image caption:

ਗੇਅ ਸੈਕਸ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਕੇਵਿਨ ਸਪੇਸੀ ਦਾ ਕੋਈ ਥਹੁ-ਪਤਾ ਨਹੀਂ ਲੱਗਦਾ

ਵਾਸ਼ਿੰਗਟਨ- ਨਵੰਬਰ ਦੇ ਸ਼ੁਰੂ ਵਿੱਚ ਅਮਰੀਕਾ ਦੇ ਮਸ਼ਹੂਰ ਸਿਆਸੀ ਡਰਾਮੇ ਹਾਊਸ ਆਫ ਕਾਰਡਸ ਦੀ ਸਕਰੀਨਿੰਗ ਹੋਈ ਤਾਂ ਦਰਸ਼ਕਾਂ 'ਚ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ। ਪਹਿਲਾਂ ਇਹ ਸਭ ਤੋਂ ਹਿੱਟ ਮੰਨਿਆ ਜਾਣ ਵਾਲਾ ਸ਼ੋਅ ਸੀ। ਨੈਟਫਲਿਕਸ 'ਤੇ ਇਸ ਸੀਰੀਜ਼ ਨੂੰ ਬਹੁਤ ਹੀ ਲੋਕਪ੍ਰਿਅਤਾ ਮਿਲੀ ਸੀ। ਇਸ 'ਚ ਪ੍ਰੈਜ਼ੀਡੈਂਟ ਫ੍ਰੇਕ ਅੰਡਰਵੁੱਡ ਦੀ ਭੂਮਿਕਾ ਕੇਵਿਨ ਸਪੇਸੀ ਨੇ ਨਿਭਾਈ ਸੀ।
ਕੇਵਿਨ ਅਜਿਹੇ ਸਟਾਰ ਰਹੇ ਹਨ, ਜਿਨ੍ਹਾਂ ਨੂੰ ਦੋ ਵਾਰ ਆਸਕਰ ਐਵਾਰਡ ਮਿਲ ਚੁੱਕਾ ਹੈ, ਪਰ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦਾ ਸਿਤਾਰਾ ਇਸ ਤਰ੍ਹਾਂ ਡੁੱਬਿਆ ਕਿ ਅੱਜ ਤੱਕ ਉਨ੍ਹਾਂ ਦਾ ਥਹੁ-ਪਤਾ ਨਹੀਂ ਮਿਲ ਰਿਹਾ। ਕੇਵਿਨ 'ਤੇ ਅਕਤੂਬਰ 2017 'ਚ ਸੈਕਸ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਜੋ ਸਾਥੀ ਕਲਾਕਾਰਾਂ ਲਾਏ ਸਨ। ਇੱਕ ਬਾਲ ਕਲਾਕਾਰ ਨੇ ਵੀ ਅਜਿਹੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਵੀ ਮੰਗੀ। ਕੇਵਿਨ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਰਗੇ ਪ੍ਰਤਿਭਾਸ਼ਾਲੀ ਅਭਿਨੇਤਾ ਘੱਟ ਹੀ ਹਨ, ਪਰ ਉਨ੍ਹਾਂ ਦਾ ਮਾੜਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ 29 ਅਕਤੂਬਰ 2017 ਨੂੰ ਸਟਾਰ ਟਰੈਕ 'ਤੇ ਕੰਮ ਕਰ ਚੁੱਕੇ ਐਂਥਨੀ ਰੈਪ ਨੇ ਉਨ੍ਹਾਂ 'ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ। ਇਹ ਘਟਨਾ ਸਾਲ 1986 ਦੀ ਹੈ ਤੇ ਉਸ ਸਮੇਂ ਰੈਪ 14 ਸਾਲ ਦਾ ਸੀ। ਇਸ ਤੋਂ ਬਾਅਦ ਅੱਜ ਤੱਕ ਕੁੱਲ 30 ਲੋਕ ਕੇਵਿਨ 'ਤੇ ਅਜਿਹੇ ਦੋਸ਼ ਲਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਕੀਤੀ ਗਈ, ਪਰ ਲਾਸ ਏਂਜਲਸ ਅਤੇ ਲੰਡਨ ਦੀ ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੇਵਿਨ ਨੂੰ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ। ਉਨ੍ਹਾਂ ਨੂੰ ਆਖਰੀ ਵਾਰ ਪਿਛਲੇ ਸਾਲ ਐਰੀਜ਼ੋਨਾ ਦੇ ਮੀਡੋਜ਼ ਰੀਹੈਬ ਸੈਂਟਰ ਵਿੱਚ ਦੇਖਿਆ ਗਿਆ ਸੀ। ਉਹ ਕਿੱਥੇ ਹਨ, ਇਸ ਬਾਰੇ ਉਨ੍ਹਾਂ ਦੇ ਕਰੀਬੀ ਵੀ ਦੱਸ ਨਹੀਂ ਸਕਦੇ। ਕੇਵਿਨ ਕੋਲ ਅਥਾਹ ਦੌਲਤ ਹੈ, ਪਰ ਸਵਾਲ ਇਹ ਹੈ ਕਿ ਕੀ ਉਹ ਆਪਣੀ ਪਛਾਣ ਲੁਕੋ ਕੇ ਕਿਤੇ ਰਹਿ ਰਹੇ ਹਨ। ਉਂਝ ਕੇਵਿਨ ਨੇ ਖੁੱਲ੍ਹੇ ਤੌਰ 'ਤੇ ਇਹ ਮੰਨਿਆ ਕਿ ਉਹ ਗੇਅ ਹੈ ਤੇ ਉਸ ਦੇ ਬਹੁਤ ਸਾਰੇ ਗੇਅ ਲੋਕਾਂ ਨਾਲ ਸੰਬੰਧ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸੈਕਸ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਕਿਸੇ ਰੀਹੈਬ ਸੈਂਟਰ 'ਚ ਹਨ, ਪਰ ਸਾਫ ਕੁਝ ਵੀ ਪਤਾ ਨਹੀਂ ਚੱਲ ਰਿਹਾ ਕਿ ਕੇਵਿਨ ਹੈ ਕਿੱਥੇ?