image caption:

ਕਾਂਗਰਸ ਵੱਲੋਂ ਟਰੈਕਟਰ ਰੈਲੀ ਦਾ ਵਿਸ਼ਵ ਰਿਕਾਰਡ ਬਣਾਉਣ ਦੀ ਤਿਆਰੀ, 2000 ਟੈਰਕਟਰ ਲੈਣਗੇ ਹਿੱਸਾ

ਗੁਰਦਾਸਪੁਰ: ਕਾਂਗਰਸ ਨਸ਼ਿਆਂ ਖਿਲਾਫ ਦੁਨੀਆਂ ਦੀ ਸਭ ਤੋਂ ਵੱਡੀ ਟਰੈਕਟਰ ਰੈਲੀ ਕਰਨ ਦੀ ਤਿਆਰੀ ਕਰ ਰਹੀ ਹੈ। ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਬਟਾਲਾ ਨਿਵਾਸੀ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕਰਕੇ ਵਿਸ਼ਵ ਰਿਕਾਰਡ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਪੂਰੀ ਦੁਨੀਆਂ ਨੂੰ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੱਤਾ ਜਾਏਗਾ।

ਸੇਖੜੀ ਨੇ ਦੱਸਿਆ ਕਿ ਵਿਸ਼ਵਾ ਮਿੱਤਰ ਸੇਖੜੀ ਕਾਲਜ ਬਟਾਲਾ ਤੋਂ 9 ਫਰਵਰੀ ਨੂੰ ਸਵੇਰੇ 11 ਵਜੇ ਟਰੈਕਟਰ ਰੈਲੀ ਸ਼ੁਰੂ ਹੋਵੇਗੀ ਤੇ ਇਸ ਵਿੱਚ 2000 ਤੋਂ ਵੱਧ ਟਰੈਕਟਰ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 1650 ਪ੍ਰਾਈਵੇਟ ਅਨਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਨੂੰ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਲਜਾਂ ਵੱਲੋਂ 10 ਲੱਖ ਵਿਦਿਆਰਥੀਆਂ ਨੂੰ ਪਹਿਲਾਂ ਹੀ ਨਸ਼ਿਆਂ ਵਿਰੱਧ ਮੁਹਿੰਮ ਵਿੱਚ ਲਾਮਬੱਧ ਕੀਤਾ ਜਾ ਚੁੱਕਾ ਹੈ। ਇਸ ਟਰੈਕਟਰ ਰੈਲੀ ਨਾਲ ਪੂਰੀ ਦੁਨੀਆਂ ਤੱਕ ਨਸ਼ਿਆਂ ਤੋਂ ਰਹਿਤ ਹੋਣ ਦਾ ਹੋਕਾ ਦਿੱਤਾ ਜਾਵੇਗਾ।

ਸੇਖੜੀ ਨੇ ਦੱਸਿਆ ਕਿ ਟਰੈਕਟਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਵਿਰੱਧ ਲੜਾਈ ਵਿੱਚ ਹਿੱਸਾ ਲੈਣ ਦਾ ਸੱਦਾ ਦੇਣਗੇ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੁੱਖ ਮੰਤਰੀ ਦੇ ਸੰਕਲਪ ਤਹਿਤ ਇਹ ਰੈਲੀ ਕੱਢੀ ਜਾ ਰਹੀ ਹੈ।