image caption:

ਭਾਰਤ ਦੇ 75 ਹਸਪਤਾਲ ਮੈਡੀਕਲ ਕਾਲਜ ਬਣਨਗੇ

ਨਵੀਂ ਦਿੱਲੀ- ਸਿਹਤ ਦੇ ਖੇਤਰ ਵਿੱਚ ਮਨੁੱਖੀ ਸਾਧਨਾ ਦੀ ਸਹੂਲਤ ਵਧਾਉਣ ਸਬੰਧੀ ਇਕ ਯੋਜਨਾ ਦੇ ਤੀਜੇ ਪੜਾਅ ਵਿੱਚ ਸਿਹਤ ਮੰਤਰਾਲੇ ਨੇ 75 ਜ਼ਿਲਾ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ ਕੇਂਦਰ ਵੱਲੋਂ ਸਪਾਂਸਰ ਉਸ ਯੋਜਨਾ ਦਾ ਹਿੱਸਾ ਹੈ, ਜਿਸ ਹੇਠ ਜ਼ਿਲਾ ਹਸਪਤਾਲਾਂ ਜਾਂ ਰੈਫਰਲ ਹਸਪਤਾਲਾਂ ਦਾ ਵਿਕਾਸ ਕਰਕੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਣੀ ਹੈ। ਇਸ ਯੋਜਨਾ 'ਚ ਦੇਸ਼ ਦੇ ਪੱਛੜੇ ਜ਼ਿਲਿਆਂ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਹੈ।
ਪਤਾ ਲੱਗਾ ਹੈ ਕਿ ਪਹਿਲੇ ਪੜਾਅ ਵਿੱਚ ਸਰਕਾਰ ਨੇ 58 ਜ਼ਿਲਾ ਹਸਪਤਾਲਾਂ ਨੂੰ ਮੈਡੀਕਲ ਕਾਲਜ ਵਿੱਚ ਬਦਲਣ ਦੀ ਮਨਜ਼ੂਰੀ ਦਿੱਤੀ ਸੀ। ਦੂਜੇ ਪੜਾਅ ਵਿੱਚ ਇਹ ਮਨਜ਼ੂਰੀ 24 ਹਸਪਤਾਲਾਂ ਲਈ ਸੀ। ਇਨ੍ਹਾਂ ਵਿੱਚੋਂ 39 ਹਸਪਤਾਲ ਕੰਮ ਸ਼ੁਰੂ ਕਰ ਚੁੱਕੇ ਹਨ। ਬਾਕੀ 'ਚ ਨਿਰਮਾਣ ਕਾਰਜ ਜਾਰੀ ਹੈ। ਇੱਕ ਜਾਣਕਾਰ ਸੂਤਰ ਨੇ ਦੱਸਿਆ ਕਿ ਇਸ ਯੋਜਨਾ ਦੇ ਤੀਜੇ ਪੜਾਅ 'ਚ 75 ਹੋਰ ਜ਼ਿਲਾ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ 'ਚ ਤਬਦੀਲ ਕਰਨ ਦਾ ਪ੍ਰਸਤਾਵ ਮਨਜ਼ੂਰੀ ਲਈ ਖਰਚਾ ਵਿੱਤ ਕਮੇਟੀ ਕੋਲ ਭੇਜਿਆ ਗਿਆ ਹੈ। ਉਸ ਦੀ ਮਨਜ਼ੂਰੀ ਪਿੱਛੋਂ ਇਸ ਨੂੰ ਕੈਬਨਿਟ ਕੋਲ ਭੇਜਿਆ ਜਾਏਗਾ। ਇਸ ਸੂਤਰ ਨੇ ਦੱਸਿਆ ਕਿ ਇਸ ਬਾਰੇ ਵਿੱਚ ਕੈਬਨਿਟ ਦਾ ਇਕ ਨੋਟ ਪਹਿਲੇ ਹੀ ਤਿਆਰ ਕੀਤਾ ਜਾ ਚੁੱਕਾ ਹੈ। ਜ਼ਿਲਾ ਹਸਪਤਾਲਾਂ ਦੇ ਵਿਕਾਸ ਨਾਲ ਨਾ ਕੇਵਲ ਦੇਸ਼ ਵਿੱਚ ਡਾਕਟਰਾਂ ਦੀ ਕਮੀ ਦੂਰ ਕੀਤੀ ਜਾ ਸਕੇਗੀ, ਸਗੋਂ ਦੂਰ-ਦੂਰ ਤੱਕ ਆਮ ਆਦਮੀ ਤੱਕ ਡਾਕਟਰ ਸੇਵਾ ਵੀ ਪਹੁੰਚਾਈ ਜਾ ਸਕੇਗੀ। ਜੇ ਇਸ ਪ੍ਰਸਤਾਵ ਨੂੰ ਅਮਲੀ ਜਾਮਾ ਪਾਇਆ ਜਾਂਦਾ ਹੈ ਤਾਂ ਇਸ ਨਾਲ ਭਾਜਪਾ ਦਾ ਇਕ ਹੋਰ ਚੋਣ ਵਾਅਦਾ ਪੂਰਾ ਹੋਵੇਗਾ ਜੋ ਪਾਰਟੀ ਨੇ ਹਾਲ ਹੀ ਵਿੱਚ ਹੋਈ ਲੋਕ ਸਭਾ ਚੋਣ 'ਚ ਕੀਤਾ ਸੀ।