ ਹੋਸ਼ ਨਹੀਂ ਆਇਆ ਤਾਂ ਵਾਰ-ਵਾਰ ਕੁੱਟਾਂਗੇ। ਸੁਆਮੀ ਅਗਨੀਵੇਸ਼ ਨੇ ਇਸ ਤੋਂ ਬਾਅਦ ਆਪਣੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾ ਦਿੱਤੀ। ਕੁਝ ਲੋਕ ਗ੍ਰਿਫ਼ਤਾਰ ਵੀ ਹੋਏ, ਪਰ ਸਭ ਨੂੰ ਪਤਾ ਹੈ ਕਿ ਇਸ ਭੀੜ ਦਾ ਕੁਝ ਨਹੀਂ ਵਿਗੜੇਗਾ, ਉਲਟਾ ਉਨ੍ਹਾਂ ਦੇ ਪੱਖ ਵਿਚ ਜੈਕਾਰਾ ਲੱਗੇਗਾ, ਕੋਈ ਫੁੱਲਾਂ ਦਾ ਹਾਰ ਪਹਿਨਾ ਦੇਵੇਗਾ ਤੇ ਕੋਈ ਇਨ੍ਹਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਪੀਰ ਤੇ ਹੀਰੋ ਦੱਸੇਗਾ। ਕੋਈ ਇਸ ਕਾਂਡ ਦੇ ਲਈ ਦੋਸ਼ੀਆਂ ਨੂੰ ਮੂੰਹ ਮਿੱਠਾ ਕਰਵਾ ਦੇਵੇਗਾ, ਜਿਵੇਂ ਬੀਤੇ ਦਿਨੀਂ ਕੇਂਦਰੀ ਮੰਤਰੀ ਜੇਅੰਤ ਸਿਨਹਾ ਨੇ ਅਲੀਮੋਦੀਨ ਅਨਸਾਰੀ ਦੇ ਕਾਤਲਾਂ ਦਾ ਮੂੰਹ ਮਿੱਠਾ ਕਰਵਾਇਆ ਸੀ। ਸ਼ੋਸ਼ਲ ਮੀਡੀਆ 'ਤੇ ਮੈਂ ਆਮ ਇਹ ਘਟਨਾਵਾਂ ਦੇਖ ਰਿਹਾ ਹਾਂ ਜੋ ਝਾਰਖੰਡ ਵਿਚ ਸੁਆਮੀ ਅਗਨੀਵੇਸ਼ ਦੀ ਕੁੱਟਮਾਰ ਨੂੰ ਸਹੀ ਠਹਿਰਾਉਣ ਵਿਚ ਲੱਗੇ ਹੋਏ ਹਨ। 80 ਸਾਲ ਦੇ ਇਸ ਸਖ਼ਸ਼ ਦੇ ਨਾਲ ਹੋਈ ਬਦਸਲੂਕੀ ਦੀ ਹਮਾਇਤ ਕਰ ਰਹੇ ਹਨ। ਹਿੰਸਕ ਤੇ ਹਮਲਾਵਰ ਭੀੜ ਦੇ ਇਸ ਹਮਲੇ ਨੂੰ ਸੁਆਮੀ ਅਗਨੀਵੇਸ਼ ਦੇ ਵਿਚਾਰਾਂ ਨੂੰ ਕੁਚਲਣ ਦਾ ਹਥਿਆਰ ਮੰਨ ਕੇ ਖੁਸ਼ ਹੋ ਰਹੇ ਹਨ। ਸ਼ੋਸ਼ਲ ਮੀਡੀਆ 'ਤੇ ਇਹੋ ਜਿਹੀ ਭੀੜ ਬਹੁਤ ਵਧ ਰਹੀ ਹੈ ਤੇ ਇਸ ਭੀੜ ਨੂੰ ਭਗਵੇਂ ਤੰਤਰ ਵਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਥਾਪੜਾ ਕੇਂਦਰੀ ਸੱਤਾਧਾਰੀ ਦੇ ਰਹੇ ਹਨ। ਇਹ ਭੀੜ ਤਿਆਰ ਹੋ ਰਹੀ ਹੈ ਭਾਰਤ ਨੂੰ ਭੀੜ ਤੰਤਰ ਵਲ ਲਿਜਾਣ ਦੇ ਲਈ। ਜੋ ਇਨ੍ਹਾਂ ਦੀਆਂ ਆਵਾਜ਼ਾਂ ਦਾ ਵਿਰੋਧ ਕਰਦਾ ਹੈ, ਉਨ੍ਹਾਂ ਨਾਲ ਹਿੰਸਕ ਵਰਤਾਰਾ ਕੀਤਾ ਜਾਂਦਾ ਹੈ। ਇਹ ਹਿੰਸਕ ਵਰਤਾਰਾ ਹੀ ਇਨ੍ਹਾਂ ਭੀੜਾਂ ਨੂੰ ਊਰਜਾ ਦਿੰਦਾ ਹੈ। ਭਗਵੇਂਵਾਦੀ ਸੱਤਾਧਾਰੀ ਇਹ ਸਭ ਕੁਝ ਸੱਤਾ ਉਪਰ ਆਪਣਾ ਬੋਲਬਾਲਾ ਕਾਇਮ ਰੱਖਣ ਦੇ ਲਈ ਇਨ੍ਹਾਂ ਭੀੜਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਲੜਾਓ ਤੇ ਰਾਜ ਕਰੋ, ਫੁੱਟ ਪਾਓ ਤੇ ਰਾਜ ਕਰੋ ਇਨ੍ਹਾਂ ਦਾ ਫਾਰਮੂਲਾ ਹੈ। ਦੇਸ਼ ਤਾਂ ਉਹੀ ਹੈ ਜੋ ਚਾਰ ਸਾਲ ਪਹਿਲਾਂ ਸੀ, ਹਿੰਦੂ ਮੁਸਲਮਾਨ ਵੀ ਉਹੀ ਹਨ। ਮਤਭੇਦ ਵੀ ਉਹੀ ਹਨ, ਫਿਰ ਮੋਦੀ ਦੇ ਰਾਜ ਦੌਰਾਨ ਕੀ ਬਦਲਿਆ ਹੈ? ਬਦਲਿਆ ਹੈ ਤਾਂ ਨਫ਼ਰਤਾਂ ਦੀ ਖੇਤੀ ਤੇਜ਼ ਹੋ ਗਈ ਹੈ। ਇਸ ਦਾ ਫਾਇਦਾ ਭਾਜਪਾ ਦੀ ਭਗਵੀਂ ਸਿਆਸਤ ਨੂੰ ਹੋ ਰਿਹਾ ਹੈ। ਰੋਟੀ, ਰੁਜ਼ਗਾਰ, ਸਿਹਤ, ਵਿਕਾਸ ਦੇ ਬੁਨਿਆਦੀ ਮੁੱਦੇ ਪਿੱਛੇ ਧੱਕ ਦਿੱਤੇ ਗਏ ਹਨ। ਹਿੰਦੂ-ਮੁਸਲਮਾਨ ਨਫ਼ਰਤ ਦੇ ਨਾਅਰੇ ਤੇਜ਼ ਕਰ ਦਿੱਤੇ ਗਏ ਹਨ, ਹਿੰਸਾ ਤੇਜ਼ ਕਰ ਦਿੱਤੀ ਗਈ ਹੈ। ਇਸ ਸਭ ਕੁਝ ਦਾ ਮਕਸਦ ਹਿੰਦੂ ਵੋਟ ਬੈਂਕ ਨੂੰ ਭਾਜਪਾ ਦੇ ਹੱਕ ਵਿਚ ਭੁਗਤਾਉਣਾ ਹੈ।
ਅਗਨੀਵੇਸ਼ 'ਤੇ ਹਮਲਾ ਕਰਨ ਵਾਲੇ ਭਾਜਪਾ ਯੁਵਾ ਮੋਰਚਾ ਦੇ ਲੀਡਰਾਂ ਦਾ ਕਹਿਣਾ ਹੈ ਕਿ ਸੁਆਮੀ ਅਗਨੀਵੇਸ਼ ਇੱਥੇ ਭੋਲੇ ਭਾਲੇ ਆਦਿਵਾਸੀਆਂ ਨੂੰ ਭੜਕਾਉਣ ਆਏ ਸਨ। ਇਹ ਪਾਕਿਸਤਾਨ ਤੇ ਇਸਾਈ ਮਿਸ਼ਨਰੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਜੇਕਰ ਇਹ ਸਹੀ ਹੈ ਤਾਂ ਇਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ। ਇਨ੍ਹਾਂ ਭਗਵੇਂਵਾਦੀਆਂ ਨੂੰ ਕਾਨੂੰਨ ਨੂੰ ਹੱਥ ਵਿਚ ਕਿਉਂ ਲਿਆ? ਹਾਲਾਂਕਿ ਝਾਰਖੰਡ ਤੇ ਕੇਂਦਰ ਵਿਚ ਭਾਜਪਾ ਦੀ ਹੀ ਸਰਕਾਰ ਹੈ। ਏਨੀਆਂ ਏਜੰਸੀਆਂ ਹਨ ਜਾਂਚ ਕਰਵਾਓ ਤੇ ਦਬਾਅ ਬਣਾ ਕੇ ਇਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਓ। ਇਹ ਸਾਰੇ ਤਰੀਕੇ ਹਨ ਫਿਰ ਕਿਹੜਾ ਤਰੀਕਾ ਹੈ? ਜ਼ਾਲਮਾਨਾ ਪੱਧਰ 'ਤੇ ਜਾ ਕੇ ਤੁਸੀਂ ਕਿਸ ਭਾਰਤ ਮਾਤਾ ਦੀ ਜੈ ਜੈ ਕਾਰ ਕਰ ਰਹੇ ਹੋ? ਇਹ ਲੋਕ ਸ਼ਰੇਆਮ ਫੇਸਬੁੱਕ 'ਤੇ ਪਾ ਰਹੇ ਹਨ ਕਿ ਸੁਆਮੀ ਅਗਨੀਵੇਸ਼ ਨੇ ਆਪਣੇ ਬਿਆਨਾਂ ਵਿਚ ਅਮਰਨਾਥ ਦਾ ਅਪਮਾਨ ਕੀਤਾ, ਸ਼ਿਵਲਿੰਗ ਦਾ ਅਪਮਾਨ ਕੀਤਾ। ਤ੍ਰਿਪਤੀ ਦਾ ਅਪਮਾਨ ਕੀਤਾ। ਇਸ ਨੂੰ ਇੰਝ ਹੀ ਕੁੱਟਿਆ ਜਾਣਾ ਚਾਹੀਦਾ ਸੀ, ਜੋ ਸੇਵਾ ਹੋਈ ਘੱਟ ਹੋਈ। ਦੂਸਰੇ ਪਾਸੇ ਆਰੀਆ ਸਮਾਜੀਆਂ ਦਾ ਕਹਿਣਾ ਹੈ ਕਿ ਪੂਜਾ ਪਾਠ ਤੇ ਕਰਮਕਾਂਡਾਂ ਬਾਰੇ ਤੇ ਮੰਦਰਾਂ ਬਾਰੇ ਆਰੀਆ ਸਮਾਜੀ ਬਹੁਤ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਨ ਜੋ ਹੁਣ ਅਗਨੀਵੇਸ਼ ਕਹਿ ਰਹੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਵਿਚਾਰਾਂ ਦਾ ਟਕਰਾਅ ਚਲਦਾ ਰਿਹਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਭਗਵੇਂਵਾਦੀ ਹਿੰਸਾ 'ਤੇ ਉਤਰ ਆਉਣ। ਜੋ ਭਗਵੇਂਵਾਦੀ ਇਹੋ ਜਿਹੀਆਂ ਭੀੜਾਂ ਨੂੰ ਜਨਮ ਦੇ ਰਹੇ ਹਨ, ਉਹੀ ਬੁੱਧੀਜੀਵੀ ਗੌਰੀ ਲੰਕੇਸ਼ ਦੇ ਕਾਤਲ ਹਨ। ਗੌਰੀ ਲੰਕੇਸ਼ ਨੂੰ ਮਾਰਨ ਵਾਲਾ ਵੀ ਫੜਿਆ ਗਿਆ, ਉਸ ਨੇ ਬਿਆਨ ਵਿਚ ਇਹੀ ਕਿਹਾ ਕਿ ਉਸ ਨੇ ਧਰਮ ਦੀ ਰੱਖਿਆ ਕੀਤੀ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦਾ ਕਹਿਣਾ ਸਹੀ ਹੈ ਕਿ ਭਾਰਤ ਇਨ੍ਹਾਂ ਭਗਵੇਂਵਾਦੀਆਂ ਕਾਰਨ ਤਾਲਿਬਾਨੀ ਭਾਰਤ ਬਣਦਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਬੀਤੇ ਦਿਨੀਂ ਇਸ ਬਾਰੇ ਚਿੰਤਾ ਵੀ ਪ੍ਰਗਟਾਈ ਸੀ ਕਿ ਭਾਰਤ ਨੂੰ ਹਿੰਸਕ ਭੀੜਾਂ ਦਾ ਭਾਰਤ ਬਣਨ ਤੋਂ ਰੋਕੋ। ਯਾਦ ਰਹੇ ਕਿ ਮਹਾਤਮਾ ਗਾਂਧੀ ਦੇ ਪੜਪੋਤਰੇ ਤੁਸ਼ਾਰ ਗਾਂਧੀ ਤੇ ਕਾਂਗਰਸ ਦੇ ਆਗੂ ਤਹਸੀਨ ਪੂਨਾਵਾਲਾ ਵੱਲੋਂ ਦਾਇਰ ਕੀਤੀ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਤਿੰਨ-ਮੈਂਬਰੀ ਬੈਂਚ ਨੇ ਭੀੜ ਤੰਤਰ ਦੇ ਅੰਨ੍ਹੇ ਜਨੂੰਨ ਬਾਰੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਨੂੰਨ ਦਾ ਮੰਤਵ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ, ਜਿਸ ਵਿੱਚ ਲੋਕ ਵਿਕਾਸ ਦੀ ਕੇਵਲ ਕਲਪਨਾ ਹੀ ਨਾ ਕਰਨ, ਸਗੋਂ ਉਸ ਦੇ ਲਾਭਾਂ ਨੂੰ ਵੀ ਮਹਿਸੂਸ ਕਰ ਸਕਣ। ਭੀੜਾਂ ਦੇ ਹੱਥੋਂ ਹੋਣ ਵਾਲੀਆਂ ਹੱਤਿਆਵਾਂ ਅਸਹਿਣਸ਼ੀਲਤਾ ਨੂੰ ਜਨਮ ਦੇ ਰਹੀਆਂ ਹਨ। ਜੇ ਭੀੜਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਦੇਸ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਹੈ। ਅਦਾਲਤ ਨੇ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ ਹੈ।
ਮਾਣ ਯੋਗ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਭੀੜ ਤੰਤਰ ਦੀ ਹਿੰਸਾ ਨੂੰ ਰੋਕਣ ਲਈ ਜਲਦੀ ਤੋਂ ਜਲਦੀ ਕਨੂੰਨ ਬਣਾਵੇ।  ਸੂਬਾ ਸਰਕਾਰ ਹਰ ਜ਼ਿਲ੍ਹੇ ਵਿਚ ਐਸ. ਪੀ. ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕਰੇ, ਜੋ ਸਪੈਸ਼ਲ ਟਾਸਕ ਫੋਰਸ ਬਣਾਏ।&ensp
ਸੂਬਾ ਸਰਕਾਰ ਅਜਿਹੇ ਇਲਾਕਿਆਂ ਦੀ ਪਛਾਣ ਕਰੇ, ਜਿਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ।&enspਨੋਡਲ ਅਫ਼ਸਰ ਸਥਾਨਕ ਇੰਟੈਲੀਜੈਂਸ ਨਾਲ ਮੀਟਿੰਗ ਕਰੇ। ਡੀ. ਜੀ. ਪੀ. ਅਤੇ ਗ੍ਰਹਿ ਸਕੱਤਰ ਨੋਡਲ ਅਫ਼ਸਰ ਨਾਲ ਮੀਟਿੰਗ ਕਰਨ।ਕੇਂਦਰ ਅਤੇ ਸੂਬਾ ਸਰਕਾਰ ਆਪਸ ਵਿਚ ਤਾਲਮੇਲ ਰੱਖਣ। ਸਰਕਾਰ 'ਮਾਬ ਲਿਚਿੰਗ' ਦੌਰਾਨ ਹਿੰਸਾ ਖ਼ਿਲਾਫ਼ ਪ੍ਰਚਾਰ ਕਰੇ। ਅਜਿਹੇ ਮਾਮਲਿਆਂ ਵਿਚ ਤੁਰੰਤ ਐਫ. ਆਈ. ਆਰ. ਦਰਜ ਹੋਵੇ। ਕੇਂਦਰ ਦੇ ਨਾਲ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਅਤੇ ਸੰਦੇਸ਼ਾਂ, ਵੀਡੀਓ ਨੂੰ ਰੋਕੇ, ਜੋ ਭੀੜ ਨੂੰ ਹਿੰਸਾ ਲਈ ਉਕਸਾਉਂਦੇ ਹਨ।&enspਭੜਕਾਊ ਸੰਦੇਸ਼ ਫੈਲਾਉਣ ਵਾਲੇ ਲੋਕਾਂ 'ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਜਾਵੇ। ਸੂਬਾ ਸਰਕਾਰ ਭੀੜ ਹਿੰਸਾ ਪੀੜਤ ਮੁਆਵਜ਼ਾ ਯੋਜਨਾ ਬਣਾਏ ਅਤੇ ਸੱਟ ਦੇ ਮੁਤਾਬਿਕ ਮੁਆਵਜ਼ਾ ਤੈਅ ਕਰੇ।&enspਫਾਸਟ ਟਰੈਕ ਅਦਾਲਤ ਵਿਚ ਕੇਸ ਚੱਲੇ, ਸੁਣਵਾਈ ਰੋਜ਼ਾਨਾ ਹੋਵੇ ਅਤੇ ਛੇ ਮਹੀਨਿਆਂ ਵਿਚ ਪੂਰੀ ਹੋਵੇ।&ensp
