image caption:

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 114 ਹੋਈ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਕੱਲ੍ਹ ਰਾਤ ਤੱਕ 114 ਤੱਕ ਜਾ ਪਹੁੰਚੀ ਹੈ। ਸਹਾਰਨਪੁਰ ਵਿੱਚ 37 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਕੁੱਲ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਤਰਾਖੰਡ ਦੇ ਹਰਿਦੁਆਰ ਵਿੱਚ ਮ੍ਰਿਤਕਾਂ ਦੀ ਗਿਣਤੀ 19 ਤੋਂ ਵਧ ਕੇ 34 ਹੋ ਗਈ ਹੈ। ਸਹਾਰਨਪੁਰ ਵਿੱਚ ਪ੍ਰਭਾਵਤ ਨੱਬੇ ਤੋਂ ਵੱਧ ਲੋਕਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਇਸ ਸੰਬੰਧ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਹਾਰਨਪੁਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਬਾਰੇ 35 ਕੇਸ ਦਰਜ ਕੀਤੇ ਅਤੇ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਹਿੰਮ ਦੇ ਲਈ 39 ਟੀਮਾਂ ਲਾਈਆਂ ਗਈਆਂ ਹਨ। ਜ਼ਹਿਰੀਲੀ ਸ਼ਰਾਬ ਨੇ ਸਹਾਰਨਪੁਰ ਦੇ ਥਾਣਾ ਦੇਵਬੰਦ, ਨਾਗਲ ਤੇ ਗਾਗਲਹੇੜੀ ਖੇਤਰ ਵਿੱਚ ਕੋਹਰਾਮ ਮਚਾ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਆਲੋਕ ਪਾਂਡੇ ਦੇ ਅਨੁਸਾਰ ਸਹਾਰਨਪੁਰ ਵਿੱਚ 56 ਅਤੇ ਮੇਰਠ ਵਿੱਚ 18 ਲੋਕਾਂ ਦਾ ਪੋਸਟ ਮਾਰਟਮ ਕਰਨ ਪਿੱਛੋਂ ਇਨ੍ਹਾਂ ਵਿੱਚੋਂ 36 ਜਣਿਆਂ ਦੀ ਮੌਤ ਸ਼ਰਾਬ ਨਾਲ ਹੋਈ ਡਾਕਟਰਾਂ ਨੇ ਦੱਸੀ ਹੈ। ਆਈ ਜੀ ਸ਼ਰਦ ਸਚਾਨ ਨੇ ਕਿਹਾ ਕਿ ਸ਼ਰਾਬ ਕਾਂਡ ਵਿੱਚ ਸਰਕਾਰ ਤੋਂ ਜਾਂਚ ਦੇ ਹੁਕਮ ਮਿਲਣ ਪਿੱਛੋਂ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸ਼ਰਾਬ ਕਾਂਡ ਪ੍ਰਭਾਵਤ ਇਲਾਕਿਆਂ ਵਿੱਚ ਜ਼ਿੰਮੇਵਾਰ ਲੋਕਾਂ ਨਾਲ ਬੈਠਕ ਕਰ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਕੱਚੀ ਜਾਂ ਹੋਰ ਕਿਸੇ ਤਰ੍ਹਾਂ ਦੀ ਸ਼ਰਾਬ ਨਾ ਪੀਣ।
ਇਸ ਦੌਰਾਨ ਹਰਿਦੁਆਰ ਦੇ ਪੰਜ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 34 ਪਹੁੰਚ ਗਈ ਹੈ। ਪ੍ਰਭਾਵਤ ਪਿੰਡਾਂ ਤੋਂ ਬਿਮਾਰਾਂ ਦਾ ਹਸਪਤਾਲ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਪੰਜਾਹ ਤੋਂ ਵੱਧ ਲੋਕ ਇਸ ਵੇਲੇ ਹਸਪਤਾਲਾਂ ਵਿੱਚ ਹਨ। ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦੀ ਜਾਂਚ ਲਈ ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਦੀ ਸਾਂਝੀ ਕਮੇਟੀ ਬਣਾਈ ਜਾਏਗੀ। ਹਰਿਦੁਆਰ ਦੇ ਬਾਲੂਪੁਰ ਅਤੇ ਬਿੰਡ ਪਿੰਡ ਤੋਂ ਕੱਚੀ ਸ਼ਰਾਬ ਖਰੀਦੀ ਗਈ ਸੀ। ਇਨ੍ਹਾਂ ਦੋਵਾਂ ਹੀ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਕੱਚੀ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ।