image caption: ਰਜਿੰਦਰ ਸਿੰਘ ਪੁਰੇਵਾਲ

ਅਕਾਲ ਤਖ਼ਤ ਦਾ ਨਵਾਂ ਜਥੇਦਾਰ ਤੇ ਪੰਥਕ ਸੋਚ

      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਬੈਠਕ ਦੇ ਫੈਸਲੇ ਅਨੁਸਾਰ ਬੀਤੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ 'ਚ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਦੀ ਕਮਾਨ ਕਾਰਜਕਾਰੀ ਜਥੇਦਾਰ ਵਜੋਂ ਸੰਭਾਲ ਲਈ ਹੈ। ਗਿਆਨੀ ਹਰਪ੍ਰੀਤ ਸਿੰਘ ਪੀ. ਐੱਚ. ਡੀ. ਕਰ ਰਹੇ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਸਬੇ ਗਿੱਦੜਬਾਹਾ ਨਿਵਾਸੀ ਹਨ। ਇਹ ਹੀ ਨਹੀਂ ਉਹ ਤੁਲਨਾਤਮਿਕ ਧਾਰਮਿਕ ਅਧਿਐਨਾਂ ਵਿਚ ਮਾਸਟਰ ਡਿਗਰੀ ਹੋਲਡਰ ਵੀ ਹਨ। ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਅਤੇ ਨਾਲ-ਨਾਲ ਸ੍ਰੀ ਦਮਦਮਾ ਸਾਹਿਬ ਦਾ ਕੰਮਕਾਜ ਵੀ ਦੇਖਦੇ ਰਹਿਣਗੇ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਉਣ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਤੇ ਪਰਿਵਾਰ ਦੀ ਅਕਾਲ ਤਖਤ ਸਾਹਿਬ ਲਈ ਨਵਾਂ ਅਤੇ ਪੱਕੇ ਜਥੇਦਾਰ ਦੀ ਭਾਲ ਹਾਲੇ ਜਾਰੀ ਹੈ।
    ਯਾਦ ਰਹੇ ਕਿ 18 ਅਕਤੂਬਰ ਦੀ ਰਾਤ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਗਿਆਨੀ ਗੁਰਬਚਨ ਸਿੰਘ ਨੇ ਅਸਤੀਫੇ ਵਿਚ ਆਪਣੀ ਵਡੇਰੀ ਉਮਰ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ ਪੰਥਕ ਅਸੈਂਬਲੀ ਵਿਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਲਈ ਸਮੁੱਚੇ ਪੰਥ ਦੀ ਮੀਟਿੰਗ ਹੋਵੇ ਤੇ ਇਸ ਨਿਯੁਕਤੀ ਲਈ ਪੰਥਕ ਕਮੇਟੀ ਬਣੇ ਤੇ ਸਿਧਾਂਤ ਤੈਅ ਕੀਤੇ ਜਾਣ ਕਿ ਅਕਾਲ ਤਖ਼ਤ ਦਾ ਜਥੇਦਾਰ ਕੌਣ ਬਣੇ, ਉਸ ਦੀ ਉਮਰ ਤੇ ਯੋਗਤਾ ਕੀ ਹੋਵੇ। ਯਾਦ ਰਹੇ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਸ਼੍ਰੋਮਣੀ ਕਮੇਟੀ ਤੇ ਪੰਥ ਦੇ ਸਾਹਮਣੇ ਇਸ ਅਹੁਦੇ ਦੀ ਨਿਯੁਕਤੀ ਦੇ ਲਈ ਸਿਧਾਂਤ ਤੈਅ ਕਰਨ ਲਈ ਕਮੇਟੀ ਤੇ ਖਰੜਾ ਬਣਾਉਣ ਨੂੰ ਕਿਹਾ ਸੀ। ਸਿੱਖਾਂ ਦੇ ਬੌਧਿਕ ਧੜੇ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਅਕਾਲ ਤਖ਼ਤ ਦਾ ਕੋਈ ਜਥੇਦਾਰ ਨਹੀਂ ਹੁੰਦਾ। ਅਕਾਲ ਤਖ਼ਤ ਦਾ ਜਥੇਦਾਰ ਗੁਰੂ ਆਪ ਹੈ। ਗੁਰੂ ਕਾਲ ਸਮੇਂ ਅਕਾਲ ਤਖ਼ਤ ਦਾ ਨਾਮ ਅਕਾਲ ਬੁੰਗਾ ਹੀ ਹੁੰਦਾ ਸੀ। ਪੰਥਕ ਚਿੰਤਕਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਇਕ ਧੜੇ ਨੂੰ ਅਧਿਕਾਰ ਨਹੀਂ ਹੈ।  ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਅਹੁਦੇ ਦੇ ਦੁਰਵਰਤੋਂ ਪੰਥ ਨੂੰ ਖੁਆਰ ਕਰਨ ਲਈ ਹੁੰਦੀ ਰਹੀ ਹੈ ਤੇ ਗਲਤ ਫੈਸਲੇ ਹੁੰਦੇ ਰਹੇ ਹਨ। ਕਦੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਵਲੋਂ ਕਿਹਾ ਜਾਣਾ ਕਿ ਕੋਠਾ ਸਾਹਿਬ ਠੀਕ ਠਾਕ ਹੈ। ਕਦੇ ਸੌਦਾ ਸਾਧ ਰਾਮ ਰਹੀਮ ਨੂੰ ਮੁਆਫੀ ਤੇ ਕਦੇ ਪਾਖੰਡੀ ਸਾਧਾਂ ਕੋਲੋਂ ਸਨਮਾਨ ਲੈਣੇ ਤੇ ਡੇਰਾਵਾਦ ਨੂੰ ਉਤਸ਼ਾਹਿਤ ਕਰਨਾ। ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗਲਤੀਆਂ ਹਨ ਜੋ ਮੀਰੀ-ਪੀਰੀ ਸਿਧਾਂਤ ਨੂੰ ਠੇਸ ਪਹੁੰਚਾਉਂਦੀਆਂ ਰਹੀਆਂ ਹਨ। ਅਸਲ ਵਿਚ ਅਕਾਲ ਤਖ਼ਤ ਗੁਰਦੁਆਰਾ ਐਕਟ ਦੇ ਅਧੀਨ ਨਹੀਂ ਹੋ ਸਕਦਾ। ਗੁਰਦੁਆਰਾ ਐਕਟ ਦਾ ਮੁੱਖ ਮਕਸਦ ਗੁਰਦੁਆਰਾ ਪ੍ਰਬੰਧਾਂ ਦੀ ਸੰਭਾਲ ਕਰਨਾ ਹੈ, ਨਾ ਕਿ ਪੰਥ ਦੀ ਖੁਦਮੁਖਤਿਆਰੀ ਵਿਚ ਦਖਲਅੰਦਾਜ਼ੀ ਦੇਣਾ। ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਪੰਥ ਦੀ ਖੁਦਮੁਖਤਿਆਰੀ ਨਾਲ ਜੁੜਿਆ ਹੋਇਆ ਹੈ। ਜੇ ਅਕਾਲ ਤਖ਼ਤ ਕਿਸੇ ਦਾ ਗੁਲਾਮ ਨਹੀਂ, ਤਾਂ ਜਥੇਦਾਰ ਕਿਸੇ ਪਰਿਵਾਰ ਜਾਂ ਦਲ ਦਾ ਜਾਂ ਧੜੇ ਦਾ ਗੁਲਾਮ ਕਿੰਝ ਹੋ ਸਕਦਾ ਹੈ? ਸਿੱਖ ਇਤਿਹਾਸ ਗਵਾਹ ਹੈ ਕਿ ਭਾਈ ਮਨੀ ਸਿੰਘ, ਸਿਰਦਾਰ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹੂਲਵਾਲੀਆ, ਬਾਬਾ ਨੈਣਾ ਸਿੰਘ, ਬਾਬਾ ਸਾਹਿਬ ਸਿੰਘ ਬੇਦੀ, ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਖਾਲਸਾ ਪੰਥ ਦੇ ਜਥੇਦਾਰ ਰਹੇ ਹਨ। ਖਾਲਸਾ ਪੰਥ ਵਿਚ ਇਨ੍ਹਾਂ ਦਾ ਸਤਿਕਾਰ ਹੋਣ ਕਰਕੇ ਇਨ੍ਹਾਂ ਨੂੰ ਪੰਥ ਦਾ ਮੁੱਖ ਸੇਵਾਦਾਰ ਮੰਨ ਲਿਆ ਗਿਆ ਸੀ ਤੇ ਇਹ ਸਰਬੱਤ ਖਾਲਸਾ ਬੁਲਾ ਕੇ ਫੈਸਲੇ ਕਰਦੇ ਰਹੇ ਹਨ। ਸਰਬੱਤ ਖਾਲਸਾ ਵਿਚ ਪੰਜ ਸਿੰਘ ਚੁਣੇ ਜਾਂਦੇ ਸਨ, ਜੋ ਗੁਰਮਤਾ ਕਰਦੇ ਸਨ। ਇਹ ਗੁਰਮਤੇ ਪੰਥ ਦੀ ਸਲਾਹ ਨਾਲ ਕੀਤੇ ਜਾਂਦੇ ਸਨ। ਪੰਥਕ ਮੁੱਦਿਆਂ 'ਤੇ ਸਮੁੱਚੇ ਪੰਥ ਦੀ ਸਹਿਮਤੀ ਹੁੰਦੀ ਸੀ। ਭਾਵੇਂ ਜਿੰਨੇ ਮਰਜ਼ੀ ਮਤਭੇਦ ਹੁੰਦੇ ਸਨ, ਉਹ ਸਭ ਸਫਾਂ ਵਿਛਾ ਕੇ ਰਲ ਮਿਲ ਕੇ ਮਿਟਾ ਲਏ ਜਾਂਦੇ ਸਨ। ਇਹੀ ਪੰਥ ਦੀ ਚੜ੍ਹਦੀ ਕਲਾ ਤੇ ਇਤਿਹਾਸ ਸਿਰਜਣ ਦਾ ਕਾਰਨ ਰਿਹਾ ਹੈ।
     ਜੇਕਰ ਗੁਰਦੁਆਰਾ ਐਕਟ ਦੀ ਗੱਲ ਕਰੀਏ ਤਾਂ ਇਹ ਭਾਰਤ ਸਰਕਾਰ ਦੇ ਅਧੀਨ ਹੈ ਤੇ ਭਾਰਤ ਸਰਕਾਰ ਦੇ ਐਕਟ ਦੇ ਅਧੀਨ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਤੇ ਅਕਾਲ ਤਖ਼ਤ ਕਿੰਝ ਹੋ ਸਕਦਾ ਹੈ? ਇਹ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਅੱਗੇ ਪ੍ਰਸ਼ਨ ਚਿੰਨ੍ਹ ਹੈ। ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਕਰੇ। ਇਹੀ ਅੜੀਅਲ ਰੁੱਖ ਸ਼੍ਰੋਮਣੀ ਅਕਾਲੀ ਦਲ ਦੀ ਬਰਬਾਦੀ ਤੇ ਨਿਘਾਰ ਦਾ ਕਾਰਨ ਬਣ ਰਿਹਾ ਹੈ। ਪੂਰਾ ਸਿੱਖ ਯੂਥ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਇਸ ਸੰਬੰਧੀ ਪੈ ਰਹੀਆਂ ਪੋਸਟਾਂ ਇਸ ਗੱਲ ਦੀਆਂ ਗਵਾਹ ਹਨ ਕਿ ਸੰਗਤ ਬਾਦਲ ਅਕਾਲੀ ਦਲ ਤੋਂ ਨਿਰਾਸ਼ ਹੈ।
     ਜੇਕਰ ਗੁਰਦੁਆਰਾ ਐਕਟ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ ਜੋ ਵਿਧੀ ਵਿਧਾਨ ਤਿਆਰ ਕੀਤਾ ਗਿਆ, ਉਸੇ ਨੂੰ 1925 ਦਾ ਗੁਰਦੁਆਰਾ ਐਕਟ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਇਸ ਐਕਟ ਅਧੀਨ ਹੋਈ ਅਤੇ ਇਹ ਇੱਕ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ। ਇਹ ਕਮੇਟੀ ਜਿੱਥੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਹੈ, ਸਿੱਖ ਇਤਿਹਾਸਕ ਸਥਾਨ ਹੋਣ ਕਾਰਨ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ਦਾ ਪ੍ਰਬੰਧ ਵੀ ਇਸੇ ਅਧੀਨ ਆਉਂਦਾ ਹੈ। ਇਸ ਐਕਟ ਵਿੱਚ ਕਿਤੇ ਵੀ ਕੋਈ ਅਕਾਲ ਤਖ਼ਤ ਜਾਂ ਕਿਸੇ ਹੋਰ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਨਾਂ ਤੱਕ ਨਹੀਂ ਹੈ। ਹਾਂ ਇਸ ਦੇ ਭਾਗ 3, ਚੈਪਟਰ 6, ਧਾਰਾ 43.2 ਅਨੁਸਾਰ ਹੈਡ ਮਿਨਿਸਟਰ ਦਾ ਅਹੁਦਾ ਹੈ, ਅਤੇ ਅੰਗ੍ਰੇਜ਼ੀ ਨੇਮ ਅਨੁਸਾਰ ਇਸ ਦਾ ਅਰਥ ਹੈ, ਮੁੱਖ-ਪੁਜਾਰੀ। ਸ਼੍ਰੋਮਣੀ ਕਮੇਟੀ ਵਲੋਂ 1968 ਵਿੱਚ ਤਖ਼ਤ ਐਲਾਨੇ ਦਮਦਮਾ ਸਾਹਿਬ ਨੂੰ ਭਾਰਤ ਸਰਕਾਰ ਨੇ ਸੈਕਸ਼ਨ 43 ਅਧੀਨ ਮਾਨਤਾ, ਮਨਿਸਟਰੀ ਔਫ ਹੋਮ ਅਫੇਰਜ਼ ਦੇ ਮਿਤੀ 23 ਅਪ੍ਰੈਲ 1999 ਦੇ ਨੋਟੀਫਿਕੇਸ਼ਨ ਨੰ. ਐਸ. ਓ. 281 (ਈ) ਰਾਹੀਂ ਦਿੱਤੀ, ਇਸ ਵਿੱਚ ਵੀ ਹੈਡ ਮਿਨਿਸਟਰ ਦਾ ਹੀ ਅਹੁਦਾ ਪ੍ਰਵਾਨ ਕੀਤਾ ਗਿਆ, ਕਿਸੇ ਜਥੇਦਾਰ ਦਾ ਨਹੀਂ। ਸਿੱਖ ਕੌਮ ਵਿੱਚ ਪੂਜਾ ਜਾਂ ਪੂਜਾਰੀ ਦਾ ਕੋਈ ਵਿਧਾਨ ਨਹੀਂ, ਇਸ ਲਈ ਸਿੱਖ ਸੰਦਰਭ ਵਿੱਚ, ਅਸੀਂ ਇਸ ਨੂੰ ਮੁੱਖ ਗ੍ਰੰਥੀ ਕਹਿ ਸਕਦੇ ਹਾਂ। ਇਹ ਇਸ ਤੋਂ ਵੀ ਸਪੱਸ਼ਟ ਹੈ ਕਿਉਂਕਿ ਇਸੇ ਐਕਟ ਦੇ ਭਾਗ 3, ਚੈਪਟਰ 6, ਸੈਕਸ਼ਨ 46 (6) ਅਨੁਸਾਰ ਬਾਕੀ ਗ੍ਰੰਥੀਆਂ ਵਾਸਤੇ ਮਿਨਿਸਟਰ ਸ਼ਬਦ ਵਰਤਿਆ ਗਿਆ ਹੈ। ਪਰ ਸ਼੍ਰੋਮਣੀ ਕਮੇਟੀ ਇਸ ਦਾ ਅਰਥ ਬਦੋਬਦੀ, ਜਥੇਦਾਰ ਕੱਢਣ ਦਾ ਯਤਨ ਕਰ ਰਹੀ ਹੈ, ਪਰ ਜਿਥੇ ਮਿਨਿਸਟਰ ਸ਼ਬਦ ਬਾਕੀ ਗ੍ਰੰਥੀਆਂ ਵਾਸਤੇ ਵਰਤਿਆ ਗਿਆ ਹੈ, ਇਹੀ ਹੈਡ ਮਿਨਿਸਟਰ ਸ਼ਬਦ ਦਰਬਾਰ ਸਾਹਿਬ ਵਾਸਤੇ ਵੀ ਵਰਤਿਆ ਗਿਆ ਹੈ, ਸੋ ਇਸ ਦਾ ਅਰਥ ਕਿਸੇ ਤਰ੍ਹਾਂ ਵੀ ਜਥੇਦਾਰ ਨਹੀਂ ਹੋ ਸਕਦਾ, ਅਸੀਂ ਇਸ ਨੂੰ ਮੁੱਖ ਗ੍ਰੰਥੀ ਹੀ ਕਹਿ ਸਕਦੇ ਹਾਂ।
    ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਉਸਾਰੂ ਸੋਚ ਅਪਨਾਉਣ ਦੀ ਲੋੜ ਹੈ ਤੇ ਉਹ ਧੱਕੇ ਨਾਲ ਅਕਾਲ ਤਖ਼ਤ ਸਾਹਿਬ ਉੱਪਰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਖਾਲਸਾ ਪੰਥ ਗੁਰੂ ਦੇ ਅਜ਼ਾਦ ਕੀਤੇ ਬੰਦਿਆਂ ਦਾ ਰਾਹ ਹੈ ਤੇ ਇਸ ਇਨਕਲਾਬ ਨੂੰ ਕੋਈ ਵੀ ਧਿਰ ਨਹੀਂ ਰੋਕ ਸਕਦੀ ਤੇ ਅਕਾਲੀ ਦਲ ਤੇ ਮਹਾਂਰਥੀ ਖਾਲਸਾ ਪੰਥ 'ਤੇ ਕਾਠੀ ਪਾਉਣ ਦੀ ਕੋਸ਼ਿਸ਼ ਨਾ ਕਰਨ। ਇਸ ਦੇ ਨਤੀਜੇ ਨਾ ਪੰਥ ਦੇ ਹਿੱਤ ਵਿਚ ਹੋਣਗੇ ਨਾ ਅਕਾਲੀ ਦਲ ਦੇ ਹਿੱਤ ਵਿਚ। ਸਮੁੱਚੇ ਪੰਥ ਨੂੰ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਬਾਰੇ ਸੋਚਣ ਦੀ ਲੋੜ ਹੈ।
ਰਜਿੰਦਰ ਸਿੰਘ ਪੁਰੇਵਾਲ