image caption:

ਰੂਸ ਦਾ ਸੋਯੂਜ਼ ਤਿੰਨ ਜਣਿਆਂ ਸਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾ ਪੁੱਜਾ

ਵਾਸ਼ਿੰਗਟਨ- ਰੂਸ ਦਾ ਸੋਯੂਜ਼ ਪੁਲਾੜ ਯਾਨ ਤਿੰਨ ਪੁਲਾੜ ਯਾਤਰੀਆਂ ਨਾਲ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ ਐੱਸ ਐੱਸ) ਉੱਤੇ ਪੁੱਜ ਗਿਆ। ਅਕਤੂਬਰ ਮਹੀਨੇ ਇਸ ਦੀ ਆਈ ਐੱਸ ਐੱਸ ਮੁਹਿੰਮ ਉਡਾਣ ਭਰਨ ਦੇ ਕੁਝ ਦੇਰ ਪਿੱਛੋਂ ਤਕਨੀਕੀ ਖ਼ਾਮੀਆਂ ਕਾਰਨ ਨਾਕਾਮ ਹੋ ਗਈ ਸੀ ਅਤੇ ਉਸ ਨੂੰ ਫਿਰ ਧਰਤੀ ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪੈ ਗਈ ਸੀ।
ਸੋਯੂਜ਼ ਅਮਰੀਕਾ ਦੇ ਐੱਨ ਮੈਕਕਲੇਨ, ਕੈਨੇਡਾ ਦੇ ਡੇਵਿਡ ਸੇਂਟ ਜੈਕਸ ਅਤੇ ਰੂਸ ਦੇ ਓਲੇਗ ਕੋਨੋਨੈਂਕੋ ਨਾਲ ਆਈ ਐੱਸ ਐੱਸ ਉੱਤੇ ਪੁੱਜਾ ਹੈ। ਮੈਕਕਲੇਨ ਅਤੇ ਜੈਕਸ ਪਹਿਲੀ ਵਾਰ ਅਤੇ ਕੋਨੋਨੈਂਕੋ ਚੌਥੀ ਵਾਰ ਆਈ ਐੱਸ ਐੱਸ ਪੁੱਜੇ ਹਨ। ਛੇ ਮਹੀਨੇ ਲੰਬੇ ਮਿਸ਼ਨ ਦੌਰਾਨ ਤਿੰਨੇ ਜਣੇ ਆਈ ਐੱਸ ਐੱਸ ਉੱਤੇ ਜੀਵ ਵਿਗਿਆਨ ਅਤੇ ਫਿਜਿ਼ਕਸ ਤਜਰਬੇ ਕਰਨਗੇ। ਇਸ ਦੌਰਾਨ ਉਹ ਧਰਤੀ ਦੇ ਜੰਗਲਾਂ ਦਾ ਅਧਿਐਨ ਕਰਨ ਦੇ ਨਾਲ ਹੀ ਸੈਟੇਲਾਈਟਾਂ ਨੂੰ ਤਾਇਨਾਤ ਕਰਨ ਦੇ ਤਜਰਬੇ ਵੀ ਕਰਨਗੇ। ਇਨ੍ਹਾਂ ਤਿੰਨਾਂ ਦੇ ਨਾਲ ਅਜੇ ਮੁਹਿੰਮ-57 ਦੇ ਤਿੰਨ ਮੈਂਬਰ ਆਈ ਐੱਸ ਐੱਸ ''ਤੇ ਮੌਜੂਦ ਹਨ।
ਅਕਤੂਬਰ ਵਿਚ ਉਡਾਣ ਭਰਨ ਪਿੱਛੋਂ ਬੂਸਟਰ ਫੇਲ੍ਹ ਹੋਣ ਕਾਰਨ ਸੋਯੂਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਇਸ ਯਾਨ ਦੀ ਕੋਈ ਮੁਹਿੰਮ ਨਾਕਾਮ ਹੋਈ ਸੀ। ਉਸ ਮੁਹਿੰਮ ਵਿਚ ਸ਼ਾਮਲ ਅਮਰੀਕੀ ਪੁਲਾੜ ਯਾਤਰੀ ਨਿਕ ਹੇਗ ਨੂੰ ਅਗਲੇ ਸਾਲ ਫਰਵਰੀ ਵਿਚ ਆਈ ਐੱਸ ਐੱਸ ''ਤੇ ਭੇਜਿਆ ਜਾਵੇਗਾ।