image caption:

ਸਿੱਧੂ ਦੀ ਪਤਨੀ ਤੇ ਹਰਸਿਮਰਤ ਵਿਚਾਲੇ ਛਿੜੀ ਸਿਆਸੀ ਜੰਗ

ਅੰਮ੍ਰਿਤਸਰ-  ਹੁਣ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਉਨ੍ਹਾਂ ਦੀ ਪਤਨੀ ਨੇ ਵੀ ਹਮਲਾਵਰ ਅੰਦਾਜ਼ ਦਿਖਾਇਆ ਹੈ। ਸਾਬਕਾ ਸੰਸਦੀ ਸਕੱਤਰ  ਡਾ. ਨਵਜੋਤ ਕੌਰ ਸਿੱਧੂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣ ਵਿਚ ਦੋ ਦੋ ਹੱਥ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਮੇਰੇ ਨਾਲ ਅੰਮ੍ਰਿਤਸਰ ਸੀਟ ਤੋਂ ਚੋਣ ਲੜੇ, ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦੇਵਾਂਗੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਨਵਜੋਤ ਕੌਰ ਨੇ ਕਿਹਾ ਕਿ ਹਰਸਿਮਰਤ ਕੌਰ ਇਹ ਕਹਿ ਰਹੀ ਕਿ ਉਹ ਕਿਤੋਂ ਵੀ ਚੋਣ ਲੜੇ ਤਾਂ ਜਿੱਤ ਜਾਵੇਗੀ। ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਜੋ ਅੰਮ੍ਰਿਤਸਰ ਤੋਂ ਚੋਣ ਲੜ ਕੇ ਹੀ ਦੂਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹਰਸਿਮਰਤ ਇੱਥੋਂ ਚੋਣ ਲੜੇ ਤਾਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦੇਵੇਗੀ। ਇੱਥੇ ਹਰਸਿਮਰਤ ਨੂੰ ਮੂੰਹ ਦੀ ਖਾਣੀ ਪਵੇਗੀ।
ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਚ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਪਾਰਟੀ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਅੰਮ੍ਰਿਤਸਰ ਵਿਚ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਡਾ. ਨਵਜੋਤ ਕੌਰ ਨੇ ਕਿਹਾ ਕਿ ਹਰਸਿਮਰਤ ਨੂੰ ਇਹ ਗਲਤਫਹਿਮੀ ਹੋ ਗਈ ਕਿ ਪੰਜਾਬ ਵਿਚ ਕਿਸੇ ਵੀ ਸੀਟ ਤੋਂ ਚੋਣ ਲੜੇ ਜਿੱਤ ਜਾਵੇਗੀ।  ਇਨ੍ਹਾਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਵੇਗੀ।
ਨਵਜੋਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਾ ਤਾਂ 15 ਲੱਖ ਰੁਪਏ ਦਿੱਤੇ ਅਤੇ ਨਾ ਦੋ ਕਰੋੜ ਨੌਕਰੀਆਂ ਦਿੱਤੀਆਂ। ਜਿਨ੍ਹਾਂ ਕੋਲ ਨੌਕਰੀਆਂ ਸਨ ਉਹ ਵੀ ਖੋਹ ਲਈਆਂ। ਨਵਜੋਤ ਸਿੰਘ ਸਿੱਧੂ ਪੂਰੇ ਦੇਸ਼ ਵਿਚ ਪ੍ਰਚਾਰ ਕਰਨਗੇ। ਮੈਂ ਵੀ ਕਾਂਗਰਸ ਪਾਰਟੀ ਲਈ ਕੁੱਝ ਥਾਵਾਂ 'ਤੇ ਪ੍ਰਚਾਰ ਕਰਾਂਗੀ।