image caption: ਨਿੰਦਰ ਘੁਗਿਆਣਵੀ

ਰਮਣੀਕ ਰੁੱਤ ਦੀ ਆਮਦ .......

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ਤੇ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਖਿਲਾਫ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ, ਫਰੀ ਜੱਗੀ ਕੰਪੇਨ ਅਤੇ ਸਿੱਖ ਯੂਥ ਯੂ ਕੇ ਵਲੋਂ ਬਰਤਾਨਵੀ ਸਰਕਾਰ ਚਲਾ ਰਹੀ ਕੰਜ਼ਰਵੇਟਿਵ (ਟੋਰੀ) ਪਾਰਟੀ ਦੀ ਸਾਲਾਨਾ ਮੀਟਿੰਗ ਮੌਕੇ ਇੰਟਰਨੈਸ਼ਨਲ ਕੰਨਵੈਨਸ਼ਨ ਸੈਂਟਰ ਬਰਮਿੰਘਮ ਵਿਖੇ ਰੋਸ ਵਿਖਾਵਾ ਕੀਤਾ ਗਿਆ ਹੈ। ਸਿੱਖ ਫੈਡਰੇਸ਼ਨ ਯੂ ਕੇ  ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਜਸ ਸਿੰਘ, ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਆਗੂ ਅਤੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਬਲਵਿੰਦਰ ਸਿੰਘ ਧਰਮਯੁੱਧ ਜਥਾ ਯੂ ਕੇ, ਭਾਈ ਜਸਪਾਲ ਸਿੰਘ ਬੈਂਸ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਸਮਸ਼ੇਰ ਸਿੰਘ, ਭਾਈ ਗੁਰਪ੍ਰੀਤ ਸਿੰਘ ਜੌਹਲ, ਬੀਬੀ ਅਵਨੀਤ ਕੌਰ, ਸਰਬਜੀਤ ਸਿੰਘ ਤੋਂ ਇਲਾਵਾ ਆਇਰਲੈਂਡ ਦੇ ਜਸਟਿਸ ਫਾਰ 21 ਮੁਹਿੰਮ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਜਿਹਨਾਂ ਪੰਜ ਸਿੱਖ ਨੌਜਵਾਨਾਂ ਦੇ ਘਰਾਂ ਤੇ ਬਰਤਾਨਵੀ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਛਾਪੇਮਾਰੀ ਕਰਕੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ, ਬੱਚਿਆਂ ਦੀਆਂ ਪਿੱਗੀ  ਬੈਂਕਾਂ, ਬਜੁਰਗਾਂ ਦੀਆਂ ਪੈਨਸ਼ਨ ਬੁੱਕਾਂ ਨੂੰ ਚੁੱਕ ਕੇ ਲੈ ਗਏ, ਪਰਿਵਾਰਾਂ ਨੂੰ ਘੰਟਿਆਂ ਬੱਧੀ ਘਰਾਂ ਤੋਂ ਬਾਹਰ ਰੱਖਿਆ ਗਿਆ, ਜੋ ਸਿੱਖਾਂ ਨਾਲ ਧੱਕੇਸ਼ਾਹੀ ਹੈ। ਇਸ ਮੌਕੇ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਵੀ ਅਵਾਜ ਉਠਾਈ ਗਈ। ਇਸ ਸਮੇਂ ਮਤਾ ਪਾਸ ਕਰਦਿਆਂ ਗੁਰਦਵਾਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਵੈਸਟ ਮਿੱਡਲੈਂਡ ਪੁਲਿਸ ਦੇ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਸਨਮਾਨਤ ਨਾ ਕੀਤਾ ਜਾਵੇ ਅਤੇ ਨਾ ਹੀ ਉਹਨਾਂ ਨੂੰ ਬੋਲਣ ਦਿੱਤਾ ਜਾਵੇ ਜਿੰਨਾ ਚਿਰ ਇਹ ਸਿੱਖ ਕੌਮ ਨੂੰ ਸਪੱਸ਼ਟ ਨਹੀਂ ਕਰਦੇ ਕਿ ਇਹ ਛਾਪੇਮਾਰੀ ਕਿਉਂ ਅਤੇ ਕਿਸ ਮਕਸਦ ਨਾਲ ਕੀਤੀ ਗਈ ਅਤੇ ਭਵਿੱਖ ਵਿੱਚ ਅਜਿਹਾ ਨਾ ਵਾਪਰਨ ਦਾ ਭਰੋਸਾ ਨਹੀਂ ਦਿਵਾਇਆ ਜਾਂਦਾ। ਇਸ ਮਤੇ ਦੀ ਮੌਕੇ ਤੇ ਮੌਜੂਦ ਸਿੱਖਾਂ ਵਲੋਂ ਡੱਟ ਕੇ ਪ੍ਰੋੜਤਾ ਕਰਦਿਆਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ ਤੇ ਅਮਲ ਕਰਨ ਲਈ ਆਖਿਆ, ਤਾਂ ਕਿ ਸਿੱਖ ਨੌਜਵਾਨ ਪੂਰੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਯਤਨ ਜਾਰੀ ਰੱਖਣ। ਬੁਲਾਰਿਆਂ ਕਿਹਾ ਕਿ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ  ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਜੱਗ ਜਾਹਰ ਹੋ ਚੁੱਕੀ ਹੈ, ਇਸ ਬਾਰੇ ਸਿੱਖਾਂ ਦੀ ਮੰਗ ਹੈ ਕਿ ਇਹਨਾਂ ਨੇ ਭਾਰਤੀ ਫੌਜ ਵਲੋਂ ਸਿੱਖਾਂ ਤੇ ਢਾਹੇ ਗਏ ਕਹਿਰ ਵਿੱਚ ਕਿਸ ਕਦਰ ਸਾਥ ਦਿੱਤਾ ਸੀ ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਗੌਰ ਤਲਬ ਹੈ ਕਿ ਜੂਨ 1984 ਵਿੱਚ ਜਦੋਂ ਭਾਰਤੀ ਫੌਜ ਵਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਅਤੇ ਹਿੰਦੂਤਵੀ ਲਾਬੀ  ਖਾਸ ਕਰ ਭਾਜਪਾ ਅਤੇ ਰਵਾਇਤੀ ਅਕਾਲੀ ਦਲ ਦੇ ਆਗੂਆਂ ਦੀ ਸਹਿਮਤੀ ਨਾਲ ਟੈਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਤਾਂ ਬਰਤਾਨੀਆ ਵਿੱਚ ਉਸ ਵਕਤ ਵੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਇਸੇ ਤਰਾਂ ਹੁਣ ਪਿਛਲੇ ਸਾਲ ਜਦੋਂ ਪੰਜਾਬ ਵਿੱਚ ਵਿਆਹ ਕਰਵਾਉਣ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੌਜੂਦਾ ਕੰਜ਼ਰਵੇਟਿਵ ਪਾਰਟੀ ਸੀ ਸਰਕਾਰ ਨੇ ਕੋਈ ਢੁਕਵੀਂ ਕਾਰਵਾਈ ਨਹੀਂ ਬਲਕਿ ਉਲਟਾ ਬਰਤਾਨੀਆ ਵਿੱਚ ਸਿੱਖਾਂ ਦੇ ਘਰਾਂ ਤੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਛਾਪੇਮਾਰੀ ਕਰਕੇ ਪਰਿਵਾਰਾਂ ਨੂੰ ਭਾਰੀ ਤੰਗ ਪ੍ਰਸ਼ਾਨ ਕੀਤਾ ਗਿਆ।