image caption: ਤਸਵੀਰ: ਗੁਰੂ ਨਾਨਕ ਡੇਅ ਸੈਂਟਰ ਗ੍ਰੈਵਜ਼ੈਂਡ ਅਤੇ ਮਿਲਨ ਡੇਅ ਸੈਂਟਰ ਡਾਰਟਫੋਰਡ ਦੀ 25ਵੀਂ ਵਰ੍ਹੇ ਗੰਢ ਮੌਕੇ ਸੰਗਤਾਂ

ਗੁਰੂ ਨਾਨਕ ਡੇਅ ਸੈਂਟਰ ਗ੍ਰੈਵਜ਼ੈਂਡ ਅਤੇ ਮਿਲਨ ਡੇਅ ਸੈਂਟਰ ਡਾਰਟਫੋਰਡ ਦੀ 25ਵੀਂ ਵਰ੍ਹੇ ਗੰਢ ਮਨਾਈ

ਗ੍ਰੇਵਜ਼ੈਂਡ (ਪੰਜਾਬ ਟਾਈਮਜ਼) - ਬੀਤੇ ਦਿਨੀਂ ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਗੁਰੂ ਨਾਨਕ ਡੇਅ ਸੈਂਟਰ ਗ੍ਰੈਵਜ਼ੈਂਡ ਅਤੇ ਮਿਲਨ ਡੇਅ ਸੈਂਟਰ ਡਾਰਟਫੋਰਡ ਦੀ 25ਵੀਂ ਵਰ੍ਹੇ ਗੰਢ ਮਨਾਈ ਗਈ । ਯਾਦ ਰਹੇ ਇਹ ਦੋਵੇਂ ਡੇਅ ਸੈਂਟਰ ਬਜ਼ੁਰਗਾਂ ਦੀ ਦੇਖਭਾਲ ਅਤੇ ਉਹਨਾਂ ਦੇ ਮਿਲ ਬੈਠਣ ਲਈ ਬਣਾਏ ਗਏ ਸਨ, ਜੋ ਢਾਈ ਦਹਾਕਿਆਂ ਤੋਂ ਭਾਈਚਾਰੇ ਦੀ ਸੇਵਾ ਕਰ ਰਹੇ ਹਨ ।
  ਇਸ ਵਾਸਤੇ ਮੰਗਲਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਕੇ ਵੀਰਵਾਰ ਸਵੇਰੇ ਸ੍ਰੀ ਅਖੰਡਪਾਠ ਦਾ ਭੋਗ ਪਾਇਆ ਗਿਆ । ਉਪਰੰਤ ਡੇਅ ਸੈਂਟਰ ਦੇ ਸਟਾਫ ਅਤੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੇ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਜੈਬ ਸਿੰਘ ਚੀਮਾ ਅਤੇ ਕੌਂਸਲਰ ਤੇ ਕੈਂਟ ਕਾਊਂਟੀ ਕੌਂਸਲ ਦੇ ਕੈਬਨੈØੱਟ ਮੈਂਬਰ ਗਰੈਹਮ ਗਿਬਨਜ਼ ਨੇ ਕੇਕ ਕੱਟ ਕੇ 25ਵੀਂ ਵਰ੍ਹੇਗੰਢ ਦੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ । ਕੌਂਸਲਰ ਗਰੈਹਮ ਗਿਬਨਜ਼ ਨੇ ਕਿਹਾ ਕਿ ਬਜ਼ੁਰਗਾਂ ਦੀ ਦੇਖ ਭਾਲ ਅਤੇ ਉਹਨਾਂ ਦੀ ਮਦਦ ਲਈ ਡੇਅ ਸੈਂਟਰਾਂ ਵੱਲੋਂ ਕੀਤੇ ਕੰਮ ਸ਼ਲਾਘਾਯੋਗ ਹਨ ।
 ਇਸ ਮੌਕੇ ਗ੍ਰੇਵਸ਼ੈਮ ਦੇ ਐਮ ਪੀ ਐਡਮ ਹੌਲੋਵੇਅ, ਕੌਂਸਲਰ ਡੈਵਿਡ ਮੋਟੇ ਮੇਅਰ ਡਾਰਟਫੋਰਡ, ਕੌਂਸਲਰ ਬਲਬੀਰ ਸਿੰਘ ਸੰਘਾ ਨੇ ਡੇਅ ਸੈਂਟਰਾਂ ਦੀਆਂ ਸੇਵਾਵਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਕਾਰਨ ਇਹਨਾਂ ਸਥਾਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਡੇਅ ਸੈਂਟਰ ਦੀਆਂ ਦੋ ਬੀਬੀਆਂ ਜਸਵੰਤ ਕੌਰ ਵਿਰਦੀ ਅਤੇ ਮਿਸਿਜ਼ ਜਗੀਰ ਕੌਰ ਰਾਣਾ ਨੇ ਕਿਹਾ ਕਿ ਇਹਨਾਂ ਡੇਅ ਸੈਂਟਰਾਂ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਅਹਿਮ ਤਬਦੀਲੀ ਲਿਆਂਦੀ ਹੈ, ਉਹਨਾਂ ਨੂੰ ਜ਼ਿੰਦਗੀ ਦੇ ਔਖੇ ਸਮੇਂ ਮਿਲੀ ਸਹਾਇਤਾ ਨਾਲ ਉਹ ਹੁਣ ਚੰਗੀ ਜ਼ਿੰਦਗੀ ਜੀਅ ਰਹੀਆਂ ਹਨ । ਦੋਵੇਂ ਸੈਂਟਰਾਂ ਵਿੱਚ ਚੱਲ ਰਹੇ ਕੰਮਾਂ ਅਤੇ ਹੋ ਰਹੀ ਸੇਵਾ ਸਬੰਧੀ ਇਸ ਮੌਕੇ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸਟਾਲ ਲਗਾ ਕੇ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ । ਵੀਰਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੀਆਂ ਚੈਰਿਟੀ ਸੰਸਥਾਵਾਂ ਨੇ ਆਪਣੀਆਂ ਸੇਵਾਵਾਂ ਬਾਰੇ ਸਟਾਲ ਲਾਏ ਹੋਏ ਸਨ, ਜਿਹਨਾਂ ਵਿੱਚ ਵੰਨ ਯੂ/ਦਾ ਗਰੈਂਡ, ਰੀਥਿੰਕ ਸਹਾਇਕ, ਅਲਜ਼ਾਈਮਰਜ਼ ਐਂਡ ਡਿਮੈਂਸ਼ੀਆ ਸੁਪੋਰਟ ਸਰਵਿਸਿਜ਼, ਡਾਇਬਟੀਜ਼ ਯੂ ਕੇ, ਕੈਂਟ ਓਨਕੋਲੋਜੀ ਸੈਂਟਰ, ਕੈਂਟ ਐਂਡ ਮਿਡਵੇਅ ਕੈਂਸਰ ਕੋਲਾਬੋਰੇਟਿਵ ਐਂਡ ਕੈਂਟ ਪੁਲੀਸ ਆਦਿ ਸ਼ਾਮਿਲ ਹਨ ।