image caption:

ਤਾਲਿਬਾਨ ਵੱਲੋਂ ਅਮਰੀਕੀ ਪ੍ਰਤੀਨਿਧਾਂ ਨਾਲ ਅਮਨ ਗੱਲਬਾਤ ਰੱਦ

ਲਾਹੌਰ,- ਅਮਰੀਕੀ ਪ੍ਰਤੀਨਿਧਾਂ ਨਾਲ ਕੱਲ੍ਹ ਤੋਂ ਕਤਰ ਵਿੱਚ ਸ਼ੁਰੂ ਹੋਣ ਵਾਲੀ ਦੋ ਦਿਨਾਂ ਸ਼ਾਂਤੀ ਗੱਲਬਾਤ ਅਫਗਾਨ ਤਾਲਿਬਾਨ ਨੇ ਰੱਦ ਕਰ ਦਿੱਤੀ ਹੈ। ਉਨ੍ਹਾਂ ਨੇ ਗੱਲਬਾਤ 'ਚ ਅਫਗਾਨ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਮੰਗ ਅਤੇ ਜੰਗਬੰਦੀ ਅਤੇ ਕੈਦੀਆਂ ਦੇ ਤਬਾਦਲੇ ਦੇ ਏਜੰਡੇ 'ਤੇ ਮੱਤਭੇਦਾਂ ਨੂੰ ਕਾਰਨ ਦੱਸਿਆ ਹੈ।
ਵਰਨਣ ਯੋਗ ਹੈ ਕਿ ਤਾਲਿਬਾਨ ਨੇ ਇਸ ਤੋਂ ਪਹਿਲਾਂ ਸਾਊਦੀ ਅਰਬ ਨਾਲ ਵੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਸੀ। ਸਾਊਦੀ ਅਰਬ ਨੇ ਸ਼ਾਂਤੀ ਗੱਲਬਾਤ ਵਿੱਚ ਅਫਗਾਨਿਸਤਾਨ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਇਸ ਬਾਰੇ ਕਾਬੁਲ 'ਚ ਨਿਯੁਕਤ ਅਮਰੀਕੀ ਰਾਜਦੂਤ ਜੌਨ ਬਾਸ ਨੇ ਕੱਲ੍ਹ ਆਪਣੇ ਟਵੀਟ 'ਚ ਲਿਖਿਆ ਕਿ ਤਾਲਿਬਾਨ ਨੂੰ ਅਫਗਾਨ ਨਾਲ ਵੀ ਓਦਾਂ ਹੀ ਗੱਲ ਕਰਨੀ ਚਾਹੀਦੀ ਹੈ, ਜਿਵੇਂ ਮੀਡੀਆ ਨਾਲ ਕਰਦੇ ਹਨ। ਸਾਲ 2001 ਤੋਂ ਯੁੱਧ ਪ੍ਰਭਾਵਿਤ ਅਫਗਾਨਿਸਤਾਨ 'ਚ ਇਸ ਸਮੇ ਤਕਰੀਬਨ 14 ਹਜ਼ਾਰ ਅਮਰੀਕੀ ਫੌਜੀ ਤਾਇਨਾਤ ਹਨ। ਤਾਲਿਬਾਨ ਇਨ੍ਹਾਂ ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿੱਛੇ ਜਿਹੇ ਲਗਭਗ ਸੱਤ ਹਜ਼ਾਰ ਫੌਜੀਆਂ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਅਧਿਕਾਰੀ ਕਤਰ 'ਚ ਅਫਗਾਨ ਅਫਸਰਾਂ ਨਾਲ ਮਿਲਣ ਲਈ ਜ਼ੋਰ ਦੇ ਰਹੇ ਸਨ। ਦੋਵਾਂ ਪਾਸਿਓਂ ਅਫਗਾਨਿਸਤਾਨ 'ਚ ਇਸ ਸਾਲ ਜੰਗਬੰਦੀ ਦਾ ਐਲਾਨ ਕਰਨ ਨੂੰ ਲੈ ਕੇ ਵਿਵਾਦ ਉਭਰੇ ਸਨ ਅਤੇ ਇਸ ਤੋਂ ਬਾਅਦ ਦੋਵੇਂ ਧਿਰਾਂ ਕਤਰ 'ਚ ਮੁਲਾਕਾਤ ਨਾ ਕਰਨ 'ਤੇ ਸਹਿਮਤ ਹੋਈਆਂ ਸਨ। ਤਾਲਿਬਾਨ ਨੇ ਅਮਰੀਕਾ ਨੂੰ 25 ਹਜ਼ਾਰ ਕੈਦੀਆਂ ਨੂੰ ਛੱਡਣ ਲਈ ਕਿਹਾ ਸੀ, ਜਦ ਕਿ ਅਮਰੀਕਾ ਸਿਰਫ ਤਿੰਨ ਹਜ਼ਾਰ ਨੂੰ ਹੀ ਛੱਡਣਾ ਚਾਹੁੰਦਾ ਹੈ।