image caption:

ਪ੍ਰਿਅੰਕਾ ਗਾਂਧੀ ਆਪਣੇ ਪਹਿਲੇ ਰੋਡ ਸ਼ੋਅ ਨਾਲ ਹੀ ਚਾਰੇ ਪਾਸੇ ਛਾ ਗਈ ਮੰਨੀ ਜਾਣ ਲੱਗੀ

ਲਖਨਊ,- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਆਪਣੀ ਸਿਆਸੀ ਯਾਤਰਾ ਸ਼ੁਰੂ ਕਰਨ ਦੇ ਲਈ ਦੇਸ਼ ਦੀ ਰਾਜਧਾਨੀ ਤੋਂ ਚੱਲ ਕੇ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪਹੁੰਚੀ ਕਾਂਗਰਸ ਦੀ ਨਵੀਂ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਆਪਣੇ ਪਹਿਲੇ ਹੀ ਰੋਡ ਸ਼ੋਅ ਵਿੱਚ ਲੋਕਾਂ ਦੇ ਦਿਲ-ਦਿਮਾਗ਼ ਉੱਤੇ ਛਾ ਗਈ ਕਹੀ ਜਾਣ ਲੱਗੀ ਹੈ। ਹਵਾਈ ਅੱਡੇ ਤੋਂ ਸੂਬਾ ਪਾਰਟੀ ਹੈੱਡਕੁਆਰਟਰ ਤਕ ਪੰਜ ਘੰਟੇ ਦੀ ਯਾਤਰਾ ਵਿੱਚ ਪ੍ਰਿਅੰਕਾ ਦੀ ਇਕ ਝਲਕ ਵੇਖਣ ਲਈ ਲੋਕ ਸੜਕਾਂ ਦੇ ਦੋਵੇਂ ਪਾਸੇ ਬੇਚੈਨੀ ਨਾਲ ਖੜੋਤੇ ਨਜ਼ਰ ਆਏ। ਆਪਣੇ ਇਸ ਚਾਰ ਰੋਜ਼ਾ ਦੌਰੇ ਦੇ ਪਹਿਲੇ ਦਿਨ ਪ੍ਰਿਅੰਕਾ ਨੇ ਇਕ ਵੀ ਸ਼ਬਦ ਬੋਲੇ ਬਿਨਾਂ ਆਪਣੇ ਵਿਹਾਰ ਤੇ ਅੰਦਾਜ਼ ਨਾਲ ਇਹ ਸੰਕੇਤ ਦੇ ਦਿੱਤੇ ਕਿ ਉਹ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਬੜਾ ਡੂੰਘਾ ਅਸਰ ਪਾਉਣ ਵਾਲੀ ਹੈ। ਅਗਲੇ ਮਹੀਨੇ ਸ਼ੁਰੂ ਹੋ ਰਹੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਰੋਡ ਸ਼ੋਅ ਵਿੱਚ ਪ੍ਰਿਅੰਕਾ ਦੇ ਨਾਲ ਦੂਸਰੇ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਅਤੇ ਰਾਹੁਲ ਗਾਂਧੀ ਵੀ ਸਨ, ਪਰ ਖਿੱਚ ਦਾ ਕੇਂਦਰ ਪ੍ਰਿਅੰਕਾ ਹੀ ਰਹੀ।
ਅੱਜ ਦੇ ਰੋਡ ਸ਼ੋਅ ਦੌਰਾਨ ਇਕ ਬੱਸ ਉੱਤੇ ਪ੍ਰਿਅੰਕਾ ਗਾਂਧੀ ਨਾਲ ਰਾਹੁਲ ਗਾਂਧੀ, ਜੋਤੀਰਾਦਿੱਤਿਆ ਸਿੰਧੀਆ ਅਤੇ ਰਾਜ ਬੱਬਰ ਸਮੇਤ ਕਾਂਗਰਸ ਦੇ ਕਈ ਵੱਡੇ ਆਗੂ ਮੌਜੂਦ ਸਨ। ਪ੍ਰਿਅੰਕਾ ਸਾਰੇ ਰਸਤੇ ਹੱਥ ਹਿਲਾ ਕੇ ਲੋਕਾਂ ਦਾ ਜੋਸ਼ ਭਰਦੀ ਰਹੀ। ਬਰਲਿੰਗਟਨ ਚੌਕ ਨੇੜੇ ਜਦੋਂ ਬਿਜਲੀ ਦੀਆਂ ਤਾਰਾਂ ਕਾਰਨ ਬੱਸ ਅੱਗੇ ਨਾ ਵਧ ਸਕੀ ਤਾਂ ਉਹ ਸਾਰੇ ਜਣੇ ਐੱਸ ਯੂ ਵੀ ਗੱਡੀ ਦੀ ਛੱਤ ਉੱਤੇ ਚੜ੍ਹ ਗਏ। ਰਸਤੇ ਵਿਚ ਲਾਲ ਬਾਗ਼ ਵਿੱਚ ਇਕ ਛੋਟੀ ਜਿਹੀ ਰੈਲੀ ਵਿੱਚ ਬੋਲਣ ਦੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਨਿਭਾਈ ਤੇ ਆਪਣੀ ਭੈਣ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਹੋਰ ਜ਼ਿਆਦਾ ਹਮਲਾਵਰ ਦਿਖਾਈ ਦਿੱਤੇ। ਇਸ ਰੈਲੀ ਵਿਚ ਰਾਹੁਲ ਗਾਂਧੀ ਨੇ &lsquoਚੌਕੀਦਾਰ ਚੋਰ ਹੈ&rsquo ਦੇ ਨਾਅਰੇ ਲਵਾਏ ਤੇ ਕਿਹਾ ਕਿ &lsquoਅਸੀਂ ਫਰੰਟ ਫੁੱਟ ਉੱਤੇ ਖੇਡਾਂਗੇ। ਬੈਕਫੁਟ ਦਾ ਵੇਲਾ ਲੰਘ ਗਿਆ ਹੈ।&rsquo
ਪ੍ਰਿਅੰਕਾ ਦੇ ਆਉਣ ਵੇਲੇ ਪਾਰਟੀ ਹੈੱਡਕੁਆਰਟਰ ਵਿੱਚ ਵੀ ਵੱਡੀ ਭੀੜ ਸੀ। ਜੋਤੀਰਾਦਿੱਤਿਆ ਸਿੰਧੀਆ, ਪ੍ਰਿਅੰਕਾ ਤੇ ਰਾਜ ਬੱਬਰ ਦੀ ਮੌਜੂਦਗੀ ਵਿਚ ਇੱਥੇ ਵੀ ਭਾਸ਼ਣ ਸਿਰਫ ਰਾਹੁਲ ਗਾਂਧੀ ਨੇ ਦਿੱਤਾ ਤੇ ਕਿਹਾ ਕਿ ਅਸੀਂ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਬਣਨ ਤਕ ਚੈਨ ਨਾਲ ਨਹੀਂ ਬੈਠਾਂਗੇ। ਉਨ੍ਹਾਂ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿੱਤਿਆ ਨੂੰ ਇਸ ਰਾਜ ਦੇ ਇੰਚਾਰਜ ਵਜੋਂ ਫਰੰਟ ਫੁਟ ਉੱਤੇ ਖੇਡਣ ਨੂੰ ਕਿਹਾ। ਸਮਾਜਵਾਦੀ ਪਾਰਟੀ ਤੇ ਬਸਪਾ ਦੇ ਗਠਜੋੜ ਤੋਂ ਦੂਰੀ ਦਾ ਸੰਕੇਤ ਦਿੰਦੇ ਹੋਏ ਉਨ੍ਹਾ ਕਿਹਾ ਕਿ ਅਖਿਲੇਸ਼-ਮਾਇਆਵਤੀ ਦਾ ਪੂਰਾ ਆਦਰ ਹੈ, ਪਰ ਉੱਤਰ ਪ੍ਰਦੇਸ਼ ਨੂੰ ਬਦਲਣ ਲਈ ਕਾਂਗਰਸ ਪੂਰੀ ਤਾਕਤ ਨਾਲ ਲੜੇਗੀ। ਪੰਜ ਘੰਟੇ ਤੋਂ ਵੱਧ ਦੇ ਰੋਡ ਸ਼ੋਅ ਮਗਰੋਂ ਵੀ ਰਾਹੁਲ ਜੋਸ਼ ਵਿੱਚ ਸਨ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਝੂਠ ਬੋਲ ਰਹੇ ਹਨ। ਰਾਫੇਲ ਘਪਲੇ ਸਣੇ 15 ਵੱਡੇ ਪੂੰਜੀਪਤੀਆਂ ਦਾ ਤਿੰਨ ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕਰਨਾ, ਕਿਸਾਨਾਂ ਨੂੰ ਧੋਖਾ, ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇ ਸੁਪਨੇ ਵਿਖਾਉਣਾ, ਫੌਜੀ ਸਾਮਾਨ ਦੇ ਸੌਦਿਆਂ ਦਾ ਭ੍ਰਿਸ਼ਟਾਚਾਰ ਤੇ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਲਾਭ ਦਿਵਾਉਣ ਦੇ ਮੁੱਦੇ ਦੇਸ਼ ਅੱਗੇ ਰੱਖਾਂਗੇ। ਇਸ ਦੇ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ ਜ਼ਮੀਨੀ ਵਰਕਰ ਅੱਗੇ ਲਿਆਵਾਂਗੇ, ਹਵਾਈ ਆਗੂ ਨਹੀਂ ਚੱਲਣੇ ਚਾਹੀਦੇ। ਰਾਹੁਲ ਗਾਂਧੀ ਦੇ ਏਦਾਂ ਦੇ ਐਲਾਨ ਦਾ ਵਰਕਰਾਂ ਨੇ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ।