image caption:

ਮੈਕਸਿਕੋ ਸਰਹੱਦ 'ਤੇ ਕੰਧ ਬਣਾਉਣ ਦਾ ਮਾਮਲਾ : ਟਰੰਪ ਨੇ ਡੈਮੋਕਰੇਟ ਨੇਤਾਵਾਂ ਦੇ ਨਾਲ ਅੱਧ ਵਿਚਾਲੇ ਛੱਡੀ ਬੈਠਕ

ਵਾਸ਼ਿੰਗਟਨ-  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਵਿਵਾਦਤ ਅਮਰੀਕੀ-ਮੈਕਸਿਕੋ ਸਰਹੱਦ 'ਤੇ ਕੰਧ ਯੋਜਨਾ ਦੇ ਲਈ 5.7 ਅਰਬ ਡਾਲਰ ਦਾ ਫੰਡ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸੀਨੀਅਰ ਡੈਮੋਕਰੇਟਿਕ ਨੇਤਾਵਾਂ ਨੈਂਸੀ ਪੇਲੋਸੀ ਅਤੇ ਚੱਕ ਸ਼ੁਮਰ ਦੇ ਨਾਲ ਬੈਠਕ ਅੱਧ ਵਿਚਾਲੇ ਛੱਡ ਕੇ ਚਲੇ ਗਏ। ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਪਾਰਟੀ ਵਲੋਂ ਫੰਡ ਦੇਣ ਲਈ ਰਾਜ਼ੀ ਨਹੀਂ ਹੋਣ ਦੀ ਸਥਿਤੀ ਵਿਚ ਕੌਮੀ ਐਮਰਜੈਂਸੀ ਲਾਗੂ ਕਰਨ ਦੀ ਧਮਕੀ ਦਿੱਤੀ ਸੀ। ਤਾਕਿ ਉਹ ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਦੇ ਲਈ ਕੰਧ ਜਾਂ ਬੈਰੀਅਰ ਬਣਾਉਣ ਦੀ ਅਪਣੀ ਯੋਜਨਾ ਨੂੰ ਪੂਰਾ ਕਰ ਸਕਣ। ਟਰੰਪ ਨੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਅਤੇ ਚਕ ਸ਼ੁਮਰ ਤੋਂ ਪੁਛਿਆ ਕਿ ਜੇਕਰ ਮਾਮੂਲੀ ਤੌਰ 'ਤੇ ਬੰਦ ਪਏ ਸਰਕਾਰੀ ਕੰਮਕਾਜ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੀ ਉਹ ਅਗਾਮੀ 30 ਦਿਨਾਂ ਵਿਚ ਸਰਹੱਦੀ ਕੰਧ ਦੇ ਲਈ ਫੰਡ ਜਾਰੀ ਕੀਤੇ ਜਾਣ ਦੇ ਕਦਮ ਦਾ ਸਮਰਥਨ ਕਰਨਗੇ। ਪੇਲੋਸੀ ਨੇ ਜਦ ਨਹੀਂ ਵਿਚ ਇਸ ਦਾ ਜਵਾਬ ਦਿੱਤਾ ਤਾਂ ਟਰੰਪ Îਨਿਰਾਸ਼ ਹੋ ਗਏ। ਨਿਰਾਸ਼ ਟਰੰਪ ਨੇ ਟਵੀਟ ਕੀਤਾ, ਮੈਂ ਚੱਕ ਅਤੇ ਨੈਂਸੀ ਦੇ ਨਾਲ ਬੈਠਕ ਅੱਧ ਵਿਚਾਲੇ ਛੱਡ ਕੇ ਆ ਗਿਆ, ਜੋ ਕਿ ਸਮੇਂ ਦੀ ਪੂਰੀ ਬਰਬਾਦੀ ਸੀ। ਮੈਂ ਪੁੱਛਿਆ ਕਿ ਜੇਕਰ ਅਸੀਂ ਕੰਮਕਾਜ ਮੁੜ ਤੋਂ ਸ਼ੁਰੂ ਕਰ ਦੇਈਏ ਤਾਂ 30 ਦਿਨ ਵਿਚ ਕੀ ਆਪ ਕੰਧ ਜਾਂ ਸਟੀਲ ਬੈਰੀਅਰ ਸਮੇਤ ਸੀਮਾ ਸੁਰੱਖਿਆ ਨੂੰ ਮਨਜ਼ੂਰੀ ਦੇਣਗੇ? ਨੈਂਸੀ ਨੇ ਕਿਹਾ, ਨਹੀਂ। ਉਸ ਸਮੇਂ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਸੀ, ਮੈਂ ਅਲਵਿਦਾ ਆਖ ਦਿੱਤਾ। ਟਰੰਪ ਦੇ ਬੈਠਕ ਵਿਚਾਲੇ ਛੱਡ ਕੇ ਚਲੇ ਜਾਣ ਕਾਰਨ ਅਮਰੀਕਾ ਵਿਚ ਸਿਆਸੀ ਅਸਥਿਰਤਾ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਟਰੰਪ ਦੇ ਇਸ ਤਰ੍ਹਾਂ ਬੈਠਕ ਛੱਡ ਕੇ ਜਾਣ ਤੋਂ ਬਾਅਦ ਨੈਂਸੀ ਅਤੇ ਸ਼ੁਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਡੈਮੋਕਰੇਟਿਕ ਪਾਰਟੀ ਦੇ ਨੇਤਾ ਕਿਸੇ ਵੀ  ਹਾਲ ਵਿਚ ਸਰਹੱਦੀ ਕੰਧ ਦੇ ਲਈ  ਫੰਡ  ਅਲਾਟ ਕਰਨ ਦੇ ਇੱਛੁਕ ਨਹੀਂ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਪਾਰਟੀ ਇਸ ਮਾਮਲੇ ਵਿਚ ਅਪਣਾ ਸਖ਼ਤ ਰੁਖ ਨਹੀਂ ਬਦਲੇਗੀ।
ਚੱਕ ਸ਼ੁਮਰ ਨੇ ਕਿਹਾ ਕਿ ਟਰੰਪ ਦੀ ਗੱਲ ਨਹੀਂ ਮੰਨੀ ਗਈ ਅਤੇ  ਉਹ ਬੈਠਕ ਤੋਂ ਚਲੇ ਗਏ। ਇਸ ਤੋਂ ਪਹਿਲਾਂ ਟਰੰਪ ਨੇ ਬੁਧਵਾਰ ਨੂੰ ਕਿਹਾ ਕਿ ਕੌਮੀ ਐਮਰੀਜੈਂਸੀ ਲਗਾਉਣਾ ਆਖਰੀ ਵਿਕਲਪ ਹੈ ਲੇਕਿਨ ਜੇਕਰ ਵਿਰੋਧੀ ਦਲ ਦੇ ਨੇਤਾ ਸਰਹੱਦ 'ਤੇ ਕੰਧ ਲਈ ਫੰਡ ਅਲਾਟ ਨਹੀਂ ਕਰਦੇ ਤਾਂ ਉਹ ਐਮਰਜੈਸੀ ਲਾਗੂ ਕਰ ਸਕਦੇ ਹਨ।