image caption:

ਭਾਰਤ ਸਰਕਾਰ ਦੇ ਸਾਬਕਾ ਕੋਲਾ ਸਕੱਤਰ ਗੁਪਤਾ ਸਮੇਤ ਪੰਜਾਂ ਨੂੰ ਕੈਦ ਦੀੰ ਸਜ਼ਾ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਡਾਕਟਰ ਮਨਮੋਹਨ ਸਿੰਘ ਦੀ ਪਹਿਲੀ ਯੂ ਪੀ ਏ ਸਰਕਾਰ ਦੇ ਦੌਰਾਨ ਕੋਲਾ ਬਲਾਕਾਂ ਦੀ ਅਲਾਟਮੈਂਟ ਵਿੱਚ ਹੋਏ ਘੁਟਾਲੇ ਦੇ ਕੇਸ ਵਿੱਚ ਸਾਬਕਾ ਕੋਲਾ ਸਕੱਤਰ ਐੱਚ ਸੀ ਗੁਪਤਾ ਤੇ ਦੋ ਹੋਰ ਵੱਡੇ ਅਫਸਰਾਂ ਕੇ ਐਸ ਕਰੋਫਾ ਅਤੇ ਕੇ ਸੀ ਸਾਮਰੀਆ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਹੈ। ਇਨ੍ਹਾਂ ਤਿੰਨਾਂ ਜਣਿਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਸਜ਼ਾ ਦਾ ਸਮਾਂ ਚਾਰ ਸਾਲਾਂ ਤੋਂ ਘੱਟ ਹੋਣ ਕਰਕੇ ਇਨ੍ਹਾਂ ਸਾਰੇ ਮੁਜਰਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਇਸ ਕੇਸ ਦੇ ਸਪੈਸ਼ਲ ਜੱਜ ਭਾਰਤ ਪ੍ਰਾਸ਼ਰ ਨੇ ਕੇਸ ਵਿੱਚ ਹੋਰ ਦੋਸ਼ੀਆਂ ਵਿਕਾਸ ਮੈਟਲਜ਼ ਐਂਡ ਪਾਵਰ ਲਿਮਟਿਡ (ਵੀ ਐਮ ਪੀ ਐਲ) ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਪਾਟਨੀ ਅਤੇ ਕੰਪਨੀ ਦੇ ਸਿਗਨੇਟਰੀ ਆਨੰਦ ਮਲਿਕ ਨੂੰ ਚਾਰ-ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪਾਟਨੀ ਨੂੰ 25 ਲੱਖ ਰੁਪਏ ਤੇ ਮਲਿਕ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਭਰਨ ਨੂੰ ਕਿਹਾ ਗਿਆ ਹੈ। ਸਜ਼ਾ ਦੇ ਐਲਾਨ ਤੋਂ ਫੌਰੀ ਬਾਅਦ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੋਰਟ ਨੇ ਕੰਪਨੀ ਉੱਤੇ ਵੀ ਇਕ ਲੱਖ ਰੁਪਏ ਜੁਰਮਾਨਾ ਲਾਇਆ ਹੈ। ਕੋਲ ਬਲਾਕਾਂ ਦੀ ਅਲਾਟਮੈਂਟ ਵਿੱਚ ਬੇਨੇਮੀਆਂ ਦਾ ਇਹ ਮਾਮਲਾ ਵੀ ਐਮ ਪੀ ਐਲ ਕੰਪਨੀ ਨੂੰ ਪੱਛਮੀ ਬੰਗਾਲ ਦੇ ਮੋਇਰਾ ਤੇ ਮਧੂਜੋਰੇ ਵਿੱਚ ਅਲਾਟ ਹੋਏ ਕੋਲਾ ਬਲਾਕਾਂ ਨਾਲ ਸਬੰਧਤ ਹੈ।