image caption:

ਅਸ਼ਲੀਲ ਵੀਡੀਓ ਕਾਂਡ ਕਰਕੇ ਘੁਬਾਇਆ ਤੋਂ ਖੁੱਸੇਗੀ ਅਕਾਲੀ ਦਲ ਦੀ ਲੋਕ ਸਭਾ ਟਿਕਟ

ਚੰਡੀਗੜ੍ਹ: ਅਕਾਲੀ ਦਲ ਦੀ ਟਿਕਟ ਤੋਂ ਸਾਲ 2014 ਵਿੱਚ ਸੰਸਦ ਮੈਂਬਰ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਤੋਂ ਕੋਰਾ ਜਵਾਬ ਮਿਲ ਗਿਆ ਹੈ। ਪਾਰਟੀ ਨੇ ਪ੍ਰੈਸ ਬਿਆਨ ਰਾਹੀਂ ਘੁਬਾਇਆ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਅਸ਼ਲੀਲ ਵੀਡੀਓ ਤੇ ਸਰਗਰਮ ਸਿਆਸਤ ਨਾ ਕੀਤੇ ਜਾਣ ਨੂੰ ਕਾਰਨ ਦੱਸਿਆ ਗਿਆ ਹੈ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਘੁਬਾਇਆ ਬਾਰੇ ਵਾਇਰਲ ਹੋਈ ਵੀਡਿਓ ਨੇ ਘੁਬਾਇਆ ਦੇ ਨੈਤਿਕ ਮਿਆਰ 'ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਅਜਿਹੇ ਸਿਆਸਤਦਾਨਾਂ ਨੂੰ ਟਿਕਟ ਨਹੀਂ ਦਿੰਦੀ ਹੈ, ਜਿਹੜੇ ਉੱਚੇ-ਸੁੱਚੇ ਆਚਰਣ ਦੀ ਸ਼ਰਤ ਪੂਰੀ ਨਹੀਂ ਕਰਦੇ ਹਨ।

ਹਾਲਾਂਕਿ, ਘੁਬਾਇਆ ਨੇ ਕਿਹਾ ਸੀ ਕਿ ਉਹ ਸੁਖਬੀਰ ਬਾਦਲ ਦੀ ਅਗਵਾਈ ਅਧੀਨ ਲੋਕ ਸਭਾ ਚੋਣਾਂ ਨਹੀਂ ਲੜ ਸਕਦੇ। ਘੁਬਾਇਆ ਦਾ ਇਹ ਬਿਆਨ ਉਦੋਂ ਆਇਆ ਸੀ ਜਦ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਕਈ ਅਕਾਲੀ ਲੀਡਰਾਂ ਨੇ ਸਵਾਲ ਚੁੱਕੇ ਸਨ। ਸੇਖੋਂ ਤੇ ਜ਼ੀਰਾ ਨੇ ਕਿਹਾ ਕਿ ਘੁਬਾਇਆ ਜਾਣਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਜਾਵੇਗੀ, ਇਸ ਲਈ ਉਹ ਨਮੋਸ਼ੀ ਤੋਂ ਬਚਣ ਲਈ ਅਜਿਹੇ ਬਿਆਨ ਦੇ ਰਹੇ ਹਨ।