image caption:

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਨਿਯੁਕਤੀ ਵਿਰੁੱਧ ਹਾਈ ਕੋਰਟ ਵਿੱਚ ਚੁਣੌਤੀ

ਚੰਡੀਗੜ੍ਹ- ਕਰੀਬ 22 ਸਾਲ ਪਹਿਲਾਂ ਮਾਰੇ ਗਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਤਰਸ ਦੇ ਆਧਾਰ ਉੱਤੇ ਪੰਜਾਬ ਪੁਲੀਸ ਵਿੱਚ ਡੀ ਐਸ ਪੀ ਵਜੋਂ ਨਿਯੁਕਤੀ ਨੂੰ ਹੁਣ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਇਸ ਅਹੁਦੇ ਲਈ ਗੁਰਇਕਬਾਲ ਦੇ ਅਯੋਗ ਹੋਣ ਬਾਰੇ ਪਟੀਸ਼ਨ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਸੁਣਵਾਈ ਲਈ 5 ਦਸੰਬਰ ਤੈਅ ਕੀਤੀ ਹੈ।
ਗੁਰਇਕਬਾਲ ਸਿੰਘ ਦੀ ਨਿਯੁਕਤੀ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਤਰਨ ਤਾਰਨ ਦੇ ਪ੍ਰਵੀਨ ਕੁਮਾਰ ਨੇ ਪੇਸ਼ ਕੀਤੀ ਅਤੇ ਦਾਅਵਾ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਉਸ ਪਰਿਵਾਰ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੀ ਲੋੜ ਨਹੀਂ, ਕਿਉਂਕਿ ਉਨ੍ਹਾਂ ਦਾ ਵਿੱਤੀ ਤੇ ਰਾਜਸੀ ਰੁਤਬਾ ਆਸਮਾਨ ਛੂੰਹਦਾ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਦਾ ਦਾਅਵਾ ਕਰਦੇ ਹੋਏ ਪਟੀਸ਼ਨਰ ਨੇ ਦਾਅਵਾ ਕੀਤਾ ਕਿ ਉਹ ਸਿੱਖ ਕਤਲੇਆਮ ਦੇ ਪੀੜਤਾਂ ਦੀ ਭਲਾਈ ਲਈ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਗੁਰਇਕਬਾਲ ਸਿੰਘ ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਛੋਟਾ ਭਰਾ ਹੈ ਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਉਸ ਦੇ ਤਾਏ ਦਾ ਪੁੱਤ ਹੈ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦੇ ਹਵਾਲੇ ਨਾਲ ਪਟੀਸ਼ਨਰ ਨੇ ਦਾਅਵਾ ਕੀਤਾ ਕਿ ਗੁਰਇਕਬਾਲ ਸਿੰਘ ਦੀ ਨਿਯੁਕਤੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਹਰੀ ਝੰਡੀ ਦਿੱਤੀ ਅਤੇ ਇਸ ਨਿਯੁਕਤੀ ਲਈ ਨਿਯਮਾਂ ਨੂੰ ਉਲੰਘਿਆ ਗਿਆ ਹੈ। ਪੰਜਾਬ ਵਿੱਚ ਡੀ ਐਸ ਪੀ ਦੀ ਸਿੱਧੀ ਭਰਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਦੀ ਵੀ ਉਲੰਘਣਾ ਹੋਈ ਹੈ।