image caption:

ਪਿਸਤੌਲ ਦੀ ਨੋਕ ਉੱਤੇ ਵਪਾਰੀ ਕੋਲੋਂ ਚੇਨ ਲੁੱਟੀ

ਲੁਧਿਆਣਾ- ਦਿਨ ਦਿਹਾੜੇ ਇਸ ਸ਼ਹਿਰ ਦੇ ਭੀੜ ਵਾਲੇ ਇਲਾਕੇ ਸਮਰਾਲਾ ਚੌਕ 'ਚ ਤਿੰਨ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਭੱਠਾ ਵਪਾਰੀ ਦੀ ਸੋਨੇ ਦੀ ਚੇਨ ਲੁੱਟ ਲਈ। ਹੈਲਮੈਟ ਪਾ ਕੇ ਵਪਾਰੀ ਦੇ ਦਫਤਰ 'ਚ ਵੜੇ ਲੁਟੇਰਿਆਂ ਨੇ ਡੇਢ ਮਿੰਟ 'ਚ ਵਾਰਦਾਤ ਕੀਤੀ ਅਤੇ ਭੀੜ ਵਾਲੇ ਇਲਾਕੇ 'ਚੋਂ ਬੜੀ ਆਸਾਨੀ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਇਸ ਦੀ ਜਾਣਕਾਰੀ ਮਿਲਦੇ ਸਾਰ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਭੱਠਾ ਵਪਾਰੀ ਸਤੀਸ਼ ਗੋਸਾਈ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕੀਤੀ। ਸਤੀਸ਼ ਗੋਸਾਈ ਦਾ ਦੋਰਾਹਾ ਇਲਾਕੇ 'ਚ ਮਹਾਂ ਲਕਸ਼ਮੀ ਨਾਂ ਦਾ ਇੱਟਾਂ ਦਾ ਭੱਠਾ ਹੈ। ਭੱਠੇ ਦੇ ਵਪਾਰ ਲਈ ਗੋਸਾਈ ਨੇ ਆਪਣਾ ਦਫਤਰ ਸਮਰਾਲਾ ਚੌਕ 'ਚ ਬਣਾਇਆ ਹੋਇਆ ਹੈ। ਦੁਪਹਿਰ ਤਕਰੀਬਨ ਤਿੰਨ ਵਜੇ ਦੇ ਕਰੀਬ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਤਿੰਨ ਨੌਜਵਾਨ ਸਮਰਾਲਾ ਚੌਕ 'ਚ ਆਏ। ਤਿੰਨਾਂ ਨੇ ਹੈਲਮੈਟ ਪਾਏ ਹੋਏ ਸਨ ਤੇ ਇਸੇ ਤਰ੍ਹਾਂ ਉਹ ਗੋਸਾਈ ਦੇ ਦਫਤਰ ਵਿੱਚ ਗਏ ਅਤੇ ਓਥੇ ਬੈਠੇ ਸਤੀਸ਼ ਗੋਸਾਈ ਦੇ ਮੁਲਾਜ਼ਮ ਤੋਂ ਵਿੱਕੀ ਨਾਂ ਦੇ ਵਿਅਕਤੀ ਬਾਰੇ ਪੁੱਛਿਆ। ਮੁਲਾਜ਼ਮ ਨੇ ਦਫਤਰ 'ਚ ਅਜਿਹਾ ਕੋਈ ਵਿਅਕਤੀ ਨਾ ਹੋਣ ਦੀ ਗੱਲ ਆਖੀ। ਇਸ ਦੌਰਾਨ ਇਕ ਬਦਮਾਸ਼ ਨੇ ਮੁਲਾਜ਼ਮ ਤੋਂ ਉਸ ਦਾ ਮੋਬਾਈਲ ਲੈ ਲਿਆ। ਦੋ ਜਣੇ ਗੋਸਾਈ ਦੇ ਕੈਬਿਨ 'ਚ ਦਾਖਲ ਹੋ ਗਏ। ਉਨ੍ਹਾਂ ਨੇ ਗੋਸਾਈ ਦੀ ਤਲਾਸ਼ੀ ਲਈ। ਜਦ ਗੋਸਾਈ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ 'ਚੋਂ ਇਕ ਨੇ ਪਿਸਤੌਲ ਕੱਢ ਲਈ, ਜਿਸ ਦੀ ਨੋਕ 'ਤੇ ਗੋਸਾਈ ਕੋਲੋਂ ਚਾਰ ਤੋਲੇ ਦੀ ਸੋਨੇ ਦੀ ਚੇਨ ਲੁੱਟ ਲਈ ਤੇ ਫਰਾਰ ਹੋ ਗਏ।