image caption:

ਲੀਡਰਾਂ ਦੇ ਗੁੱਸੇ-ਗਿਲੇ ਦੂਰ ਕਰਨ ਲਈ ਕੈਪਟਨ ਦਾ ਨਵਾਂ ਦਾਅ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ 'ਮਿਸ਼ਨ 13' ਵਿੱਚ ਨਾਕਾਮ ਰਹੀ ਕਾਂਗਰਸ ਹੁਣ ਆਪਣੇ ਪਾਰਟੀ ਲੀਡਰਾਂ ਤੇ ਵਰਕਰਾਂ ਦੀ ਮਾਯੂਸੀ ਦੂਰ ਕਰਨ ਵਿੱਚ ਜੁਟ ਗਈ ਹੈ। ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਚੇਅਰਮੈਨ ਬਣਾਉਣ ਬਾਅਦ ਹੁਣ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਨਿਯੁਕਤ ਕਰਨ ਦੀ ਤਿਆਰੀ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਦੀਆਂ 160 ਦੇ ਕਰੀਬ ਮਾਰਕਿਟ ਕਮੇਟੀਆਂ ਦਾ ਵੀ ਗਠਨ ਕਰੇਗੀ। ਮਾਰਕਿਟ ਕਮੇਟੀਆਂ ਦੀ ਤਿਆਰੀ ਸ਼ੁਰੂ ਹੁੰਦਿਆਂ ਹੀ ਮਾਯੂਸ ਦਿਖਾਈ ਦੇ ਰਹੇ ਪਾਰਟੀ ਲੀਡਰ ਸਰਗਰਮ ਨਜ਼ਰ ਆ ਰਹੇ ਹਨ।
ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਕਮੇਟੀਆਂ ਵਿੱਚ ਰਾਖਵਾਂਕਰਨ ਕਰਕੇ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਾਉਣ ਦੀ ਤਿਆਰੀ ਕਰ ਲਈ ਹੈ। 15 ਜੁਲਾਈ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਏਗਾ। ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਖਾਲੀ ਪਈਆਂ ਮਾਰਕਿਟ ਕਮੇਟੀਆਂ ਵਿੱਚ ਵੀ ਵਰਕਰਾਂ ਨੂੰ ਐਡਜਸਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਖ਼ਾਸ ਗੱਲ ਇਹ ਹੈ ਕਿ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰਾਂ ਵਿੱਚ ਸਰਕਾਰ ਨੇ ਸਭ ਤੋਂ ਜ਼ਿਆਦਾ ਤਰਜੀਹ ਵਿਧਾਇਕਾਂ ਨੂੰ ਦਿੱਤੀ ਹੈ ਤਾਂ ਕਿ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਸਰਕਾਰ ਇਸੇ ਹਫ਼ਤੇ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਲਾਉਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਵਿੱਚ ਪਹਿਲਾਂ ਉਨ੍ਹਾਂ ਲੀਡਰਾਂ ਨੂੰ ਐਡਜਸਟ ਕੀਤਾ ਜਾਏਗਾ, ਜਿਨ੍ਹਾਂ 'ਤੇ ਰਾਹੁਲ ਗਾਂਧੀ ਨੇ ਆਪਣੇ ਮਨਜ਼ੂਰੀ ਦਿੱਤੀ ਹੈ। ਰਾਹੁਲ ਗਾਂਧੀ ਨੇ 16 ਨਾਂ ਸੁਝਾਏ ਸੀ ਪਰ ਸਰਕਾਰ ਨੇ ਚੋਣਾਂ ਕਰਕੇ ਲਿਸਟ ਟਾਲ ਦਿੱਤੀ ਸੀ। ਮਾਰਕਿਟ ਕਮੇਟੀਆਂ ਬਾਰੇ 16 ਜੁਲਾਈ ਦੇ ਬਾਅਦ ਫੈਸਲਾ ਲਿਆ ਜਾਏਗਾ।