     ਪੀੜਤ ਦੇ ਵਕੀਲ ਦਾ ਖਰਚਾ ਸਰਕਾਰ ਕਰੇ। ਗਊ ਰੱਖਿਆ ਭੀੜ ਹਿੰਸਾ ਰੋਕਣ ਲਈ ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਲਈ ਵੱਖਰਾ ਕਾਨੂੰਨ ਬਣਾਉਣ 'ਤੇ ਵਿਚਾਰ ਕਰਨ ਲਈ ਕਿਹਾ। ਅਦਾਲਤ ਨੇ ਕਿਹਾ ਕਿ ਕੋਈ ਵਿਅਕਤੀ ਖ਼ੁਦ ਵਿਚ ਕਾਨੂੰਨ ਨਹੀਂ ਹੈ ਅਤੇ ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਦਾ ਹੱਕ ਨਹੀਂ ਹੈ। ਭੀੜ ਵਲੋਂ ਹਿੰਸਾ ਵਿਚ ਮੌਤ ਹੋ ਜਾਣ 'ਤੇ ਦੋਸ਼ੀ ਨੂੰ ਸਿਰਫ਼ ਮੌਤ ਦੀ ਸਜ਼ਾ ਦਿੱਤੀ ਜਾਵੇ। ਕੇਂਦਰ ਤੇ ਰਾਜ ਸਰਕਾਰਾਂ ਕੋਲੋਂ ਇਸ ਸੰਬੰਧ ਵਿੱਚ ਜੁਆਬ ਵੀ ਮੰਗਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਵੀਹ ਅਗਸਤ ਨੂੰ ਹੋਣੀ ਤੈਅ ਕੀਤੀ ਗਈ ਹੈ। ਮਨੁੱਖ ਸੱਭਿਅਤਾ ਤੇ ਦੇਸ਼ ਦੇ ਵਿਕਾਸ ਲਈ ਨਰੋਏ ਸਮਾਜ ਦਾ ਨਿਰਮਾਣ ਬੇਹੱਦ ਜ਼ਰੂਰੀ ਹੈ ਅਤੇ ਅਜਿਹੀ ਹਾਲਤ ਵਿਚ ਲੋਕ ਭੀੜਾਂ ਤੇ ਬੇਇਨਸਾਫ਼ੀ ਕਰਨ ਵਾਲੀ ਸਰਕਾਰ ਵਿਰੁਧ ਆਵਾਜ਼ ਬੁਲੰਦ ਕਰਨ। ਤੁਸੀਂ ਸਮਝੋ ਕਿ ਭਾਰਤ ਹਿਟਲਰ ਦਾ ਦੇਸ ਜਰਮਨ ਬਣਨ ਵਲ ਵਧ ਰਿਹਾ ਹੈ। ਭਾਰਤ ਵਿਚ ਹਿੰਦੂ ਮੁਸਲਮਾਨ ਨੂੰ ਲੜਾਉਣ ਤੇ ਵੰਡਣ ਵਾਲੀ ਰਾਜਨੀਤੀ ਦੇ ਕਲਾਈਮੈਕਸ ਦਾ ਵਕਤ ਆ ਗਿਆ ਹੈ, ਕਿਉਂਕਿ 2019 ਦੀਆਂ ਚੋਣਾਂ ਨੇੜੇ ਆ ਚੁੱਕੀਆਂ ਹਨ। ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੁਸਲਮਾਨ ਮਾਰੇ ਜਾਣ, ਦਲਿਤ ਮਾਰੇ ਜਾਣ, ਪਰ ਇਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ। ਇਹ ਗੱਲ ਸੱਚ ਹੈ ਕਿ ਦੇਸ ਏਕਤਾ ਵਲ ਨਹੀਂ ਟੁੱਟਣ ਵਲ ਵਧ ਰਿਹਾ ਹੈ। ਇਸ ਦੇ ਜ਼ਿੰਮੇਵਾਰ ਇਹ ਭਗਵੇਂਵਾਦੀ ਹਿੰਸਕ ਲੋਕ ਹਨ।
ਰਜਿੰਦਰ ਸਿੰਘ ਪੁਰੇਵਾਲ