image caption:

ਪੈਟਰੋਲ ਪੰਪ ਦੇ ਪਾਰਟਨਰ ਦੀ ਪਤਨੀ ਉੱਤੇ ਜਾਨਲੇਵਾ ਹਮਲਾ

ਜਲੰਧਰ- ਥਾਣਾ ਡਵੀਜ਼ਨ ਨੰਬਰ ਦੋ ਦੇ ਸਾਹਮਣੇ ਕਾਂਸੀ ਰਾਮ ਪੈਟਰੋਲ ਪੰਪ ਦੇ ਹਿੱਸੇਦਾਰ ਪ੍ਰਦੀਪ ਕੁਮਾਰ ਕਾਠਪਾਲ ਦੀ ਪਤਨੀ ਕੋਮਲ ਕਾਠਪਾਲ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਕੋਮਲ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਰੇ ਕੱਪੜੇ ਪਾੜ ਦਿੱਤੇ। ਹਸਪਤਾਲ ਵਿੱਚ ਦਾਖਲ ਕੋਮਲ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਆਪਣੇ ਪਤੀ ਦੇ ਖਿਲਾਫ ਦਰਜ ਕਰਵਾਏ ਮਾਮਲੇ ਅਤੇ ਸ਼ਿਕਾਇਤਾਂ ਰੱਦ ਕਰਾਉਣ ਨੂੰ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਮਾਰ ਦੇਣ ਦੀ ਧਮਕੀ ਦਿੱਤੀ।

ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਸ ਨੂੰ ਕੋਮਲ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਵੀਹ ਸਾਲ ਪਹਿਲਾਂ ਪ੍ਰਦੀਪ ਕੁਮਾਰ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਹੋਰਨਾਂ ਔਰਤਾਂ ਨਾਲ ਨਾਜਾਇਜ਼ ਸੰਬੰਧ ਹਨ ਤੇ ਉਹ ਵਿਰੋਧ ਕਰਦੀ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕੁਝ ਦਿਨ ਪਹਿਲਾਂ ਉਸ ਦੇ ਪਤੀ ਨੇ ਅਦਾਲਤ ਵਿੱਚ ਉਸ ਦੇ ਖਿਲਾਫ ਤਲਾਕ ਦਾ ਕੇਸ ਕੀਤਾ ਤੇ ਉਸ ਨੇ ਵੀ ਥਾਣੇ ਵਿੱਚ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ, ਪਰ ਇਸ ਦੌਰਾਨ ਉਹ ਆਪਣੇ ਸਹੁਰੇ ਘਰ ਵਿੱਚ ਰਹਿ ਰਹੀ ਸੀ। ਕੱਲਹ ਉਹ ਕਿਸੇ ਕੰਮ ਦੁਪਹਿਰ ਦੇ ਸਮੇਂ ਘਰ ਤੋਂ ਨਿਕਲੀ ਤਾਂ ਦੋ ਨੌਜਵਾਨ ਬਾਈਕ 'ਤੇ ਆਏ ਅਤੇ ਉਸ ਨੂੰ ਜਬਰੀ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਹ ਵਿਰੋਧ ਕਰਨ ਲੱਗੀ ਅਤੇ ਰੌਲਾ ਪਾਉਣ ਲੱਗੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰ ਕਹਿੰਦੇ ਸਨ ਕਿ ਜੇ ਪਤੀ ਦੇ ਖਿਲਾਫ ਸ਼ਿਕਾਇਤ ਵਾਪਸ ਨਾ ਲਈ ਤਾਂ ਜਾਨ ਤੋਂ ਮਾਰ ਦੇਣਗੇ। ਲੋਕਾਂ ਦੇ ਇਕੱਠਾ ਹੋਣ 'ਤੇ ਹਮਲਾਵਰ ਭੱਜ ਗਏ। ਇਸ ਬਾਰੇ ਕਾਂਸ਼ੀ ਰਾਮ ਪੈਟਰੋਲ ਪੰਪ ਦੇ ਹਿੱਸੇਦਾਰ ਅਤੇ ਐੱਸ ਵੀ ਫੋਮ ਫੈਕਟਰੀ ਦੇ ਮਾਲਕ ਪ੍ਰਦੀਪ ਕਾਠਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਝੂਠੇ ਦੋਸ਼ ਲਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਤਨੀ ਦੇ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਪੁਲਸ ਜਾਂਚ ਕਰੇ ਤਾਂ ਸੱਚ ਸਾਹਮਣੇ ਆ ਜਾਏਗਾ।