image caption:

ਕੈਨੇਡਾ ਭੇਜਣ ਦੇ ਨਾਮ ਉਤੇ ਲੁਧਿਆਣਾ ਵਾਸੀ ਦੇ ਖਾਤੇ ਤੋਂ 4.75 ਲੱਖ ਰੁਪਏ ਕੱਢ ਲਏ

ਪੰਚਕੂਲਾ- ਕੈਨੇਡਾ ਭੇਜਣ ਦੇ ਨਾਮ ਉੱਤੇ 4.75 ਲੱਖ ਰੁਪਏ ਦੀ ਧੋਖਾਧੜੀ ਦਾ ਭੇਦ ਖੁੱਲ੍ਹਾ ਹੈ। ਡੀ ਸੀ ਪੀ ਦੇ ਹੁਕਮ ਦੇ ਬਾਅਦ ਸੈਕਟਰ-5 ਥਾਣਾ ਪੁਲਸ ਨੇ ਦੋਸ਼ੀ ਹਰਪ੍ਰੀਤ 'ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਮਰਨਜੀਤ ਸਿੰਘ ਵਾਸੀ ਸ਼ੇਖਪੁਰ ਪਿੰਡ, ਲੁਧਿਆਣਾ ਨੇ ਦੱਸਿਆ ਕਿ ਅੱਠ ਮਈ ਨੂੰ ਦੋਸ਼ੀ ਏਜੰਟ ਹਰਪ੍ਰੀਤ ਨੇ ਸਿਮਰਨਜੀਤ ਸਿੰਘ ਨੂੰ ਸੈਕਟਰ-9 ਪੰਚਕੂਲਾ ਦੇ ਪ੍ਰਾਈਵੇਟ ਰੈਸਟੋਰੈਂਟ ਵਿੱਚ ਸੱਦਿਆ ਸੀ।, ਜਿਥੇ ਦੋਸ਼ੀ ਹਰਪ੍ਰੀਤ ਨੂੰ ਸਿਮਰਨਜੀਤ ਸਿੰਘ ਅਤੇ ਉਸ ਦਾ ਭਰਾ ਬਲਜੋਤ ਸਿੰਘ ਮਿਲਣ ਗਏ। ਉਥੇ ਪਹੁੰਚਣ 'ਤੇ ਦੋਸ਼ੀ ਏਜੰਟ ਹਰਪ੍ਰੀਤ ਨੇ ਉਸ ਤੋਂ ਆਨਲਾਈਨ ਇਕ ਐਡਵੋਕੇਟ ਨੂੰ ਇਕ ਹਜ਼ਾਰ ਰੁਪਏ ਟਰਾਂਸਫਰ ਕਰਵਾਏ। ਇਸ ਦੇ ਬਾਅਦ ਏਜੰਟ ਨੇ ਉਸ ਦੇ ਭਰਾ ਬਲਜੋਤ ਸਿੰਘ ਨੂੰ 500 ਰੁਪਏ ਦਿੱਤੇ ਤੇ ਹਾਈ ਕੋਰਟ ਤੋਂ ਸਟਾਂਪ ਪੇਪਰ ਲਿਆਉਣ ਲਈ ਕਿਹਾ। ਜਦੋਂ ਉਸ ਦਾ ਭਰਾ ਹਾਈ ਕੋਰਟ ਚਲਾ ਗਿਆ ਤਾਂ ਏਜੰਟ ਨੇ ਸਿਮਰਨਜੀਤ ਸਿੰਘ ਤੋਂ ਏ ਟੀ ਐਮ ਕਾਰਡ ਮੰਗਿਆ ਅਤੇ ਮਿੰਨੀ ਸਟੇਟਮੈਂਟ ਕੱਢਣ ਦੇ ਬਹਾਨੇ ਨਾਲ ਏ ਟੀ ਐਮ ਕਾਰਡ ਦਾ ਪਿੰਨ ਨੰਬਰ ਪਤਾ ਕਰ ਲਿਆ ਤੇ ਕਿਹਾ ਕਿ ਕੈਨੇਡਾ ਭੇਜਣ ਦੀ ਫਾਈਲ ਵਿੱਚ ਇਸ ਨੂੰ ਲਾਉਣਾ ਹੈ। ਦੋਸ਼ੀ ਨੇ ਆਪਣੇ ਸਾਥੀ ਨੂੰ ਏ ਟੀ ਐਮ ਤੋਂ ਮਿੰਨੀ ਸਟੇਟਮੈਂਟ ਕੱਢਣ ਲਈ ਭੇਜ ਦਿੱਤਾ। ਇਸ ਦੇ ਬਾਅਦ ਦੋਸ਼ੀ ਨੇ ਉਸ ਦੇ ਖਾਤੇ ਤੋਂ ਇਕ ਲੱਖ 20 ਹਜ਼ਾਰ ਰੁਪਏ ਕੈਸ਼ ਕਢਵਾਏ ਅਤੇ 3.55 ਲੱਖ ਰੁਪਏ ਅਕਾਊਂਟ ਤੋਂ ਆਨਲਾਈਨ ਟਰਾਂਸਫਰ ਕਰਵਾ ਲਏ। ਉਧਰ ਰੈਸਟੋਰੈਂਟ ਵਿੱਚ ਮੌਜੂਦ ਦੋਸ਼ੀ ਹਰਪ੍ਰੀਤ ਕਿਸੇ ਬਹਾਨੇ ਬਾਹਰ ਆ ਗਿਆ ਅਤੇ ਉਸ ਦਾ ਫੋਨ ਵੀ ਆਪਣੇ ਨਾਲ ਲੈ ਗਿਆ।