image caption:

ਗੂਗਲ ਨੇ ਪਿਛਲੇ ਸਾਲ ਨਿਊਜ਼ ਤੋਂ ਕਮਾਏ 4.7 ਅਰਬ ਡਾਲਰ

ਵਾਸ਼ਿੰਗਟਨ- ਵੱਡੀ ਤਕਨੀਕੀ ਕੰਪਨੀ ਗੂਗਲ ਨੇ 2018 ਵਿੱਚ ਸਿਰਫ਼ ਨਿਊਜ਼ ਤੋਂ 4.7 ਅਰਬ ਡਾਲਰ ਦੀ ਕਮਾਈ ਕੀਤੀ ਹੈ। ਪਿਛਲੇ ਸਾਲ ਡਿਜੀਟਲ ਮਾਰਕੀਟਿੰਗ ਨਾਲ ਅਮਰੀਕਾ ਦੀ ਪੂਰੀ ਨਿਊਜ਼ ਇੰਡਸਟਰੀ ਨੇ 5.1 ਅਰਬ ਡਾਲਰ ਕਮਾਏ ਸਨ। ਗੂਗਲ ਨੇ ਇਕੱਲੇ ਲਗਪਗ ਇਸਦੇ ਬਰਾਬਰ ਕਮਾਈ ਕੀਤੀ।
ਅਮਰੀਕਾ ਦੇ ਦੋ ਹਜ਼ਾਰ ਅਖ਼ਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਨਿਊਜ਼ ਮੀਡੀਆ ਐਲਾਇੰਸ (ਐੱਨ ਐੱਮ ਏ) ਦੀ ਰਿਪੋਰਟ ਮੁਤਾਬਕ ਗੂਗਲ ਨੇ ਸਰਚ ਤੇ ਗੂਗਲ ਨਿਊਜ਼ ਨਾਲ ਇਹ ਕਮਾਈ ਕੀਤੀ ਹੈ। ਇਸ ਵਿੱਚ ਉਸ ਆਮਦਨ ਨੂੰ ਨਹੀਂ ਜੋੜਿਆ ਗਿਆ, ਜੋ ਕਿਸੇ ਯੂਜ਼ਰ ਵੱਲੋਂ ਨਿਊਜ਼ ਨੂੰ ਕਲਿਕ ਕਰਨ ਜਾਂ ਉਸ ਨੂੰ ਲਾਈਕ ਕਰਨ ਨਾਲ ਗੂਗਲ ਨੂੰ ਹੁੰਦੀ ਹੈ। ਐੱਨ ਐੱਮ ਏ ਨੇ ਆਪਣੀ ਇਹ ਰਿਪੋਰਟ ਟੈੱਕ ਕੰਪਨੀਆਂ ਅਤੇ ਮੀਡੀਆ ਦੇ ਰਿਸ਼ਤੇ ਬਾਰੇ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਕਮੇਟੀ ਵਿੱਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਜਾਰੀ ਕੀਤੀ ਹੈ। ਐਲਾਇੰਸ ਦੇ ਚੇਅਰਮੈਨ ਅਤੇ ਸੀ ਈ ਓ ਡੇਵਿਡ ਚਾਵਰਨ ਨੇ ਕਿਹਾ ਕਿ ਇਸ ਰਿਪੋਰਟ ਬਾਰੇ ਜੇ ਕੋਈ ਵੀ ਚਰਚਾ ਕੀਤੀ ਜਾਂਦੀ ਹੈ ਕਿ ਉਸ ਨਾਲ ਜਰਨਲਿਜ਼ਮ ਕੰਪੀਟੀਸ਼ਨ ਐਂਡ ਪ੍ਰਿਜ਼ਰਵੇਸ਼ਨ ਐਕਟ ਲਾਗੂ ਕਰਨ ਵਿੱਚ ਮਦਦ ਮਿਲੇਗੀ। ਇਸ ਕਾਨੂੰਨ ਵਿੱਚ ਖ਼ਬਰਾਂ ਤੋਂ ਹੁੰਦੀ ਕਮਾਈ ਨੂੰ ਪ੍ਰਕਾਸ਼ਕ ਤੇ ਆਨਲਾਈਨ ਪਲੇਟਫਾਰਮ ਵਿੱਚ ਵੰਡਣ ਦੀ ਵਿਵਸਥਾ ਹੈ।
ਐੱਨ ਐੱਮ ਏ ਦੇ ਸੀ ਈ ਓ ਡੇਵਿਡ ਚਾਵਰਨ ਨੇ ਕਿਹਾ ਕਿ ਮਿਹਨਤ ਪੱਤਰਕਾਰਾਂ ਦੀ ਸੀ, ਪਰ ਕਮਾਈ ਗੂਗਲ ਕੋਲ ਗਈ ਹੈ, ਇਹ ਸਹੀ ਨਹੀਂ ਹੈ। ਗੂਗਲ ਨੂੰ ਇਸ ਦੀ ਭਰਪਾਈ ਕਰਨੀ ਚਾਹੀਦੀ ਹੈ ਤੇ ਉਸ ਨੂੰ ਆਪਣੀ ਕਮਾਈ ਵਿੱਚ ਪੱਤਰਕਾਰਾਂ ਨੂੰ ਵੀ ਹਿੱਸਾ ਦੇਣਾ ਚਾਹੀਦਾ ਹੈ। ਫਿਲਾਡੇਲਫੀਆ ਦੇ ਮੀਡੀਆ ਨੈਟਵਰਕ ਨਾਲ ਜੁੜੇ ਟੇਰੈਂਸ ਸੀ ਜੇ ਇਗਰ ਨੇ ਕਿਹਾ, ਪ੍ਰਕਾਸ਼ਕ ਗੂਗਲ ਲਈ ਕੰਟੈਂਟ ਹਾਸਲ ਕਰਾਉਂਦੇ ਹਨ ਤਾਂ ਬਦਲੇ ਵਿਚ ਉਸ ਨੂੰ ਵੀ ਪ੍ਰਕਾਸ਼ਕਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਨਿਊਜ਼ ਗੂਗਲ ਦੀ ਆਮਦਨ ਦਾ ਮੁੱਖ ਵਸੀਲਾ ਹਨ। ਗੂਗਲ ਉੱਤੇ 40 ਫ਼ੀਸਦੀ ਕਲਿੱਕ ਕਿਸੇ ਨਿਊਜ਼ ਨਾਲ ਸਬੰਧਤ ਹੁੰਦੇ ਹਨ, ਪਰ ਗੂਗਲ ਉਸ ਨਿਊਜ਼ ਨੂੰ ਲਿਖਣ ਵਾਲੇ ਵਿਅਕਤੀ ਜਾਂ ਉਸ ਸੰਸਥਾ ਨੂੰ ਇਸ ਦੀ ਪੈਸੇ ਨਹੀਂ ਦੇਂਦਾ। ਉਹ ਯੂਜ਼ਰ ਤੇ ਪ੍ਰਕਾਸ਼ਕ ਦੇ ਵਿਚੋਲੇ ਦਾ ਕੰਮ ਕਰਦਾ ਹੈ। ਇਸ ਲਈ ਆਨਲਾਈਨ ਇਸ਼ਤਿਹਾਰ ਤੋਂ ਹੋਣ ਵਾਲੀ ਕਮਾਈ ਦਾ ਜ਼ਿਆਦਾ ਹਿੱਸਾ ਉਸੇ ਕੋਲ ਜਾਂਦਾ ਹੈ। ਇਸੇ ਕਾਰਨ ਪਿਛਲੇ ਦੋ ਦਹਾਕਿਆਂ ਵਿੱਚ ਨਿਊਜ਼ ਪ੍ਰਕਾਸ਼ਕਾਂ ਦੀ ਆਮਦਨ ਦਾ ਮੁੱਖ ਵਸੀਲਾ ਲਗਪਗ ਖ਼ਤਮ ਹੋ ਗਿਆ ਹੈ। ਉਨ੍ਹਾਂ ਵਿੱਚੋਂ ਕਈ ਬੰਦ ਹੋਣ ਦੇ ਕੰਢੇ ਆ ਗਏ ਹਨ।