image caption:

ਭਾਰਤ ਅਤੇ ਰੂਸ ਆਪਸ ਵਿੱਚ ਡਿਗਰੀ ਮਾਨਤਾ ਸਮਝੌਤਾ ਕਰਨਗੇ

ਨਵੀਂ ਦਿੱਲੀ- ਭਾਰਤ ਅਤੇ ਰੂਸ ਪਹਿਲੀ ਵਾਰ ਡਿਗਰੀ ਤੇ ਡਿਪਲੋਮਾ ਦੀ ਮਾਨਤਾ ਬਾਰੇ ਸਮਝੌਤਾ ਕਰਨ ਲੱਗੇ ਹਨ। ਦੋਵਾਂ ਦੇਸ਼ਾਂ ਦੇ ਪਾਰਲੀਮੈਂਟਰੀ ਦੋਸਤੀ ਗਰੁੱਪ ਇਸ ਕੰਮ ਲਈ ਵਿਚਾਰ ਕਰ ਰਹੇ ਹਨ। ਇਹ ਗੱਲ ਰੂਸੀ ਪਾਰਲੀਮੈਂਟਰੀ ਗਰੁੱਪ ਦੀ ਅਗਵਾਈ ਕਰ ਰਹੀ ਏਲੇਨਾ ਫਾਨਾਸੇਵਾ ਨੇ ਕਹੀ ਹੈ। ਇਹ ਗਰੁੱਪ ਪੰਜ ਫਰਵਰੀ ਨੂੰ ਤਿੰਨ ਦਿਨ ਦੇ ਦੌਰੇ 'ਤੇ ਭਾਰਤ ਆਇਆ ਸੀ।
ਵਰਨਣ ਯੋਗ ਹੈ ਕਿ ਬਹੁਤ ਸਾਰੇ ਅਜਿਹੇ ਭਾਰਤੀ ਹਨ, ਜੋ ਖਾਸ ਤੌਰ 'ਤੇ ਮੈਡੀਕਲ ਦੀ ਪੜ੍ਹਾਈ ਕਰਨ ਰੂਸ ਜਾਂਦੇ ਹਨ, ਉਨ੍ਹਾਂ ਦਾ ਭਵਿੱਖ ਦੋਵਾਂ ਦੇਸ਼ਾਂ ਦੇ ਵਿੱਚ ਡਿਗਰੀ ਅਤੇ ਡਿਪਲੋਮਾ ਦੀ ਮਾਨਤਾ ਬਾਰੇ ਕੋਈ ਸਮਝੌਤਾ ਨਾ ਹੋਣ ਕਾਰਨ ਪ੍ਰਭਾਵਤ ਹੋ ਜਾਂਦਾ ਹੈ। ਇਸ ਮਕਸਦ ਲਈ ਦੋਵੇਂ ਦੇਸ਼ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਕਰ ਰਹੇ ਹਨ, ਪਰੰਤੂ ਇਸ ਨੂੰ ਸਮਝੌਤੇ ਦਾ ਰੂਪ ਨਹੀਂ ਦਿੱਤਾ ਜਾ ਸਕਿਆ। ਜੇ ਇਹ ਸਮਝੌਤਾ ਹੋ ਜਾਵੇ ਤਾਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਮਿਲੇਗਾ। ਇਸ ਵੇਲੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਫਦ ਇਸ ਦੇ ਬਾਰੇ ਪੜਾਅ ਵਾਰ ਚਰਚਾ ਕਰ ਰਹੇ ਹਨ ਜਿਸ ਨਾਲ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾ ਸਕੇ। ਏਲੇਨਾ ਨੇ ਕਿਹਾ, ਸਮਝੌਤੇ ਨਾਲ ਅਸੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਉਹ ਇੱਕ ਦੂਸਰੇ ਦੇ ਸਿਲੇਬਸਾਂ (ਖਾਸ ਤੌਰ 'ਤੇ ਮੈਡੀਕਲ ਖੇਤਰ) ਨੂੰ ਮੰਨਣ ਦਾ ਐਲਾਨ ਕਰਨ। ਏਲੇਨਾ ਨੇ ਦੱਸਿਆ ਕਿ ਸੋਵੀਅਤ ਯੂਨੀਅਨ ਦੇ ਜ਼ਮਾਨੇ ਵਿੱਚ ਭਾਰਤ ਨਾਲ ਉਸ ਦਾ ਇਸ ਤਰ੍ਹਾਂ ਦਾ ਇੱਕ ਸਮਝੌਤਾ ਸੀ, ਪਰ ਉਸ ਦੇ ਟੁੱਟਣ ਪਿੱਛੋਂ ਰੂਸ ਦੇ ਨਾਲ ਭਾਰਤ ਦਾ ਕੋਈ ਸਮਝੌਤਾ ਨਹੀਂ ਹੋ ਸਕਿਆ। ਏਲੇਨਾ ਨੇ ਦੱਸਿਆ ਕਿ ਕਰੀਬ 9500 ਭਾਰਤੀ ਵਿਦਿਆਰਥੀ ਇਸ ਸਮੇਂ ਰੂਸ ਵਿੱਚ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ ਕਰੀਬ ਇੱਕ ਸੌ ਵਿਦਿਆਰਥੀ ਰੂਸੀ ਸਰਕਾਰ ਦੇ ਖਰਚ 'ਤੇ ਪੜ੍ਹਾਈ ਕਰ ਰਹੇ ਹਨ।