image caption: ਮਨਦੀਪ ਖੁਰਮੀ ਹਿੰਮਤਪੁਰਾ

ਪੰਜਾਬ ਵਿੱਚ ਪੰਜਾਬੀ ਪ੍ਰਤੀ ਰੁੱਖਾ ਵਿਵਹਾਰ ਬਨਾਮ ਹਿੰਦੀ-ਅੰਗਰੇਜ਼ੀ ਦਾ ਸਤਿਕਾਰ ??

ਸਰਕਾਰ ਵੱਲੋਂ ਪੰਜਾਬ ਵਿੱਚ ਪੰਜਾਬੀ ਪ੍ਰਤੀ ਰੁੱਖਾ ਵਿਵਹਾਰ ਹਿੰਦੀ-ਅੰਗਰੇਜ਼ੀ ਦੇ ਸਤਿਕਾਰ ਦੇ ਪੱਖ ਵਿੱਚ ਵੀ ਨਹੀਂ ਇੰਗਲੈਂਡ ਦੇ ਸਾਊਥਾਲ ਰੇਲਵੇ ਸਟੇਸ਼ਨ ਦਾ ਪੰਜਾਬੀ 'ਚ ਨਾਮ ਲਿਖਿਆ ਹੋਇਐ, ਪਾਕਿਸਤਾਨ 'ਚ ਨਨਕਾਣਾ ਸਾਹਿਬ ਨੂੰ ਜਾਂਦੇ ਮਾਰਗ ਉੱਪਰ ਲੱਗੇ ਵੱਡ ਆਕਾਰੀ ਬੋਰਡ ਉੱਪਰ ਪੰਜਾਬੀ ਨੂੰ ਮਾਣ ਦਿੱਤਾ ਗਿਆ ਹੈ। ਕੈਨੇਡਾ 'ਚ ਤੀਜੀ ਆਵਾਸੀ ਭਾਸ਼ਾ ਵਜੋਂ ਮਾਣ ਮਿਲਣ ਦੇ ਬਾਅਦ ਏਅਰਪੋਰਟ 'ਤੇ ਵੀ ਪੰਜਾਬੀ 'ਚ ਲਿਖੇ ਦਿਸ਼ਾ ਸੂਚਕ ਬੋਰਡ ਆਮ ਹੀ ਨਜ਼ਰੀਂ ਪੈਂਦੇ ਹਨ। ਅਜਿਹੀਆਂ ਹੀ ਕੋਸ਼ਿਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਪੰਜਾਬੀ ਭਾਸ਼ਾ ਨੂੰ ਆਪਣੀ ਹੀ ਧਰਤੀ 'ਤੇ ਪੰਜਾਬ ਵਿੱਚ ਵਿਤਕਰੇ ਦਾ ਸ਼ਿਕਾਰ ਹੁੰਦੇ ਦੇਖਦੇ ਹਾਂ। ਸ਼ਾਇਦ ਇਹ ਵਿਤਕਰਾ ਇਸ ਕਰਕੇ ਵੀ ਹੈ ਕਿ ਅਸੀਂ ਪੰਜਾਬੀ ਪੰਜਾਬੀਅਤ ਦਾ ਝੰਡਾ ਬੁਲੰਦ ਤਾਂ ਕਰ ਲੈਂਦੇ ਹਾਂ ਪਰ ਝੰਡੇ ਵਿਚਲੇ ਡੰਡੇ ਨੂੰ ਲੱਗੀ ਸਿਉਂਕ ਵੱਲ ਧਿਆਨ ਨਹੀਂ ਦਿੰਦੇ। ਸਾਡੀ ਬੇਧਿਆਨੀ ਤੇ ਗੂੜ੍ਹੀ ਨੀਂਦ ਦਾ ਹੀ ਨਤੀਜਾ ਹੈ ਕਿ “ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ“ ਕਹਾਵਤ ਵੀ ਆਪਣੀ ਆਪਣੀ ਜਿਹੀ ਲੱਗਣ ਲੱਗ ਪਈ ਹੈ। ਇਉਂ ਲਗਦਾ ਹੈ ਜਿਵੇਂ ਇਹ ਕਹਾਵਤ ਦੀ ਘਾੜਤ ਹੀ ਸਾਡੇ ਲਈ ਘੜ੍ਹੀ ਗਈ ਹੋਵੇ। ਜਿਹਨਾਂ ਨੂੰ ਇਹ ਕਹਾਵਤ ਦੇ ਮੁੱਢ ਦਾ ਗਿਆਨ ਨਹੀਂ, ਉਹਨਾਂ ਲਈ ਦੱਸਣਾ ਚਾਹਾਂਗੇ ਕਿ ਗੁਆਂਢ 'ਚ ਵਸਦੇ ਦੋ ਪਰਿਵਾਰਾਂ ਦਾ ਚੰਗਾ ਬੋਲ ਬੁਲਾਰਾ ਸੀ। ਪਸ਼ੂ-ਢਾਂਡਾ ਬੰਨ੍ਹਣ ਵਾਲੇ ਕਿੱਲੇ ਵੀ ਨਾਲੋ ਨਾਲ ਸਨ। ਦੋਵੇਂ ਪਰਿਵਾਰਾਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਇੱਕ ਪਰਿਵਾਰ ਦਾ ਮੁਖੀ ਚਲਾਕ ਸੁਭਾਅ ਦਾ ਸੀ ਤੇ ਦੂਜਾ ਪੰਜਾਬ ਵਾਂਗ ਭੋਲੀ ਜਿਹੀ ਬਿਰਤੀ ਦਾ। ਰਾਤ ਨੂੰ ਮੱਝਾਂ ਦੀ ਰਾਖੀ ਲਈ ਬੈਠੇ ਸਨ ਕਿ ਕੋਈ ਅਵਾਰਾ ਕੁੱਤਾ ਬਿੱਲਾ ਸੂਣ ਵਾਲੀਆਂ ਮੱਝਾਂ ਜਾਂ ਜਨਮ ਲੈਣ ਵਾਲੇ ਕੱਟੇ ਕੱਟੀ ਦਾ ਨੁਕਸਾਨ ਨਾ ਕਰ ਜਾਵੇ। ਭੋਲੇ ਨੂੰ ਨੀਂਦ ਆਉਣ ਲੱਗੀ ਤਾਂ ਚਲਾਕ ਨੇ ਇਹ ਕਹਿ ਕੇ ਸੌਂ ਜਾਣ ਦੀ ਛੁੱਟੀ ਦੇ ਦਿੱਤੀ ਕਿ “ਮੈਂ ਬੈਠਾਂ, ਤੂੰ ਬੇਫ਼ਿਕਰ ਹੋ ਕੇ ਸੌਂ।“ ਉਹ ਵਿਚਾਰਾ ਕਾਹਦਾ ਸੁੱਤਾ ਕਿ ਦੋਵਾਂ ਦੀਆਂ ਮੱਝਾਂ ਸੂ ਪਈਆਂ। ਚਲਾਕ ਦੀ ਮੱਝ ਨੇ ਕੱਟੇ ਨੂੰ ਜਨਮ ਦਿੱਤਾ ਤੇ ਭੋਲੇ ਦੀ ਮੱਝ ਨੇ ਕੱਟੀ ਨੂੰ। ਪਰ ਚਲਾਕ ਨੇ ਆਪਣੀ ਮੱਝ ਦਾ ਕੱਟਾ ਦੂਜੇ ਦੀ ਮੱਝ ਦੀ ਕੱਟੀ ਨਾਲ ਵਟਾ ਦਿੱਤਾ। ਜਿਵੇਂ ਸਾਡੇ ਸਮਾਜ ਵਿੱਚ ਮੁੰਡਾ ਜੰਮਣ ਵਾਲੀ ਔਰਤ ਨੂੰ ਵਧੇਰੇ ਸਤਿਕਾਰ ਦਿੱਤਾ ਜਾਂਦੈ, ਬਿਲਕੁਲ ਇਸਦੇ ਉਲਟ ਮੱਝਾਂ ਵਾਲੇ ਮਾਮਲੇ 'ਚ ਮਾਦਾ ਬੱਚਾ ਕੱਟੀ ਜੰਮਣ ਨੂੰ ਚੰਗਾ ਸਮਝਿਆ ਜਾਂਦੈ ਤਾਂ ਕਿ ਵੱਡੀ ਹੋਣ 'ਤੇ ਇੱਕ ਹੋਰ ਮੱਝ ਦਾ ਮਾਲਕ ਬਣਿਆ ਜਾਵੇ। ਭੋਲੇ ਪੁਰਸ਼ ਨੇ ਜਾਗਣ ਸਾਰ ਪੁੱਛਿਆ, “ਮੇਰੀ ਮੱਝ ਨੇ ਕੀ ਦਿੱਤੈ?“ ਚਲਾਕ ਨੇ ਦੋ-ਟੁੱਕ ਉੱਤਰ ਦਿੱਤਾ ਕਿ “ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ।“ ਇਹੋ ਜਿਹਾ ਕੁਝ ਹੀ ਪੰਜਾਬ ਸਿਉਂ ਨਾਲ ਹੁੰਦਾ ਆਇਆ ਹੈ ਤੇ ਨਿਰੰਤਰ ਹੋ ਰਿਹਾ ਹੈ। ਜਿਵੇਂ ਡਾਕਟਰ ਟੀਕਾ ਲਾਉਣ ਤੋਂ ਪਹਿਲਾਂ ਸਪਿਰਟ ਨਾਲ ਭਿੱਜਿਆ ਫੰਬਾ ਲਗਾ ਕੇ ਚਮੜੀ ਸਾਫ਼ ਕਰਦੇ ਹਨ, ਉਸੇ ਤਰ੍ਹਾਂ ਹੀ ਪੰਜਾਬ ਦੇ ਪੁੜੇ ਵਿੱਚ ਪੰਜਾਬ-ਪੰਜਾਬੀ ਵਿਰੋਧੀ ਸਰਿੰਜ ਗੱਡਣ ਤੋਂ ਪਹਿਲਾਂ ਫੰਬਾ ਮਲਣ ਵਰਗਾ ਤਜ਼ਰਬਾ ਕੀਤਾ ਜਾਂਦਾ ਹੈ। ਜੇ ਕੋਈ ਗੈਰਤਮੰਦ ਪੰਜਾਬੀ ਵਿਰੋਧ ਵਿੱਚ ਉੱਠ ਖੜ੍ਹਾ ਹੋਇਆ ਤਾਂ ਪੈਰ ਕੁਝ ਪਿਛਾਂਹ ਨੂੰ ਮੋੜ ਲਏ ਜਾਂਦੇ ਹਨ, ਨਹੀਂ ਤਾਂ ਫੈਸਲਾ ਲਾਗੂ ਕਰ ਦਿੱਤਾ ਜਾਂਦਾ ਹੈ। ਇਹਨੀਂ ਦਿਨੀਂ ਪੰਜਾਬ ਦੇ ਕੌਮੀ ਮਾਰਗਾਂ 'ਤੇ ਲੱਗੀਆਂ ਦਿਸ਼ਾ-ਸੂਚਕ ਤਖ਼ਤੀਆਂ ਉੱਪਰ ਪੰਜਾਬੀ ਦੀ ਕੀਤੀ ਦੁਰਦਸ਼ਾ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਨੂੰ ਵਿਭਾਗੀ ਅਣਜਾਣਪੁਣਾ ਕਿਹਾ ਜਾਵੇ ਜਾਂ ਟੀਕਾ ਲਾਉਣ ਤੋਂ ਪਹਿਲਾਂ ਦਾ ਵਰਤਾਰਾ? ਕਿ ਬਹੁਤ ਸਾਰੀਆਂ ਤਖ਼ਤੀਆਂ ਉੱਪਰ ਜਾਂ ਤਾਂ ਹਿੰਦੀ, ਅੰਗਰੇਜ਼ੀ ਤੋਂ ਬਾਅਦ ਪੰਜਾਬੀ ਤੀਜੇ ਨੰਬਰ 'ਤੇ ਲਿਖੀ ਗਈ ਹੈ ਜਾਂ ਫਿਰ ਪੰਜਾਬੀ ਬਿਲਕੁਲ ਹੀ ਗਾਇਬ ਕਰ ਦਿੱਤੀ ਗਈ ਹੈ। ਸ਼ਹਿਰਾਂ ਦੀ ਦੂਰੀ ਦੱਸਣ ਵਾਲੇ ਬਹੁਤ ਸਾਰੇ ਮੀਲ ਪੱਥਰ ਸਿਰਫ਼ ਅੰਗਰੇਜ਼ੀ ਵਿੱਚ ਲਿਖੇ ਦਿਖਾਈ ਦਿੰਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜੇਕਰ ਹੋਰਨਾਂ ਸੂਬਿਆਂ ਵਿੱਚ ਉਹਨਾਂ ਸੂਬਿਆਂ ਦੀ ਭਾਸ਼ਾ ਨੂੰ ਇਹਨਾਂ ਦਿਸ਼ਾ ਸੂਚਕ ਤਖ਼ਤੀਆਂ ਉੱਪਰ ਪਹਿਲਾ ਸਥਾਨ ਮਿਲ ਸਕਦਾ ਹੈ ਤਾਂ ਪੰਜਾਬ ਨੇ ਅਜਿਹਾ ਕੀ ਗੁਨਾਂਹ ਕੀਤਾ ਹੈ ਕਿ ਉਸ ਕੋਲੋਂ ਉਸਦੀ ਮਾਤ-ਭਾਸ਼ਾ ਵੀ ਖੋਹੀ ਜਾ ਰਹੀ ਹੈ? ਕੀ ਦਿੱਲੀ ਬੈਠੇ ਹੁਕਮਰਾਨਾਂ ਜਾਂ ਵਿਭਾਗਾਂ ਦੇ ਮੁਖੀਆਂ ਨੂੰ ਇਹ ਵਹਿਮ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਅੰਗਰੇਜ਼ ਹੋ ਗਏ ਹਨ? ਨਹੀਂ ਮਾਲਕੋ! ਜਗ੍ਹਾ ਜਗ੍ਹਾ ਖੁੱਲ੍ਹੇ “ਆਈਲੈਟਸ ਕੋਚਿੰਗ ਸੈਂਟਰ“ ਤਾਂ ਸਾਡੇ ਦੇਸ਼ ਦੇ ਖੋਖਲੇ ਹੋਏ ਪ੍ਰਬੰਧ ਕਰਕੇ ਹੋਂਦ ਵਿੱਚ ਆਏ ਹਨ ਤਾਂ ਜੋ ਇੱਥੋਂ ਦੀ ਨੌਜਵਾਨੀ ਅੰਗਰੇਜ਼ੀ ਦਾ ਗਿਆਨ ਹਾਸਲ ਕਰਕੇ ਆਪਣੀ ਰੋਜ਼ੀ-ਰੋਟੀ, ਜਿਉਣ ਦੀਆਂ ਬਿਹਤਰ ਹਾਲਤਾਂ ਲੱਭਣ ਲਈ ਕਿਸੇ ਹੋਰ ਮੁਲਕ ਵੱਲ ਹਿਜ਼ਰਤ ਕਰ ਸਕੇ। ਇਹਨਾਂ ਕੋਚਿੰਗ ਸੈਂਟਰਾਂ ਦਾ ਇਹ ਮਤਲਬ ਨਾ ਲਿਆ ਜਾਵੇ ਕਿ ਰੋਜ਼ੀ ਰੋਟੀ ਦੀ ਦੌੜ 'ਚ ਸ਼ਾਮਿਲ ਸਕੂਲੀ ਸਿੱਖਿਆ ਤੋਂ ਵਿਰਵੇ ਰਹਿ ਗਏ ਪੰਜਾਬੀ ਇਹਨਾਂ ਸੈਂਟਰਾਂ 'ਚੋਂ ਅੰਗਰੇਜੀ ਗਿਆਨ ਹਾਸਲ ਕਰ ਰਹੇ ਹੋਣਗੇ। ਪੰਜਾਬ ਵਿੱਚ ਜਿਆਦਾਤਰ ਆਬਾਦੀ ਉਹ ਵੀ ਵਸਦੀ ਹੈ ਜਿਹੜੀ ਪੰਜਾਬੀ ਭਾਸ਼ਾ 'ਤੇ ਨਿਰਭਰ ਹੈ। ਇਹ ਗੱਲ ਹਰ ਭਾਸ਼ਾ 'ਤੇ ਲਾਗੂ ਹੁੰਦੀ ਹੈ ਕਿ ਕਿਸੇ ਵਿਸ਼ੇਸ਼ ਖਿੱਤੇ 'ਚ ਰਹਿਣ ਵਾਲਾ ਬੱਚਾ ਉਸੇ ਖਿੱਤੇ ਦੀ ਭਾਸ਼ਾ ਵਿੱਚ ਵਿਚਰਦਾ ਸਿਰਫ ਸਕੂਨ ਹੀ ਮਹਿਸੂਸ ਨਹੀਂ ਕਰਦਾ ਬਲਕਿ ਉਸਦਾ ਮਾਨਸਿਕ ਵਿਕਾਸ ਵੀ ਵਧੇਰੇ ਹੁੰਦਾ ਹੈ। ਪਰ ਕੀ ਪੰਜਾਬ ਦੇ ਜੰਮਿਆਂ ਦੇ ਦਿਮਾਗਾਂ ਵਿੱਚੋਂ ਪੰਜਾਬੀ ਦੀਆਂ ਤਿੜ੍ਹਾਂ ਪੁੱਟ ਸੁੱਟਣ ਦੀ ਇਹ ਚਾਲ ਸਰਕਾਰੀ ਤਾਂ ਨਹੀਂ ਹੈ? ਜੇ ਇਹ ਵਾਕਿਆ ਹੀ ਪੰਜਾਬੀਆਂ ਜਾਂ ਪੰਜਾਬ ਵਿੱਚੋਂ ਪੰਜਾਬੀ ਨੂੰ ਮਨਫ਼ੀ ਕਰਨ ਦੀ ਚਾਲ ਹੈ ਤਾਂ ਇਹ ਚਾਲ ਕਾਮਯਾਬ ਹਰਗਿਜ਼ ਨਹੀਂ ਹੋਵੇਗੀ। ਭਾਸ਼ਾ ਕੋਈ ਵੀ ਬੁਰੀ ਨਹੀਂ, ਗਿਆਨ ਕਿਸੇ ਵੀ ਭਾਸ਼ਾ ਵਿੱਚੋਂ ਹਾਸਲ ਕੀਤਾ ਜਾ ਸਕਦਾ ਹੈ। ਪਰ ਜਿਸ ਤਰ੍ਹਾਂ ਪੰਜਾਬ ਵਿੱਚ ਹਿੰਦੀ ਨੂੰ ਮੁਹਰੈਲਣ ਬਣਾ ਕੇ ਪੰਜਾਬੀ ਨੂੰ ਦਾਸੀ ਬਨਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਹ ਹਿੰਦੀ ਦੇ ਸਤਿਕਾਰ ਦੇ ਹਿੱਤ ਵਿੱਚ ਵੀ ਨਹੀਂ ਹਨ। ਜੇ ਸਤਿਕਾਰ ਕਰਵਾਉਣਾ ਹੈ ਤਾਂ ਸਤਿਕਾਰ ਕਰਨਾ ਸਿੱਖਣਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਇਸ 'ਜ਼ਿਆਦਤੀ' ਖਿਲਾਫ਼ ਉੱਠੀ ਆਵਾਜ਼ ਤੋਂ ਬਾਅਦ ਸਰਕਾਰੀ ਪੱਧਰ 'ਤੇ ਇਹ ਫੁਰਮਾਨ ਆਇਆ ਹੈ ਕਿ ਪੰਜਾਬ ਵਿੱਚ ਦਿਸ਼ਾ ਸੂਚਕ ਤਖ਼ਤੀਆਂ ਉੱਪਰ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾਵੇਗੀ। ਸੁਣਨ 'ਚ ਇਹ ਵੀ ਆਇਆ ਹੈ ਕਿ ਕੁਝ ਥਾਵਾਂ ਉੱਪਰ ਪੰਜਾਬੀ ਵਿਰੋਧੀ ਵਰਤਾਰੇ ਤੋਂ ਦੁਖੀ ਹੋਏ ਗ਼ੈਰਤਮੰਦ ਪੰਜਾਬੀਆਂ ਨੇ ਹਿੰਦੀ ਅਤੇ ਅੰਗਰੇਜੀ 'ਚ ਲਿਖੀ ਇਬਾਰਤ ਉੱਪਰ ਕਾਲੇ ਰੰਗ ਦੀ ਕੂਚੀ ਫੇਰ ਦਿੱਤੀ ਹੈ। ਜਿਕਰਯੋਗ ਹੈ ਕਿ ਬਠਿੰਡਾ, ਫਰੀਦਕੋਟ ਖੇਤਰ ਦੇ ਚਿੰਤਕ ਪੰਜਾਬੀਆਂ ਵੱਲੋਂ ਮੰਗ ਪੱਤਰ ਦੇ ਕੇ ਇਸ ਕਾਰਵਾਈ ਵੱਲ ਕੌਮੀ ਸ਼ਾਹਰਾਹ ਅਥਾਰਟੀ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਿੱਚ ਦੂਜੀਆਂ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਬਣਦਾ ਸਤਿਕਾਰ ਜਰੂਰ ਦਿੱਤਾ ਜਾਣਾ ਚਾਹੀਦਾ ਹੈ। ਪਰ ਹੈਰਾਨੀ ਅਤੇ ਦੁਖ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਇਹ ਬੇਨਤੀ ਰੱਦੀ ਵਾਲੀ ਟੋਕਰੀ 'ਚ ਸੁੱਟ ਕੇ ਮੁੜ ਫੁਰਮਾਨ ਸੁਣਾ ਦਿੱਤਾ ਗਿਆ ਹੈ ਕਿ ਹਿੰਦੀ ਤੇ ਅੰਗਰੇਜੀ ਉੱਪਰ ਰਹਿਣਗੀਆਂ ਅਤੇ ਪੰਜਾਬੀ ਪੈਰਾਂ 'ਚ ਬੈਠੀ ਹੀ ਦਿਸੇਗੀ। ਸੰਬੰਧਤ ਵਿਭਾਗ ਅਤੇ ਸਰਕਾਰ ਨੂੰ ਇਸ ਮਸਲੇ 'ਤੇ ਗੰਭੀਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਵਿਸ਼ੇਸ਼ ਧਿਰ ਦੇ ਏਜੰਡੇ ਦੀ ਲਪੇਟ 'ਚ ਆ ਕੇ ਦੂਜੀਆਂ ਭਾਸ਼ਾਵਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਨਾ ਹੋਵੇ। ਨਾ ਹਿੰਦੀ ਮਾੜੀ ਹੈ ਤੇ ਨਾ ਅੰਗਰੇਜੀ ਮਾੜੀ ਹੈ। ਪਰ ਇਹਨਾਂ ਭਾਸਾਵਾਂ ਨੂੰ ਪੰਜਾਬ ਵਿੱਚ ਧੱਕੇ ਨਾਲ ਸਿਰ ਉੱਪਰ ਬਿਠਾ ਕੇ ਪੰਜਾਬੀ ਦੀ ਸੰਘੀ ਉੱਪਰ ਪੈਰ ਰੱਖਣ ਵਾਲੀ ਨੀਅਤ ਜਰੂਰ ਮਾੜੀ ਹੋ ਸਕਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ “1963 ਆਫ਼ੀਸੀਅਲ ਲੈਂਗੂਏਜ਼ ਐਕਟ“ 'ਤੇ ਪਹਿਰਾ ਦੇ ਇਹਨਾਂ ਦਿਸ਼ਾ ਸੂਚਕ ਤਖ਼ਤੀਆਂ ਉੱਪਰ ਕ੍ਰਮਵਾਰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਇਬਾਰਤ ਲਿਖ ਕੇ ਕਾਨੂੰਨ ਦਾ ਸਤਿਕਾਰ ਕਰੇ। ਇਸ ਐਕਟ ਅਨੁਸਾਰ ਵਿਵਸਥਾ ਹੈ ਕਿ ਜਨਤਕ ਸੂਚਨਾ ਤਖਲਤੀਆਂ ਉੱਪਰ ਸੰਬੰਧਤ ਸੂਬੇ ਦੀ ਭਾਸ਼ਾ ਨੂੰ ਪਹਿਲੇ ਸਥਾਨ 'ਤੇ ਲਿਖਣਾ ਹੋਵੇਗਾ। ਜੇ ਸਰਕਾਰ ਹੀ ਸੰਵਿਧਾਨ ਨੂੰ ਟਿੱਚ ਜਾਣ ਕੇ ਪੰਜਾਬ ਨੂੰ ਹਿੰਦੀ ਦੇ ਰੰਗ ਵਿੱਚ ਰੰਗਣ ਲਈ ਕਾਹਲੀ ਹੈ ਤਾਂ ਕਿਧਰੇ ਇਹ ਮਸਲਾ ਮਹਿੰਗੇ ਭਾਅ ਨਾ ਪੈ ਜਾਵੇ। ਅਜਿਹਾ ਨਾ ਹੋਵੇ ਕਿ ਅੱਕੇ ਹੋਏ ਲੋਕ ਘਰੋ ਘਰ ਕਾਲੇ ਰੰਗ ਤੇ ਕੂਚੀਆਂ ਰੱਖ ਲੈਣ ਤੇ ਪੰਜਾਬ 'ਚ ਸਿਰਫ ਪੰਜਾਬੀ ਹੀ ਪੰਜਾਬੀ ਨਜ਼ਰੀਂ ਪੈਣ ਲੱਗੇ। ਅਜਿਹਾ ਆਲਮ ਵੀ ਪੰਜਾਬ ਦੇ ਹਿਤ ਵਿੱਚ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿੱਚ ਮੁਸਾਫਿਰ ਬਣਕੇ ਆਉਂਦੇ ਲੋਕ ਸਿਰਫ ਪੰਜਾਬੀ ਵੀ ਨਹੀਂ ਪੜ੍ਹ ਸਕਦੇ। ਉਹਨਾਂ ਲਈ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦਾ ਦਿਸ਼ਾ ਸੂਚਕ ਤਖ਼ਤੀਆਂ ਉੱਪਰ ਲਿਖਿਆ ਹੋਣਾ ਅਤੀ ਜਰੂਰੀ ਹੈ। ਪੰਜਾਬੀ ਨੂੰ ਪੰਜਾਬ ਵਿੱਚ ਬਣਦਾ ਮਾਣ ਦੇਣਾ ਸਿਰਫ ਪੰਜਾਬੀ ਦੇ ਹਿੱਤ ਵਿੱਚ ਹੀ ਨਹੀਂ ਸਗੋਂ ਹਿੰਦੀ ਤੇ ਅੰਗਰੇਜ਼ੀ ਦੇ ਭਲੇ ਵਿੱਚ ਵੀ ਹੈ। ਇੱਕ ਚੌਕੀਦਾਰ ਹੋਣ ਦੇ ਨਾਤੇ ਜਿੱਥੇ ਪੰਜਾਬੀਆਂ ਨੂੰ ਇਹ ਦੱਸਣਾ ਜਰੂਰੀ ਸਮਝਦਾ ਹਾਂ ਕਿਸੇ ਵੀ ਸਰਕਾਰੀ ਜਾਇਦਾਦ ਨਾਲ ਛੇੜਛਾੜ ਕਾਨੂੰਨਨ ਜ਼ੁਰਮ ਹੈ ਤੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਨਾਲੋਂ ਇਸ ਫੈਸਲੇ ਦਾ ਸੰਵਿਧਾਨਿਕ ਤੌਰ 'ਤੇ ਡਟਵਾਂ ਵਿਰੋਧ ਕੀਤਾ ਜਾਣਾ ਬਣਦਾ ਹੈ। ਉੱਥੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਸਿਰ ਬੇਲੋੜਾ ਵਿਵਾਦ ਪਾਉਣ ਤੋਂ ਗੁਰੇਜ਼ ਕਰਕੇ ਪੰਜਾਬੀ ਨੂੰ ਬਣਦਾ ਮਾਣ ਦਿੱਤਾ ਜਾਵੇ ਤਾਂ ਜੋ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਵੀ ਬਰਕਰਾਰ ਰਹੇ। ਮਨਦੀਪ ਖੁਰਮੀ ਹਿੰਮਤਪੁਰਾ